ਹਰਨਾਮ ਸਿੰਘ
ਰੰਗਪੁਰ ਵਿਚਲੀ ਦਿਲਾਵਰ ਖਾਨ ਦੀ ਵੱਡੀ ਹਵੇਲੀ ਵਿਕਦੀ-ਵਿਕਦੀ ਗੁਰਬਖਸ਼ ਸਿੰਘ ਠੇਕੇਦਾਰ ਹੱਥ
ਲੱਗ ਚੁੱਕੀ ਸੀ। ਇਹ 1947 ਦੇ ਹਲਚਲੇ ਵੇਲੇ ਹਿੰਦੂ-ਸਿੱਖਾਂ ਲਈ ਵੱਡਾ ਆਸਰਾ ਬਣ ਗਈ। ਫ਼ਸਾਦੀਆਂ
ਤੋਂ ਬਚਣ ਲਈ ਠੇਕੇਦਾਰ ਦੇ ਭਰਾ ਪਿਆਰਾ ਸਿੰਘ ਨਿਹੰਗ ਨੇ ਆਸਪਾਸ ਦੇ ਹਿੰਦੂ-ਸਿੱਖਾਂ ਨੂੰ ਉੱਥੇ
ਇਕੱਠੇ ਕਰ ਲਿਆ। ਰੰਗਪੁਰ ਦੇ ਥਾਣੇਦਾਰ ਅਲਾਹ ਬਖ਼ਸ਼ ਅਤੇ ਗੁਰਬਖ਼ਸ਼ ਸਿੰਘ ਦੀ ਸਾਂਠ-ਗਾਂਠ ਵੀ ਚਲਦੀ
ਰਹੀ ਅਤੇ ਹਰਨੋਲੀ ਦੇ ਹਥਿਆਰਾਂ ਦੇ ਕਾਰੀਗਰਾਂ ਤਕ ਵੀ ਰਸਾਈ ਹੋ ਗਈ ਹੋਈ ਸੀ। ਬੇਲਾਇਸੰਸੇ ਹਥਿਆਰ ਹਵੇਲੀ
ਅੰਦਰ ਜਮਾ ਕਰ ਲਏ ਗਏ ਸਨ। ਇਸ ਦੀ ਭਿਣਕ ਪਾ ਕੇ ਫ਼ਸਾਦੀਆਂ ਇਕ ਦਿਨ ਹਵੇਲੀ ਆਣ ਘੇਰੀ। ਦੋ-ਤਿੰਨ
ਪਿੰਡਾ ਵਿਚ ਲੁੱਟ-ਮਾਰ ਕਰਕੇ ਆਏ ਲਾਚੜੇ ਬਲਵਈ ਲਲਕਾਰਨ ਲੱਗੇ—
“ਨਿਕਲੋ ਓਏ ਕਾਫ਼ਰੋ ਬਾਹਰ। ਸਾਡੇ ਖਾਨ ਸਾਹਬ ਦੀ ਹਵੇਲੀ ਛੱਡੋ।”
ਅੰਦਰੋਂ ‘ਜੋ ਬੋਲੇ ਸੋ ਨਿਹਾਲ’ ਦਾ ਜੈਕਾਰਾ ਗੂੰਜਿਆ ਤੇ ਜਵਾਬ ਮਿਲਿਆ, “ਓਏ ਤੁਰਕੋ, ਭੱਜ ਵੰਝੋ, ਨਹੀਂ ਤਾਂ ਫੂਕ ਦਿਆਂਗੇ, ਫੂਕ।”
ਤਣਾਉ ਦੀ ਖ਼ਬਰ ਪਾ ਕੇ, ਅਲਾਹ ਬਖ਼ਸ਼ ਸਿਪਾਹੀਆਂ ਸਣੇ ਆ ਢੁੱਕਾ। ਉਸ ਨੇ ਘੇਰਾ ਘੱਤੀ ਹਜ਼ੂਮ ਅੱਗੇ ਲੱਗੇ ਆਪਣੇ ਬੰਦੇ ਪਛਾਣ ਲਏ। ਉਸ ਦੀਆਂ ਵਾਛਾਂ
ਖਿੜ ਗਈਆਂ। ਉਸਨੇ ਹਵੇਲੀ ਅੰਦਰਲੇ
ਬੰਦਿਆਂ ਨੂੰ ਤਾੜਦਿਆਂ ਆਖਿਆ, “ਸਰਕਾਰ ਦੇ ਸਖ਼ਤ ਹੁਕਮ ਹਨ। ਅਮਨ-ਚੈਨ ਬਣਾਈ ਰੱਖਣੈ। ਤੁਸੀਂ ਸਾਰੇ ਹਥਿਆਰ ਜਮਾਂ ਕਰਵਾ ਦਿਉ।
