ਪ੍ਰੀਤ
ਨੀਤਪੁਰ
ਕਿਸੇ ਨੇ ਬਾਹਰਲਾ ਗੇਟ ਖਕਾਇਆ ਹੈ।
ਮੈਂ ਅਖ਼ਬਾਰ ਤੋਂ ਨਿਗ੍ਹਾ ਹਟਾ ਕੇ, ਗੇਟ ਵੱਲ ਝਾਕਦਾ ਹਾਂ ਤੇ ਬੋਲਦਾ ਹਾਂ।
“ਆਜੋ, ਲੰਘ ਆਓ…ਖੁੱਲ੍ਹੈ ਗੇਟ…।”
ਪਿੰਡ ਦੇ ਚਾਰ-ਪੰਜ ਭੱਦਰ ਪੁਰਸ਼ ਵਿਹੜੇ ’ਚ ਪਰਵੇਸ਼ ਕਰਦੇ ਨੇ। ਉਨ੍ਹਾਂ ’ਚੋਂ ਇਕ ਜਣੇ ਦੇ ਹੱਥ ’ਚ ‘ਰਸੀਦ ਬੁੱਕ’ ਵੇਖ ਕੇ ਮੈਂ ਸਮਝ ਗਿਆ ਕਿ ਇਹ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ
‘ਉਗਰਾਹੀ’ ਕਰਦੇ ਫਿਰਦੇ ਨੇ।
ਮੇਰਾ ਮੱਥਾ ਮਾਮੂਲੀ ਤਣ ਜਾਂਦਾ ਹੈ।
ਮੈਂ ਭਾਵੇਂ ਆਮ ਲੋਕਾਂ ਵਾਂਗ ਧਾਰਮਿਕ ਅਸਥਾਨਾਂ ਪ੍ਰਤੀ ਸ਼ਰਧਾ ਭਾਵਨਾ ਰੱਖਦਾ ਹਾਂ। ਪਰ ਮੇਰੀ
ਧਾਰਨਾ ਹੈ ਕਿ ਕਿਸੇ ਧਾਰਮਿਕ ਅਸਥਾਨ ਨੂੰ ਦਾਨ/ਚੰਦਾ ਦੇਣ ਨਾਲੋਂ ਪੜ੍ਹਾਈ ਵਿਚ ਹੁਸ਼ਿਆਰ ਕਿਸੇ ਗ਼ਰੀਬ ਬੱਚੇ ਦੀ ਜਾਂ ਕਿਸੇ
ਸਕੂਲ ਦੀ ‘ਮਦਦ’ ਕਰਨਾ ਬਿਹਤਰ ਤੇ ਸਾਰਥਿਕ ਹੁੰਦਾ ਹੈ।
ਮੈਂ ਉਨ੍ਹਾਂ ਲਈ ਮੰਜਾ ਡਾਹੁੰਦਾ ਹਾਂ ਤੇ ਪਤਨੀ ਨੂੰ ਚਾਹ ਬਣਾਉਣ ਲਈ ਕਹਿੰਦਾ ਹਾਂ।
“ਨਹੀਂ ਹਰਮੇਲ ਸਿਆਂ, ਚਾਹ ਦੀ ਨ੍ਹੀ ਲੋੜ…।” ਉਨ੍ਹਾਂ ’ਚੋਂ ਇਕ ਜਣਾ ਬੋਲਦਾ ਹੈ, “ਚਾਹ ਤਾਂ ਹੁਣੇ ਪੀਤੀ ਆ, ਪਾਖਰ ਦੇ ਘਰੋਂ…”
ਮੈਂ ਉਹਦੀ ਗੱਲ ਅਣਸੁਣੀ ਕਰਕੇ ਆਪਣੇ ਢਿੱਡ ਦੀ ਗੱਲ, ਜਿਹੜੀ ਕਈਆਂ ਦਿਨਾਂ ਤੋਂ ਮੇਰੇ ਢਿੱਡ ’ਚ ਰੜਕਦੀ ਸੀ, ਸਾਂਝੀ ਕਰਦਾ ਹਾਂ—
“ਭਾਈ ਸਾਹਿਬ, ਮੁਆਫ਼ ਕਰਨਾ…।” ਮੈਂ ਹਲੀਮੀ ਨਾਲ
ਬੋਲਦੈਂ, “ਆਪਣਾ ਗੁਰਦੁਆਰਾ ਤਾਂ ਪਹਿਲਾਂ ਈ ਬੜਾ ਸੋਹਣਾ ਸੀ। ਉਸਨੂੰ ਢਾਹ ਕੇ ਨਵਾਂ ਬਣਾਉਣ ਦੀ ਕੀ
ਲੋੜ ਸੀ…?”
“ਇਹ ਤਾਂ ਯਾਰ, ਗਮਦੂਰ ਫ਼ੌਜੀ ਨੇ ਉਂਗਲ ਲਾਤੀ।” ਉਨ੍ਹਾਂ ’ਚੋਂ
ਇਕ ਜਣਾ ਬੋਲਿਆ, “ਅਖੇ, ਆਧਰਮੀਆਂ ਦਾ ਗੁਰਦੁਆਰਾ ਐਡਾ ਆਲੀਸ਼ਾਨ…ਦੋ ਮੰਜ਼ਲਾ…ਤੇ ਜੱਟਾਂ ਦਾ…?”
ਮੈਂ ਝੱਟ ਪੰਜ ਹਜ਼ਾਰ ਦੀ ਪਰਚੀ ਕਟਾ ਲੈਂਦਾ ਹਾਂ।
-0-
No comments:
Post a Comment