ਪਰੇਮ ਗੋਰਖੀ
ਲਾੜੇ ਵਾਲੀ ਜਾਂਦੀ ਕਾਰ ਦੇ ਮੂਹਰਲੀ ਵੈਨ ਅਚਾਨਕ ਰੁਕ ਗਈ। ਅੱਖ ਦੇ ਫੋਰ ਵਿਚ ਵੈਨ ਵਿੱਚੋਂ ਇਕ
ਵਿੰਗਾ ਜਿਹਾ ਆਦਮੀ ਨਿਕਲਿਆ ਤੇ ਅੱਖਾਂ ਮਲਦਾ ਹੋਇਆ ਸੜਕੇ ਸੜਕ ਹੋ
ਤੁਰਿਆ। ਤਿੰਨ ਚਾਰ ਮੁੰਡੇ ਉਹਦੇ ਮਗਰ ਆਏ ਤੇ ਉਹਨੂੰ ਬਾਹੋਂ ਫੜ ਕੇ ਰੋਕਣ ਲੱਗੇ।
ਹੈਂ, ਉਹ ਤਾਂ ਰੋ ਰਿਹਾ ਸੀ। ਟੇਢਾ ਜਿਹਾ ਮੂੰਹ, ਇਕ ਅੱਖ
ਵਿੰਗੀ, ਵਿੰਗੇ ਪੇਚ ਮਾਰ ਕੇ ਬੰਨ੍ਹੀ ਪੱਗ। “ਇਹੋ ਜਿਹੇ ਬਿਨਾ ਬਰਾਤ ਸਜਦੀ ਨਹੀ?” ਵਿੱਚੋਂ ਕਿਸੇ
ਆਖਿਆ। ਪਤਾ ਲੱਗਾ ਕਿ ਉਸਨੂੰ ਕਿਸੇ ਦੂਸਰੇ ਨੇ ਮਜ਼ਾਕ ਕਰ ਦਿੱਤਾ ਸੀ ਤੇ ਉਹ ਬੁਰਾ ਮੰਨ ਗਿਆ ਸੀ।
ਅੱਧਾ ਘੰਟਾ ਅੜੀ ਕਰਨ ਤੇ ਖਿੱਚ ਧੂਹ ਮਗਰੋਂ ਮਸੀਂ ਉਹ ਵੈਨ ਵਿਚ ਚੜ੍ਹਿਆ।
“ਇਹ ਹੈ ਕੌਣ ਮੀਣਾ ਜਿਹਾ?”
“ਉਹੋ ਜਿਹਾ ਮੂੰਹ ਤੇ ਫਿਰ ਉਹੋ ਜਿਹੇ ਕਪੜੇ।”
“ਬਰਾਤ ਵਿਚ ਤਾਂ ਚੰਗੀ ਸ਼ਕਲ ਸੂਰਤ ਵਾਲੇ ਲੋਕ ਹੋਣੇ ਚਾਹੀਦੇ
ਨੇ।”
“ਚੁੱਪ ਵੀ ਕਰੋ ਯਾਰ, ਇਹ ਲਾੜੇ ਦਾ ਭਾਣਜਾ ਹੈ।”
ਸਾਰੇ ਚੁੱਪ ਕਰ ਗਏ।
ਬਹੁਤ ਗਰਮੀ ਸੀ। ਸਾਹ ਲੈਣ ਲਈ ਬਰਾਤ ਵੱਡੀ ਨਹਿਰ ’ਤੇ ਰੁਕ ਗਈ।
ਕੁਝ ਲੋਕ ਇਧਰ ਉਧਰ ਖਿਸਕ ਗਏ। ਤੀਵੀਆਂ ਪਾਣੀ ਪੀਣ ਲੱਗੀਆਂ ਤੇ
ਫਿਰ ਨਹਿਰ ਕੰਢੇ ਜਾ ਕੇ ਪਾਣੀ ਨਾਲ ਅਠਖੇਲੀਆਂ ਕਰਨ ਲੱਗੀਆਂ।