ਤੁਹਾਨੂੰ ਕੋਈ ਕੁਝ ਨਹੀਂ ਆਖੇਗਾ।”
ਅੰਦਰ ਸਲਾਹਾਂ ਹੋਈਆਂ। ਗੁਰਬਖ਼ਸ਼ ਸਿੰਘ ਰਾਹੀਂ ਜਵਾਬ ਮਿਲਿਆ, “ਥਾਣੇਦਾਰ ਸਾਹਬ! ਪਹਿਲਾਂ ਘੇਰਾ ਚੁਕਾਉ।”
“ਪਹਿਲਾਂ ਹਥਿਆਰ ਸੁੱਟੋ।”
ਗੱਲ ਫਸ ਗਈ। ਥਾਣੇਦਾਰ ਦੀ ਚਿੰਤਾ ਸੀ ਕਿ ਜੇ ਗੱਲ ਮਿਲਟਰੀ ਤਕ
ਚਲੀ ਗਈ ਤਾਂ ਉਸ ਦੀ ਸਾਰੀ ਸਕੀਮ ਧਰੀ ਰਹਿ ਜਾਵੇਗੀ। ਉਸ ਨੇ ਗੁਰਬਖ਼ਸ਼ ਨੂੰ ਦੋਸਤੀ ਦਾ ਵਾਸਤਾ
ਪਾਇਆ, ਕੁਰਾਨ ਦੀ ਸਹੁੰ ਖਾਧੀ, ਸਾਰਿਆਂ ਦੀ ਰਾਖੀ ਦੀ ਜ਼ਾਮਨੀ ਲਈ, ਪਰ ਅੰਦਰ ਘਿਰਿਆਂ ਨੂੰ ਯਕੀਨ
ਨਾ ਬੱਝਾ।
ਥਾਣੇਦਾਰ ਫਿਰ ਗਰਜਿਆ, “ਆਖ਼ਰੀ ਵਾਰ ਕਹਿੰਨੈਂ, ਨਹੀਂ ਤਾਂ ਫ਼ੌਜ
ਬੁਲਾਕੇ ਸਾਰੀ ਹਵੇਲੀ ਉਡਾ ਦੂੰ।”
ਅੰਦਰੋਂ ਠੇਕੇਦਾਰ ਦਾ ਜਵਾਬ ਸੀ, “ਮਿਲਟਰੀ ਤਾਂ ਅਸੀਂ ਆਪ
ਸਰਗੋਧਿਉਂ ਸੱਦੀ ਹੋਈ ਹੈ।”
ਅਲਾਹਬਖ਼ਸ਼ ਢਿੱਲਾ ਪੈ ਗਿਆ। ਤਦੇ ਇਕ ਸਿਪਾਹੀ ਨੇ ਉਸ ਨੂੰ ਕੰਨ
ਵਿੱਚ ਕਿਹਾ, “ਬਖਸ਼ੇ ਨੇ ਡਾਲੀ ਭੇਜਣੋਂ ਵੀ ਨਾਹ ਕਰ ਦਿੱਤੀ ਹੈ ਜਨਾਬ। ਕਹਿੰਦਾ—ਕਿਹੜੀਆਂ
ਡਾਲੀਆਂ, ਸਾਨੂੰ ਤਾਂ ਜਾਨਾਂ ਦੀ ਪਈ ਏ।”
“ਅੱਛਾ, ਇਹ ਗੱਲ ਏ। ਹੁਣ ਦੇਖ ਕਿਵੇਂ ਭੰਗ ਦੇ ਭਾੜੇ ਜਾਂਦੈ।”
ਉਸ ਦਾਅ ਖੇਡਿਆ। ਗੱਲਬਾਤ ਲਈ ਗੁਰਬਖ਼ਸ਼ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਸਲਾਹ-ਮਸ਼ਵਰੇ ਬਾਅਦ
ਠੇਕੇਦਾਰ ਗੱਲਬਾਤ ਲਈ ਬਾਹਰ ਆ ਗਿਆ। ਹਰਖੇ ਠਾਣੇਦਾਰ ਨੇ ਉਸ ਨੂੰ ਟਿੱਬੇ ਓਹਲੇ ਲਿਜਾ ਕੇ ਭੁੱਨ
ਦਿੱਤਾ।
-0-
No comments:
Post a Comment