ਗੁਰਪ੍ਰੀਤ
ਸਿੰਘ ਸੋਂਦ
ਪਿੰਡੋਂ ਬਾਹਰ ਬਣੀ ਕੋਠੀ ਦੇ ਗੋਟ ਉੱਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ‘ਸਰਦਾਰ ਨਿਵਾਸ’ ਪੜ੍ਹ ਕੇ ਮਰਦਮ ਸ਼ੁਮਾਰੀ ਕਰਨ ਆਏ ਦੋ ਸ਼ਹਿਰੀ ਬਾਬੂਆਂ ਨੇ ਡੋਰ-ਬੈੱਲ
ਦਿੱਤੀ ਤਾਂ ਅੰਦਰੋਂ ਇਕ ਭਈਆ ਆਇਆ। ਜਿਸ ਪੁੱਛਿਆ—
“ਜੀ ਬਾਊ ਜੀ?”
“ਘਰ ਕੇ ਮਾਲਕ ਸਰਦਾਰ ਸਾਹਿਬ ਨੂੰ ਬੁਲਾਓ।” ਇਕ ਬਾਬੂ ਬੋਲਿਆ।
“ਸਰਦਾਰ ਸਾਹਿਬ ਤਾਂ ਇੱਥੇ ਨਹੀਂ ਹਨ। ਉਹ ਜਰਮਨੀ ਰਹਿੰਦੇ ਹਨ।”
“ਉਹਨਾਂ ਦੀ ਧਰਮਪਤਨੀ, ਧੀ, ਪੁੱਤਰ ਜਾਂ ਫਿਰ ਘਰ ਦੇ ਕਿਸੇ ਹੋਰ ਮੈਂਬਰ ਨੂੰ ਬੁਲਾਉ।”
“ਘਰੇ ਤਾਂ ਕੋਈ ਨਹੀਂ ਹੈ ਜੀ।”
“ਫਿਰ ਕਿੱਥੇ ਨੇ ਸਾਰੇ? ਚੱਲ ਤੂੰ ਹੀ ਲਿਖਾ ਦੇ।”
“ਦੋ ਲੜਕੇ ਤੇ ਇਕ ਲੜਕੀ ਹੈ ਉਨ੍ਹਾਂ ਦੀ। ਲੜਕੀ ਆਸਟ੍ਰੇਲੀਆ ਵਿਆਹੀ
ਹੋਈ ਹੈ। ਵੱਡਾ ਮੁੰਡਾ ਵਲੈਤ ਵਿੱਚ ਪੱਕਾ ਹੈ। ਛੋਟਾ ਅਮਰੀਕਾ ਵਿੱਚ। ਸਰਦਾਰਨੀ ਜੀ ਪਿਛਲੇ ਸਾਲ
ਸੰਸਾਰ ਨੂੰ ਵਿਛੋੜਾ ਪਾ ਗਏ। ਫਿਲਹਾਲ ਘਰ ਮੇਂ ਇਕੱਲਾ ਹੀ ਹੂੰ। ਪਰ ਕੱਲ੍ਹ ਨੂੰ ਮੇਰੀ ਪਤਨੀ ਤੇ
ਮੇਰਾ ਮੁੰਡਾ ਬਿਹਾਰ ਤੋਂ ਆ ਜਾਣਗੇ।” ਭਈਆ ਇੱਕੋ ਸਾਹ ਵਿੱਚ ਕਹਿ ਗਿਆ।
ਬਾਬੂਆਂ ਕੁਝ ਸੋਚਿਆ। ਭਈਏ ਦਾ ਨਾਮ ਲਿਖਿਆ ਤੇ ਪਿੰਡ ਦੇ ਬਾਕੀ
ਘਰਾਂ ਵੱਲ ਤੁਰ ਪਏ।
-0-
No comments:
Post a Comment