ਜਸਪਾਲ
ਮਾਨਖੇੜਾ
“ਲੈ ਕਰਨੈਲ ਸਿਆਂ, ਬੋਲ ਵਾਖਰੂ।” ਨੈਬ ਨੇ ਦੇਸੀ ਸ਼ਰਾਬ ਦੀ ਬੋਤਲ ਆਪਣੇ ਭਣੋਈਏ ਕਰਨੈਲ ਦੇ ਅੱਗੇ ਲਿਆ
ਧਰੀ। ਕਰਨੈਲ ਘੁੱਗੀਆਂ ਵਾਲੀ ਚਿੱਟੀ ਚਾਦਰ ’ਤੇ ‘ਸੂਤ’ ਹੋ ਕੇ ਬਹਿ ਗਿਆ।
ਆਪਣੇ ਸਹੁਰੇ ਦੇ ‘ਭੋਗ’ ਤੋਂ ਬਾਅਦ ਕਰਨੈਲ ਅੱਜ ਪਹਿਲੀਵਾਰ ਸਹੁਰੇ ਪਿੰਡ ਆਇਆ ਸੀ। ਨੈਬ ਦੇ
ਕਈ ਸੁਨੇਹੇ ਮਿਲਣ ’ਤੇ ਵੀ ਉਹ ਨਹੀਂ ਬਹੁੜਿਆ ਸੀ।
ਅੱਜ ਵੀ ਨੈਬ ਭੈਣ ਭਣੋਈਏ ਨੂੰ ਸਾਰਾ ਦਿਨ ਤਹਿਸੀਲ ਵਿਚ ਉਡੀਕਦਾ
ਰਿਹਾ ਸੀ ਤਾਂ ਜੋ ਭੈਣ ਦੇ ਬਿਆਨ ਦਿਵਾਏ ਜਾ ਸਕਣ। ਪਰ ਗੇਲੋ ਦੀ ਗ਼ੈਰਹਾਜ਼ਰੀ ਕਾਰਨ ਜ਼ਮੀਨ ਦਾ
ਇੰਤਕਾਲ ਦੋਵਾਂ ਭੈਣ ਭਰਾਵਾਂ—ਨੈਬ ਤੇ ਗੇਲੋ ਦੇ ਨਾਮ ਚੜ੍ਹ ਗਿਆ ਸੀ। ਜਿਸਦਾ ਨੈਬ ਨੂੰ ਬਾਪ ਦੀ
ਮੌਤ ਤੋਂ ਵੀ ਵੱਧ ਦੁੱਖ ਸੀ। ਨੈਬ ਦੇ ਘਰ ਪਹੁੰਚਣ ਤੋਂ ਪਹਿਲਾਂ ਭੈਣ ਭਣੋਈਆ ਘਰ ਆਏ ਬੈਠੇ ਸਨ।
ਉਨ੍ਹਾਂ ਦੋਵਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸਟੂਲ ’ਤੇ
ਰੱਖੇ ਟੇਬਲ-ਫੈਨ ਨੇ ਆਪਣਾ ਰਾਗ ਛੇੜਿਆ ਹੋਇਆ ਸੀ। ਉਹ ਦੋਵੇਂ ਆਪੋ-ਆਪਣੀ ਸੋਚ ’ਚ ਡੁੱਬੇ ਹੋਏ ਸਨ।
ਗਲਾਸ ਭਰ ਭਰ ਪੀਣ ਨਾਲ ਵੀ ਉਨ੍ਹਾਂ ਨੂੰ ਨਸ਼ਾ ਨਹੀਂ ਆ ਰਿਹਾ ਸੀ।
“ਦੇਖ ਨੈਬਿਆ, ਇਹ ਰਿਸ਼ਤੇਦਾਰੀਆਂ ਵਰਤਣ ਲਈ ਹੁੰਦੀਆਂ ਨੇ…ਨਿੱਕੀ
