-moz-user-select:none; -webkit-user-select:none; -khtml-user-select:none; -ms-user-select:none; user-select:none;

Sunday, November 27, 2011

ਪੁੜਾਂ ਵਿੱਚ ਪਿਸਦੇ ਲੋਕ


             
 ਮਲਕੀਤ ਦਰਦੀ

ਹਾਮੀ ਤਾਂ ਧਰਮੇ ਨੇ ਜੱਥੇਦਾਰ ਨੂੰ ਵੋਟ ਪਾਉਣ ਦੀ ਭਰ ਦਿੱਤੀ, ਪਰ ਉਸਨੇ ਆਪਣੇ ਮੁੰਡਿਆਂ ਦੀ ਸਰਦਾਰ ਦਰਸ਼ਨ ਸਿੰਘ ਨੂੰ ਪੱਕੀ ਕੀਤੀ ਗੱਲ ਢਿੱਡ ਵਿਚ ਹੀ ਰੱਖ ਲਈ।
ਪਿੰਡ ਵਿਚ ਭਾਵੇਂ ਪਹਿਲਾਂ ਤੋਂ ਹੀ ਸੱਤ ਗੁਰਦੁਆਰੇ ਸਨ। ਮੰਦਰ ਵੀ, ਡੇਰਾ ਵੀ ਅਤੇ ਪੀਰਖਾਨਾ ਵੀ। ਪਰ ਜਦੋਂ ਬਾਲਮੀਕੀਆਂ ਦੇ ਇਕ ਧੜੇ ਨੇ ਮੰਦਰ ਦੀ ਉਸਾਰੀ ਕਰ ਲਈ ਤਾਂ ਕੇਹਰ ਸਿੰਘ ਜੱਥੇਦਾਰ ਨੇ ਧਰਮੇ ਨੂੰ ਆਪਣੇ ਕੋੜਮੇ ਨਾਲ ਸਲਾਹ ਕਰਕੇ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਗੁਰਦੁਆਰਾ ਬਣਾਉਣ ਲਈ ਤੋਰ ਲਿਆ। ਪਿੰਡ ਦੀ ਸ਼ਾਮਲਾਤ ਵੀ ਪੰਚਾਇਤ ਦੀ ਤਰਫੋਂ ਦਿਵਾ ਦਿੱਤੀ। ਪਿੰਡ ਵਿੱਚੋਂ ਉਗਰਾਹੀ ਕਰਕੇ ਗੁਰਦੁਆਰੇ ਦੀ ਉਸਾਰੀ ਹੋ ਗਈ। ਬਾਲਮੀਕੀਏ ਦੋ ਧੜਿਆਂ ਵਿਚ ਵੰਡੇ ਗਏ।
ਅਗਲੇ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਆ ਗਈਆ। ਜੱਥੇਦਾਰ ਆਪਣੇ ਲਾਮ ਲਸ਼ਕਰ ਸਮੇਤ ਧਰਮੇ ਦੇ ਘਰ ਆ ਧਮਕਿਆ।
ਦੇਖ ਲੈ ਧਰਮ ਸਿੰਹਾਂ, ਅਸੀਂ ਤੇਰੀ ਅੜੀ ਪੁਗਾ ਦਿੱਤੀ…ਤੂੰ ਵੀ ਹੁਣ ਸਾਡੇ ਕੀਤੇ ਦਾ ਮੁੱਲ ਪਾ ਕੇ ਦਿਖਾਵੀਂ।
ਦੇਖੋ ਜੀ, ਮੈਂ ਆਪਣੀ ਵੋਟ ਦੀ ਸਹੁੰ ਖਾ ਲੈਨਾਂ, ਪਰ…ਅਸਲੀ ਗੱਲ ਉਸ ਦੇ ਸੰਘ ਵਿਚ ਹੀ ਅਟਕ ਗਈ।
ਪਰ ਪੁਰ ਕੀ…?ਜੱਥੇਦਾਰ ਨੇ ਆਪਣੀ ਨੀਲੀ ਪੱਗ ਦਾ ਪੇਚ ਠੀਕ ਕਰਦਿਆਂ ਅੱਖਾਂ ਦੇ ਕੋਏ ਚੜ੍ਹਾਉਂਦਿਆਂ ਪੁੱਛਿਆ।
ਮੇਰੇ ਮੁੰਡੇ ਤਾਂ ਸਰਦਾਰ ਦਰਸ਼ਨ ਸਿੰਘ ਕਾਂਗਰਸੀਏ ਵੱਲ ਹੀ ਭੁਗਤਣਗੇ…ਕਿਉਂਕਿ ਉਹ ਉਨ੍ਹਾਂ ਦਾ ਸੀਰ ਕਮਾਉਂਦੇ ਨੇ।ਧਰਮੇ ਦੇ ਮੂੰਹੋਂ ਸੱਚੀ ਗੱਲ ਨਿਕਲ ਗਈ।
                                           -0-

No comments: