ਪ੍ਰੀਤ ਨੀਤਪੁਰ
ਜਿਉਂ ਹੀ ਮੈਂ ਪੱਕੀ ਸੜਕ ਤੋਂ ਉਤਰ ਕੇ ਸਾਈਕਲ ਕੱਚੇ ਰਾਹ ਪਾਇਆ ਤਾਂ ਥੋੜ੍ਹੀ ਜਿਹੀ ਦੂਰੀ ਉੱਤੇ ਅੱਗੇ ਵੇਖਿਆ, ਬਾਰਾ-ਤੇਰਾਂ ਸਾਲ ਦਾ ਇਕ ਮੁੰਡਾ ਸਾਈਕਲ ਦੀ ਚੈਨ ਚੜ੍ਹਾਉਣ ਵਿਚ ਉਲਝਿਆ ਪਿਆ ਸੀ।
ਉਹਦੇ ਬਰਾਬਰ ਜਾ ਕੇ ਮੈਂ ਬਰੇਕ ਮਾਰੀ ਤੇ ਪੁੱਛਿਆ, “ਚੜ੍ਹਾ ਲੇਂਗਾ ਕਿ ਮੈਂ ਚੜ੍ਹਾਵਾਂ?” ਮੈਂ ਉਹਦੀ ਮਦਦ ਕਰਨ ਦੇ ਇਰਾਦੇ ਨਾਲ ਕਿਹਾ।
“ਚੜ੍ਹਦੀ ਨੀਂ…।” ਮੁੰਡਾ ਜਮਾਂ ਮੁੜ੍ਹਕੋ-ਮੁੜ੍ਹਕੀ ਹੋਇਆ, ਉਦਾਸ ਸੁਰ ਵਿਚ ਬੋਲਿਆ।
ਮੈਂ ਆਪਣਾ ਸਾਈਕਲ ਸਟੈਂਡ ਉੱਤੇ ਕੀਤਾ ਤੇ ਇਕ-ਅੱਧੇ ਮਿੰਟ ਵਿਚ ਉਹਦੇ ਸਾਈਕਲ ਦੀ ਚੈਨ ਚੜ੍ਹਾ ਦਿੱਤੀ।
ਮੁੰਡੇ ਦੀਆਂ ਅੱਖਾਂ ਵਿਚ ਖੁਸ਼ੀ ਦੀ ਬਿਜਲੀ ਚਮਕੀ।
“ਕਿੱਥੇ ਚੱਲਿਐਂ…?” ਮੈਂ ਸੁਭਾਵਿਕ ਹੀ ਪੁੱਛਿਆ।
“ਖੇਤ ਬਾਪੂ ਹਲ ਵਾਹੁੰਦੈ, ਉਹਦੀ ਰੋਟੀ ਲੈ ਕੇ ਚੱਲਿਆਂ।”
“ਰੋਟੀ…!!” ਮੁੰਡੇ ਕੋਲ ਨਾ ਤਾਂ ਕੋਈ ਲੱਸੀ-ਪਾਣੀ ਵਾਲਾ ਡੋਲੂ ਸੀ, ਨਾ ਰੋਟੀਆਂ ਵਾਲਾ ਪੋਣਾ ਜਾਂ ਟਿਫ਼ਨ ਵਗੈਰਾ ਸੀ। ਫਿਰ ਰੋਟੀ ਕਿੱਥੇ ਹੋਈ?
ਮੈਂ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, “ਰੋਟੀ ਕਿੱਥੇ ਆ?”
ਮੁੰਡੇ ਨੇ ਅੱਧੋ-ਰਾਣੀ, ਮੈਲ-ਖੋਰੀ ਪੈਂਟ ਦੀ ਸੱਜੀ ਜੇਬ ਉੱਤੇ ਹੱਥ ਮਾਰਦਿਆਂ ਕਿਹਾ, “ਆਹ ਵੇ ਮੇਰੀ ਜੇਬ ’ਚ…।”
ਮੈਂ ਗਹੁ ਨਾਲ ਵੇਖਿਆ, ਪੈਂਟ ਦੀ ਜੇਬ ਥੋੜ੍ਹੀ ਜਿਹੀ ਉਤਾਂਹ ਨੂੰ ਉੱਭਰੀ ਹੋਈ ਸੀ।
ਮੁੰਡੇ ਨੇ ਸਾਈਕਲ ਦੇ ਪੈਡਲ ਉੱਤੇ ਪੈਰ ਰੱਖਿਆ। ਮੁੰਡਾ ਪੈਰੋਂ ਨੰਗਾ ਸੀ।
ਮੈਂ ਸਾਈਕਲ ਉੱਤੇ ਜਾਂਦੇ ਮੁੰਡੇ ਵੱਲ ਵੇਖ ਰਿਹਾ ਸਾਂ। ਉਹਦੀ ਪੈਂਟ ਦੀ ਜੇਬ ਵਿੱਚੋਂ ਰੋਟੀ ਨੂੰ ਲਪੇਟਿਆ ਕਾਗਜ਼ ਬਾਹਰ ਨੂੰ ਪ੍ਰਤੱਖ ਝਾਕ ਰਿਹਾ ਸੀ।
ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ, “ਅੰਨ-ਦਾਤਾ!…ਤੇ ਰੋਟੀ…!”
-0-
No comments:
Post a Comment