-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, July 8, 2015

ਚੱਕਰਵਿਊ



ਸਤਿਪਾਲ ਖੁੱਲਰ

ਰਾਮ ਬਿਲਾਸ ਆਪਣੀ ਜਿੱਦ ਤੇ ਕਾਇਮ ਸੀ। ਉਸਨੂੰ ਕਈ ਢੰਗਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਭ ਬੇਕਾਰ ਸੀ। ਅੱਜ ਮੰਦਰ ਦੇ ਅਹਾਤੇ ਵਿਚ ਮੰਦਰ ਕਮੇਟੀ ਅਤੇ ਹੋਰ ਆਗੂਆਂ ਦਾ ਫਿਰ ਇਕੱਠ ਕੀਤਾ ਗਿਆ ਸੀ। ਮੰਦਰ ਦੇ ਅਹਾਤੇ ਦਾ ਵਿਸਥਾਰ ਹੋ ਰਿਹਾ ਸੀ। ਨਾਲ ਲੱਗਦੇ ਬਹੁਤੇ ਘਰ ਯੋਗ ਮੁਆਵਾ ਦੇ ਕੇ ਉਠਾ ਦਿੱਤੇ ਗਏ ਸਨ।
ਰਾਮ ਬਿਲਾਸ ਦਾ ਮਕਾਨ ਅਿਕਾ ਬਣਿਆ ਹੋਇਆ ਸੀ। ਜੇ ਰਾਮ ਬਿਲਾਸ ਮੰਦਰ ਨੂੰ ਜਗ੍ਹਾ ਦੇ ਦੇਵੇ ਤਾਂ ਮੰਦਰ ਦਾ ਅਹਾਤਾ ਚੌਰਸ ਹੋ ਜਾਣਾ ਸੀ। ਜਿੱਥੇ ਬਹੁਤ ਵੱਡਾ ਕਥਾ ਹਾਲ ਬਣਾਉਣ ਦੀ ਯੋਜਨਾ ਸੀ।
ਹਾਂ ਫਿਰ ਕੀ ਸੋਚਿਆ ਰਾਮ ਬਿਲਾਸ ਜੀ?” ਮੰਦਰ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪਹਿਲਾਂ ਨਾਲੋਂ ਰੁੱਖੀ ਸੀ।
ਮੈਂ ਕਿਉਂ ਉੱਠਾਂ, ਮੇਰੇ ਪੁਰਖਿਆਂ ਦਾ ਘਰ ਹੈ, ਉਹ ਏਥੇ ਜੰਮੇ-ਮਰੇ। ਮੇਰੀ ਇੱਛਾ ਵੀ ਏਹੋ ਹੀ ਹੈ। ਜੀਂਦੇ ਜੀਅ ਮੈਂ ਇਹ ਘਰ ਨਹੀਂ ਛੱਡਾਂਗਾ।
“ਪਰ ਤੈਨੂੰ ਮੁੱਲ ਵੀ ਤਾਂ ਦੂਜੇ ਲੋਕਾਂ ਤੋਂ ਦੁਗਣਾ ਦੇ ਰਹੇ ਹਾਂ।” ਇਕ ਮੈਂਬਰ ਨੇ ਕਾਹਲੀ ਆਵਾਜ਼ ਵਿਚ ਕਿਹਾ।
“ਧਰਮ-ਕਰਮ ਦੇ ਕੰਮ ਵਿਚ ਰੋੜਾ ਨਹੀਂ ਬਣੀਦਾ।” ਇਕ ਹੋਰ ਆਵਾਜ਼ ਉੱਭਰੀ।
“ਲੋਕ ਤਾਂ ਏਹੋ ਜਿਹੇ ਕੰਮਾਂ ਲਈ ਜ਼ਮੀਨਾਂ ਦਾਨ ਕਰ ਦਿੰਦੇ ਨੇ।” ਕਿਸੇ ਦਾਨੀ ਨੇ ਕਿਹਾ।
“ਸਮਾਜ ਵਿਚ ਤੇਰਾ ਮਾਣ ਵਧੇਗਾ।” ਕੋਈ ਹੋਰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਰਾਮ ਬਿਲਾਸ ਨੂੰ ਘਰ ਉਜੜਦਾ ਦਿੱਸ ਰਿਹਾ ਸੀ। ਉਹ ਉਦਾਸ ਹੋਇਆ ਬੈਠਾ ਸੀ।
ਮੌਕਾ ਵੇਖ ਕੇ ਕਿਸੇ ਨੇ ਸੱਟ ਮਾਰੀ, ਲੋਹਾ ਗਰਮ ਸੀ, ਸੱਟ ਥਾਂ ਸਿਰ ਵੱਜੀ।
“ਕੱਲ੍ਹ ਕਲੋਤਰ ਨੂੰ ਕੋਈ ਘਟਨਾ ਵਾਪਰ ਗਈ ਜੇ ਤੇਰੇ ਨਾਲ, ਲੋਕਾਂ ਇਹੀ ਕਹਿਣਾ ਐ ਕਿ ਵੇਖੋ ਰਾਮ ਬਿਲਾਸ ਨੇ ਧਰਮ ਦੇ ਕੰਮ ਵਿਚ ਰੁਕਾਵਟ ਪਾਈ ਸੀ। ਇਹਨੂੰ ਮਿਲਗੀ ਨਾ ਸਜ਼ਾ।”
ਇਸ ਧਾਰਮਿਕ ਕਿਸਮ ਦੇ ਬੰਦੇ ਦੇ ਬੋਲ ਉਸਨੂੰ ਵਿੰਨ੍ਹ ਗਏ ਸਨ। ਵਿਚਾਰੇ ਰਾਮ ਬਿਲਾਸ ਨੂੰ ਜਵਾਬ ਦੇਣਾ ਹੁਣ ਹੋਰ ਵੀ ਮੁਸ਼ਕਿਲ ਲੱਗ ਰਿਹਾ ਸੀ।
                                          -0-

No comments: