ਸੇਵਾ ਸਿੰਘ ਕੋਹਲੀ
ਇਸ ਵਾਰ ਜਦੋਂ ਮੈਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਦਾ ਜੱਥਾ ਬਣਾਇਆ ਤਾਂ ਪ੍ਰੀਤਮ
ਸਿੰਘ ਮੇਰੇ ਨਾਲ ਸੀ। ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਪਾਕਿਸਤਾਨ ਵਿਚਲੇ ਹੋਰ ਗੁਰਧਾਮਾਂ ਦੀ
ਯਾਤਰਾ ਕਰਕੇ ਜਦੋਂ ਅਸੀਂ ਲਾਹੌਰ ਪੁੱਜੇ ਤਾਂ ਪ੍ਰੀਤਮ ਸਿੰਘ ਨੇ ਮੈਨੂੰ ਇਕ ਪਾਸੇ ਬੁਲਾ ਕੇ ਕਿਹਾ—“ਕੋਹਲੀ ਸਾਹਿਬ, ਮੇਰੀ ਯਾਤਰਾ ਤਾਂ ਹਾਲੇ ਅਧੂਰੀ ਹੈ, ਇਹ
ਤਾਹੀਓਂ ਪੂਰੀ ਹੋਵੇਗੀ ਜੇਕਰ ਤੁਸੀਂ ਮੈਨੂੰ ਮੇਰਾ ਜੱਦੀ ਪਿੰਡ ਕੋਟਲਾ ਸੁਜਾਨ ਸਿੰਘ ਦਿਖਾ ਦਿਓ।”
ਮਿੰਨਤ-ਤਰਲਾ ਕਰਕੇ ਅਸੀਂ ਪੁਲੀਸ ਤੋਂ ਇਜਾਜ਼ਤ ਲਈ। ਸੜਕਾਂ ਦਾ ਨਕਸ਼ਾ ਲੈ ਕੇ ਰਾਹ ਉਲੀਕਿਆ ਤੇ ਅਗਲੀ ਸਵੇਰ ਹੋਰ
ਜਿਹੜੇ ਵੀ ਜੱਥੇ ’ਚੋਂ ਤਿਆਰ ਹੋਏ, ਉਨ੍ਹਾਂ ਨਾਲ ਚੱਲਣ ਦਾ ਪ੍ਰੋਗਰਾਮ
ਬਣਾਇਆ।
ਸਵੇਰੇ ਦਸ ਕੁ ਵਜੇ ਪੁੱਜੇ ਤਾਂ ਪਿੰਡ ਵੜਦਿਆਂ ਹੀ ਇਕ ਨੌਜਵਾਨ ਮਿਲਿਆ। ਪਹਿਲਾਂ ਤਾਂ ਉਹ ਕਈ ਸਾਰੇ ਪੱਗਾਂ ਵਾਲੇ
ਸਿੱਖ ਵੇਖ ਕੇ ਠਠੰਬਰ ਜਿਹਾ ਗਿਆ, ਪਰ ਸਾਡੇ ਪਾਕਿਸਤਾਨੀ ਡਰਾਈਵਰ ਨੇ ਉਸਨੂੰ ਤਸੱਲੀ ਦਿੱਤੀ ਤੇ
ਨੰਬਰਦਾਰ ਦਾ ਘਰ ਪੁੱਛਿਆ।
ਇਕ ਉੱਚੇ ਚੁਬਾਰੇ ਵੱਲ ਇਸ਼ਾਰਾ ਕਰਕੇ ਉਸਨੇ ਦੱਸਿਆ ਕਿ ਉਹ ਸੀਮੇ ਨੰਬਰਦਾਰ ਦਾ ਘਰ ਹੈ। ਸੀਮਾ
ਪ੍ਰੀਤਮ ਸਿੰਘ ਦਾ ਪੁਰਾਨਾ ਬੇਲੀ ਸੀ ਤੇ ਸਬੱਬ ਨਾਲ ਉਹ ਘਰੇ ਸੀ। ਇਕ ਦੂਜੇ ਨੂੰ ਦੇਖਦਿਆਂ ਹੀ
ਉਹਨਾਂ ਨੇ ਪਹਿਚਾਣ ਲਿਆ ਤੇ ਗਲੇ ਲੱਗ ਕੇ ਘੁੱਟ-ਘੁੱਟ ਜੱਫੀਆਂ ਪਾ ਕੇ ਮਿਲੇ। ਪੁਰਾਣੀਆਂ ਯਾਦਾਂ
ਤਾਜ਼ਾ ਕੀਤੀਆਂ, ਲੀਡਰਾਂ ਨੂੰ
ਰੱਜ-ਰੱਜ ਕੇ ਕੋਸਿਆ, ਜਿਨ੍ਹਾਂ ਨੇ ਆਪਣੀਆਂ ਗੱਦੀਆਂ ਦੇ ਲਾਲਚ ਵਿਚ ਦੇਸ਼ ਦੀਆਂ ਵੰਡੀਆਂ ਪਾਈਆਂ।
ਸਾਡੇ ਆਉਣ ਦੀ ਖ਼ਬਰ ਪਿੰਡ ਵਿਚ ਜੰਗਲ ਦੀ ਅੱਗ ਵਾਂਗੂੰ ਫੈਲ ਗਈ। ਸਾਰਾ ਪਿੰਡ ਇਕੱਠਾ ਹੋ ਗਿਆ—ਉਲ੍ਹਾਮਾ ਇਹ ਸੀ ਕਿ ਅਸੀਂ ਉਹਨਾਂ ਨੂੰ ਪਿੰਡ ਆਉਣ ਦੀ
ਅਗਾਊ ਕਿਉਂ ਨਾ ਖ਼ਬਰ ਕੀਤੀ। ਉਹਨਾਂ ਦੀ ਤਮੰਨਾ ਸੀ ਕਿ ਫੁੱਲਾਂ ਦੇ ਹਾਰਾਂ ਨਾਲ ਸਾਡਾ ਸਵਾਗਤ
ਕਰਦੇ।
ਵਿਦਾ ਹੋਣ ਤੋਂ ਪਹਿਲਾਂ, ਪ੍ਰੀਤਮ ਸਿੰਘ ਨੇ ਜੱਥੇ ਨਾਲ ਆਏ ਹੋਰ ਸੱਜਨਾਂ ਦੀ ਜਾਣ-ਪਹਿਚਾਣ
ਕਰਵਾਣੀ ਸ਼ੁਰੂ ਕੀਤੀ—ਇਕ ਬੀਬੀ ਵੱਲ ਇਸ਼ਾਰਾ ਕਰਕੇ ਉਸ ਕਿਹਾ, “ਇਹ ਜੌੜੇ ਖੂਹ ਵਾਲੇ ਸਰਦਾਰਾ ਸਿੰਘ ਦੀ ਧੀ ਹੈ।
ਬਟਵਾਰੇ ਤੋਂ ਦੋ ਦਿਨ ਪਹਿਲਾਂ ਹੀ ਇਸਦਾ ਵਿਆਹ ਹੋਇਆ ਸੀ, ਇਸ ਦੀ ਡੋਲੀ ਟੁਰੀ ਤੇ ਫ਼ਸਾਦ ਸ਼ੁਰੂ ਹੋ
ਗਏ। ਸਮਝੋ ਕਿ ਇਹ ਵਿਆਹ ਤੋਂ ਬਾਅਦ ਪਹਿਲੀ ਫੇਰੀ ਹੀ ਪਿੰਡ ਆਈ ਹੈ।”
ਸੀਮੇ ਦੀਆਂ ਅੱਖਾਂ ਵਿਚ ਪਿਆਰ ਭਰਿਆ ਜਲਾਲ ਆਇਆ। ਉਸਨੇ ਆਪਣੇ
ਵੱਡੇ ਮੁੰਡੇ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਬੇਟਾ ਜਾ ਇਕ ਗੁੜ ਦੀ ਭੇਲੀ, ਦੋ ਕਿੱਲੋ ਮਸਰ
ਅਤੇ ਇਕ ਅਨਲੱਗ ਚੁੰਨੀ ਲੈ ਕੇ ਆ। ਇਹ ਹੋ ਨਹੀਂ ਸਕਦਾ ਕਿ ਪਿੰਡ ਦੀ ਧੀ ਵਿਆਹ ਤੋਂ ਬਾਅਦ ਪਹਿਲੀ
ਵਾਰੀ ਪਿੰਡ ਆਵੇ ਤੇ ਸੱਖਣੀ ਝੋਲੀ ਪਰਤ ਜਾਵੇ।”
ਸੀਮੇ ਦੇ ਇਨ੍ਹਾਂ ਬੋਲਾਂ ਨੇ ਹਰ ਇਕ ਦੀਆਂ ਅੱਖਾਂ ਸਿੱਲੀਆਂ ਕਰ
ਦਿੱਤੀਆਂ। ਪ੍ਰੀਤਮ ਸਿੰਘ ਨੇ ਮੈਨੂੰ ਝੰਜੋੜਦੇ ਹੋਏ ਕਿਹਾ, “ਕੋਹਲੀ ਮਿੱਤਰਾ, ਮੇਰੀ ਯਾਤਰਾ ਹੁਣ
ਪੂਰੀ ਹੋ ਗਈ।”
ਤੇ ਮੈਨੂੰ ਪਲ ਦੀ ਪਲ ਇੰਜ ਲੱਗਾ ਕਿ ਪੰਜਾਬ ਦੇ ਬਟਵਾਰੇ ਦੀ
ਲੀਕ ਹਵਾ ਵਿਚ ਉੱਡ ਗਈ ਹੋਵੇ।
-0-