ਡਾ. ਸ਼ਿਆਮ ਸੁੰਦਰ
ਦੀਪਤੀ
ਮਨਜੀਤ ਨੇ ਬੂਹਾ ਖੜਕਾਇਆ।
ਵੈਸੇ ਉਹ ਆਪਣੇ ਘਰ ਤੋਂ ਤੁਰੀ, ਇਹੀ ਸੋਚੀ ਜਾਂਦੀ ਸੀ
ਕਿ ਉਹ ਇਹ ਗੱਲ ਕਰਨ ਜਾਵੇ ਕਿ ਨਾ। ਸੁਖਪਾਲ ਨੇ ਬੂਹਾ ਖੋਲ੍ਹਿਆ ਅਤੇ ‘ਸਤਿ ਸ੍ਰੀ ਅਕਾਲ’ ਬੁਲਾਈ।
“ਭੈਣ ਜੀ ਹੈਗੇ ਨੇ?” ਮਨਜੀਤ ਨੇ ਪੁੱਛਿਆ।
“ਨਹੀਂ, ਉਹ ਤਾਂ ਬਾਜ਼ਾਰ ਤਕ ਗਏ ਨੇ। ਤੁਸੀਂ ਲੰਘ ਆਉ।”
ਮਨਜੀਤ ਅੰਦਰ ