ਭਾਰਤ ਹਰੀਪੁਰੀ
ਨਵੀਂ ਕਾਰ ਵਿਚ ਪਿੱਛੇ ਬੈਠੀ ਨਵੀਂ ਵਿਆਹੀ ਔਰਤ ਆਪਣੇ ਚਿੱਟੇ ਦੁੱਧ ਵਰਗੇ ਪਾਮੇਰੀਅਨ ਕੁੱਤੇ
ਨਾਲ ਲਾਡ ਕਰ ਰਹੀ ਸੀ। ਰੇਲਵੇ ਫਾਟਕ ਬੰਦ ਸੀ। ਕਾਰਾਂ, ਬੱਸਾਂ ਆਦਿ ਦੀ ਲੰਮੀ ਕਤਾਰ ਲੱਗ ਚੁੱਕੀ
ਸੀ।
ਇਕ ਭਿਖਾਰਨ ਬੱਚੀ ਹੱਥ ਵਿਚ ਠੂਠਾ ਫੜੀ ਕਾਰਾਂ ਕੋਲ ਜਾ ਕੇ ਮੰਗ ਰਹੀ ਸੀ। ਇਕ ਬੁੱਢੀ ਔਰਤ ਉਸ ਦੇ ਸਹਾਰੇ
ਸੀ।
ਆਪਣੇ ਨਿੱਕੇ-ਨਿੱਕੇ ਹੱਥਾਂ ਵਿਚ ਵੱਡਾ ਸਾਰਾ ਠੂਠਾ ਫੜੀ ਜਦੋਂ ਉਸ ਨੇ ਲਿਲਕੜੀ ਜਿਹੀ ਕੱਢੀ ਤਾਂ ਕਾਰ ਵਿਚ ਬੈਠੀ ਅਮੀਰ ਔਰਤ ਨੇ ਉਸ
ਭਿਖਾਰਨ ਬੱਚੀ ਦੇ ਨਾਲ ਦੀ ਔਰਤ ਵੱਲ ਵੇਖਿਆ ਤੇ ਗੁੱਸੇ ਵਿਚ ਕਿਹਾ, “ਜੇ ਮੰਗਣ ਲਈ ਹੀ ਬੱਚੇ ਜੰਮਣੇ ਸਨ ਤਾਂ ਕਿਉਂ ਜੰਮੇ ਸਨ,
ਜੰਮੇ ਬਿਨਾਂ ਸਰਦਾ ਨਹੀਂ ਸੀ? ਤੁਰ ਪੈਂਦੇ ਨੇ ਮੰਗਣ ਲਈ, ਤੁਸੀਂ ਲੋਕਾਂ ਨੇ ਸਮਾਜ ਦਾ ਸੱਤਿਆਨਾਸ ਕਰਤੈ।”
ਭਿਖਾਰਨ ਕੁੜੀ ਦੇ ਨਾਲ ਦੀ ਔਰਤ ਨੇ ਨਿਮਰਤਾ ਨਾਲ ਕਿਹਾ, “ਬੀਬੀ ਜੀ, ਇਹ ਤਾਂ ਮੈਨੂੰ ਪੰਜ-ਛੇ ਸਾਲ ਪਹਿਲਾਂ ਗਾਂਧੀ
ਪਾਰਕ ਕੋਲੋਂ ਮਿਲੀ ਸੀ, ਕੋਈ ਇਸ ਨੂੰ ਉੱਥੇ ਸਿੱਟ ਗਿਆ ਸੀ।। ਮੈਂ ਤਾਂ ਮਰ ਕੇ ਐਡੀ ਕੀਤੀ ਐ।”
ਕਾਰ ਵਾਲੀ ਔਰਤ ਦਾ ਰੰਗ ਪੀਲਾ ਪੈ ਗਿਆ। ਉਸਨੇ ਝੱਟ ਸੌ ਦਾ ਨੋਟ ਕੱਢ ਕੇ ਕਟੋਰੇ ਵਿਚ ਪਾ
ਦਿੱਤਾ। ਭਿਖਾਰਨ ਔਰਤ ਅਤੇ ਬੱਚੀ ਬਹੁਤ ਹੈਰਾਨ ਸਨ ਤੇ ਖੁਸ਼ ਵੀ।
-0-
No comments:
Post a Comment