ਅਚਾਨਕ ਹਾਲ ਪਾਹਰਿਆਂ ਉੱਚੀ ਹੋਈ। ਬਰਾਤ ਨਾਲ ਆਈ ਲਾੜੇ ਦੀ
ਵਲੈਤਣ ਮਾਸੀ ਦਾ ਅੱਠ ਤੋਲੇ ਦਾ ਹੀਰਿਆਂ ਜੜਿਆ ਹਾਰ ਨਹਿਰ ’ਚ ਜਾ ਡਿੱਗਿਆ ਸੀ। ਸਾਰੇ ਪ੍ਰੇਸ਼ਾਨ ਹੋ
ਗਏ। ਹੁਣ ਕੀ ਹੋਵੇ। ਵੀਹ ਪੱਚੀ ਬੰਦੇ ਖੜੇ ਇਕ ਦੂਜੇ ਦਾ ਮੂੰਹ ਦੇਖ ਰਹੇ ਸਨ। ਵਲੈਤਣ ਮਾਸੀ ਬੁੱਕ
ਬੁੱਕ ਹੰਝੂ ਕੇਰ ਰਹੀ ਸੀ। “ਪੂਰਾ ਪੰਜਾਹ ਹਜ਼ਾਰ ਦਾ ਹਾਰ ਐ…” ਉਹ ਦੁਹਾਈ ਪਾ ਰਹੀ ਸੀ।
ਅਚਾਨਕ ਵੈਨ ਦਾ ਦਰਵਾਜ਼ਾ ਖੁਲ੍ਹਿਆ ਤੇ ਉਹ ‘ਭੈੜਾ ਬੰਦਾ’ ਵਲੈਤਣ
ਮਾਸੀ ਕੋਲ ਰੁਕਿਆ ਤੇ ਫਿਰ ਸਣੇ ਕਪੜਿਆਂ ਉਹਨੇ ਨਹਿਰ ਵਿਚ ਛਾਲ ਕੱਢ ਮਾਰੀ
ਇਕ ਚੁੱਭੀ, ਦੂਜੀ ਚੁੱਭੀ। ਤੇ ਉਹ ਬੰਦਾ ਗੁੰਮ-ਗੁਆਚ ਗਿਆ।
ਨਹਿਰ ਡੂੰਘੀ ਵੀ ਕਿੰਨੀ ਸੀ ਤੇ ਫਿਰ ਪਾਣੀ ਦਾ ਵਹਾਅ।
“ਸਾਲਾ ਪਾਗਲ, ਸ਼ੁਦਾਈ। ਬੇਵਕੂਫ ਨੇ ਨਾ ਪੁੱਛਿਆ, ਨਾ ਦੱਸਿਆ,
ਛਾਲ ਆ ਮਾਰੀ।”
“ਬਸ ਡੁੱਬ ਗਿਆ ਹੁਣ, ਗਲੀ ਲਾਸ਼ ਵੀ ਕਿਤੇ ਦੂਰ…।”
ਪਰ ਅਚਾਨਕ ਉਹਦਾ ਸਿਰ ਦਿਸਿਆ। ਕੇਸ ਖੁੱਲ੍ਹੇ ਹੋਏ। ਲੋਕ ਕੰਢੇ
ਵੱਲ ਨੂੰ ਦੌੜੇ। ਉਹਨੇ ਪਾਣੀ ’ਚੋਂ ਆਪਣਾ ਹੱਥ ਉੱਚਾ ਕੀਤਾ, ਜਿਹਦੇ ਵਿਚ ਹਾਰ ਫੜਿਆ ਹੋਇਆ ਸੀ। ਤੇ
ਫਿਰ ਉਹ ਪਾਣੀ ’ਚ ਹੀ ਵਹਿ ਗਿਆ, ਬੁਲਬੁਲੇ ਛੱਡਦਾ ਹੋਇਆ।
-0-
No comments:
Post a Comment