-moz-user-select:none; -webkit-user-select:none; -khtml-user-select:none; -ms-user-select:none; user-select:none;

Monday, December 19, 2011

ਡਿੱਗਦੇ ਮੀਨਾਰ


ਜਸਬੀਰ ਢੰਡ

ਉਹ, ਮਾਪਿਆਂ ਦਾ ਇਕਲੌਤਾ ਪੁੱਤਰ, ਸ਼ਕਲ ਸੂਰਤ ਪੱਖੋਂ ਭਾਵੇਂ ਸਧਾਰਨ ਸੀ, ਪਰ ਪੜ੍ਹਾਈ ਵਿਚ ਹੁਸ਼ਿਆਰ ਸੀ। ਪਿਓ ਨੇ ਹੱਲਾ-ਸ਼ੇਰੀ ਦਿੱਤੀ, ਪੁੱਤਰਾ! ਜਿੰਨਾ ਮਰਜ਼ੀ ਪੜ੍ਹ…ਮੈਂ ਔਖਾ ਹੋਵਾਂ, ਚਾਹੇ ਸੌਖਾ। ਖਰਚੇ ਵੰਨੀਓਂ ਨਾ ਫ਼ਿਕਰ ਕਰੀਂ…।
ਯੂਨੀਵਰਸਿਟੀ ਵਿਚ ਡਬਲ ਐਮ.ਏ ਕਰਨ ਤੋਂ ਬਾਦ ਉਸ ਪੀ.ਐਚ.ਡੀ ਕਰਨ ਦੀ ਤਿਆਰੀ ਕਰ ਲਈ। ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਸੀ, ਪਰ ਹੁਣ ਗਾਈਡ ਦੀ ਸਮੱਸਿਆ ਆਣ ਖੜੀ ਸੀ। ਜਿਸ ਕਿਸੇ ਕੋਲ ਵੀ ਜਾਂਦਾ, ਉਹੀ ਸਿਰ ਮਾਰ ਦਿੰਦਾ। ਕਿਸੇ ਕੋਲ ਸਮਾਂ ਨਹੀਂ ਸੀ, ਸਭ ਰੁੱਝੇ ਹੋਏ ਸਨ। ਇਕ ਵਿਦਵਾਨ ਦੀ ਵਿਦਵੱਤਾ ਦਾ ਉਹ ਕਾਇਲ ਸੀ। ਉਸਦਾ ਜੀਅ ਕਰਦਾ ਸੀ ਕਿ ਉਹ ਉਸਦਾ ਗਾਈਡ ਬਣੇ। ਅਥਾਹ ਸ਼ਰਧਾ ਸੀ ਉਸ ਵਿਦਵਾਨ ਪ੍ਰਤੀ ਉਸਦੇ ਮਨ ਵਿਚ।
ਆਪਣੇ ਸਾਰੇ ਅਸਰ-ਰਸੂਖ ਵਾਲੇ ਮਿੱਤਰਾਂ ਕੋਲ ਆਪਣੀ ਸਮੱਸਿਆ ਦੱਸੀ ਤਾਂ ਇਕ ਮਿੱਤਰ ਨੇ ਹਾਮੀ ਭਰੀ ਕਿ ਉਹ ਉਸ ਵਿਦਵਾਨ ਨੂੰ ਮਿਲਾ ਦੇਵੇਗਾ।
ਪਰ ਬੰਦਾ ਰੰਗੀਲੈ…ਖਾਣ-ਪੀਣ ਦਾ ਸ਼ੁਕੀਨ…ਖਰਚਾ ਖੁੱਲ੍ਹਾ ਕਰਨਾ ਪਊ।
ਮਿੱਤਰ ਨੇ ਪਹਿਲਾਂ ਹੀ ਸਾਵਧਾਨ ਕੀਤਾ ਤਾਂ ਉਸ ਘਰੋਂ ਹੋਰ ਪੈਸੇ ਮੰਗਵਾ ਲਏ।