ਗੱਲ ’ਤੇ ਟੁੱਟਣੀ ਨਹੀ ਚਾਹੀਦੀ।” ਕਾਫੀ ਚਿਰ ਪਿੱਛੋਂ ਕਰਨੈਲ ਨੇ ਚੁੱਪ ਤੋੜੀ।
“ਆਹੋ…ਤੇਰੀ ਗੱਲ ਠੀਕ ਐ ਸਰਦਾਰਾ…” ਨੈਬ ਨੇ ਹੁੰਗਾਰਾ ਭਰਿਆ।
ਉਸਦਾ ਦਿਲ ਧੜਕੀ ਜਾ ਰਿਹਾ ਸੀ।
“ਨੈਬ, ਮੈਂ ਤਾਂ ਗੱਲ ਕਰਦਾ ਹੁੰਨਾ ਖਰੀ…ਜੇ ਮੈਂ ਬੈਅ, ਗਹਿਣੇ
ਵੀ ਦੇਣੀ ਹੋਈ ਤਾਂ ਪਹਿਲ ਤੇਰੀ…ਓਨਾ ਚਿਰ ਤੂੰ ਮੈਨੂੰ ਠੇਕਾ ਦੇਈ ਚੱਲ…”
ਝਰਨਾਟ ਨੈਬ ਦੇ ਪੈਰਾਂ ਤੋਂ ਸਿਰ ਨੂੰ ਚੜ੍ਹ ਤੁਰੀ। ਉਸ ਆਪਣੀ ਭੈਣ ਦਾ ਬਦਲਿਆ ਰੰਗ ਵੀ ਦੇਖ ਲਿਆ ਸੀ। ਜਦੋਂ ਦੀ ਕੁੜੀ ਵਿਆਹੀ ਸੀ, ਤਦ ਦਾ ਸਾਰਾ ਟੱਬਰ ਉਹਨਾਂ ਦੀ ਸੇਵਾ ਵਿਚ
ਲਿਫ਼ ਲਿਫ਼ ਜਾਂਦਾ ਸੀ। ਕਰਨੈਲ ਨੂੰ ਕਾਕਾ-ਕਾਕਾ ਕਹਿੰਦਿਆਂ ਦਾ ਮੂੰਹ ਨਹੀਂ ਥੱਕਦਾ ਸੀ। ਪਰ ਫਿਰ
ਵੀ ਲਾਲਚ ਮੋਹ ਦਾ ਕਤਲ ਕਰ ਗਿਆ।
“ਚੰਗਾ ਸਰਦਾਰਾ, ਜਿਵੇਂ ਸਰਕਾਰ ਨੇ ਕਰਤੀ…ਮੈਨੂੰ ਤਾਂ ਮਨਜ਼ੂਰ ਕਰਨੀ ਪੈਣੀ ਐ।” ਕਹਿੰਦੇ ਨੈਬ ਦਾ ਹਾਉਕਾ ਨਿਕਲ ਗਿਆ।
ਰੋਟੀ ਖਾ ਉਨ੍ਹਾਂ ਮੰਜੇ ਮੱਲ ਲਏ। ਨੈਬ ਦੀ ਨੀਂਦ ਖੰਭ ਲਾ ਕੇ ਉੱਡ ਗਈ ਸੀ। ਉਹ ਕਾਫੀ ਚਿਰ
ਪਿਆ ਸੋਚਦਾ ਰਿਹਾ। ਇਕ ਗੱਲ ਵਾਰ-ਵਾਰ ਉਸਦੇ ਦਿਮਾਗ ’ਚ ਆ ਰਹੀ ਸੀ। ਉਸ ਪਾਸਾ ਬਦਲਿਆ ਤੇ ਆਪਣੀ ਘਰ ਵਾਲੀ ਨੂੰ
ਕਹਿਣ ਲੱਗਾ, “ਲੈ ਭਾਗਵਾਨੇ, ਬੁੜ੍ਹਾ ਸੋਡਾ ਵੀ ਮਰਨ ਆਲੈ…ਕੀ ਕਰੀਏ, ਇਹ ਘਾਟਾ ਤਾਂ ਪੂਰਾ ਕਰਨਾ ਈ ਪਊ।”
-0-
No comments:
Post a Comment