ਇਕ ਸ਼ਾਮ ਵਧੀਆ ਹੋਟਲ ਵਿਚ ਵਿਦਵਾਨ ਦੀ ਖੂਬ ਸੇਵਾ ਕੀਤੀ। ਖਾਂਦਿਆਂ-ਪੀਂਦਿਆਂ ਉਹ ਬੇਤਕੱਲਫ਼ ਹੁੰਦਾ ਗਿਆ।
ਦੂਸਰੀ ਮੁਲਾਕਾਤ ਵਿਚ ਕਹਿਣ ਲੱਗਾ, ਤੇਰੀਆਂ ਕੋਈ ਕੁੜੀਆਂ ਵਾਕਫ਼ ਹੋਣਗੀਆਂ, ਉਹਨਾਂ ਨਾਲ ਨਹੀਂ ਮਿਲਾਏਂਗਾ?
ਤੇ ਉਸ ਆਪਣੀਆਂ ਮਿੱਤਰ ਕੁੜੀਆਂ ਨਾਲ ਵਿਦਵਾਨ ਨੂੰ ਮਿਲਾਇਆ ਤਾਂ ਕੁੜੀਆਂ ਉਸ ਤੋਂ ਆਪਣੇ ਥੀਸਸਾਂ ਬਾਰੇ ਹੀ ਸੁਆਲ ਪੁੱਛਦੀਆਂ ਰਹੀਆਂ।
ਇੰਜ ਤਾਂ ਕੋਈ ਗੱਲ ਨਹੀਂ ਬਣੀ। ਤੂੰ ਆਪਣੀ ਕਿਸੇ ਖਾਸ ਮਿੱਤਰ ਕੁੜੀ ਨਾਲ ਗੱਲ ਕਰਾ…ਸਿੱਧੀ।ਦਾਰੂ ਦੀ ਲੋਰ ਵਿਚ ਜਦੋਂ ਵਿਦਵਾਨ ਨੇ ਆਪਣੇ ਇਰਾਦੇ ਸਪੱਸ਼ਟ ਕੀਤੇ ਤਾਂ ਉਹ ਖਿਝ ਗਿਆ।
ਮੁਆਫ਼ ਕਰਨਾ! ਇਹ ਮੇਰੇ ਵੱਸ ਦੀ ਗੱਲ ਨਹੀਂ ਹੈ…।ਜਦੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਦਵਾਨ ਆਪਣੀ ਖੇਡ ਦੇ ਸਾਰੇ ਪੱਤੇ ਨੰਗੇ ਕਰਦਿਆਂ ਬੋਲਿਆ।
ਤੂੰ ਪੀ.ਐਚ.ਡੀ. ਨਹੀਂ ਕਰ ਸਕਦਾ। ਨਾ ਤਾਂ ਤੂੰ ਕੁੜੀ ਐਂ…ਛੇਕੜ ਮੁੰਡਾ ਈ ਸੁਹਣਾ ਹੁੰਦਾ…।
ਮੈਂ ਤੁਹਾਡੇ ਵਰਗੇ ਗਾਈਡ ਕੋਲੋਂ ਪੀ.ਐਚ.ਡੀ ਕਰਨ ਨਾਲੋਂ ਐਵੇਂ ਹੀ ਚੰਗਾ। ਤੁਸੀਂ ਜਾ ਸਕਦੇ ਹੋ…।
ਉਸਨੇ ਲੜਖੜਾ ਰਹੇ ਵਿਦਵਾਨ ਦੇ ਕਮਰਿਓਂ ਬਾਹਰ ਹੁੰਦਿਆਂ ਹੀ ਠਾਹਕਰਕੇ ਦਰਵਾਜ਼ਾ ਬੰਦ ਕਰ ਦਿੱਤਾ।
ਤੇ ਸੇਜਲ ਅੱਖਾਂ ਨਾਲ ਉਹ ਵਾਪਸ ਘਰ ਜਾਣ ਲਈ ਕਮਰੇ ਵਿੱਚੋਂ ਆਪਣਾ ਸਮਾਨ ਇਕੱਠਾ ਕਰਨ ਲੱਗ ਪਿਆ।
                          -0-
   

No comments: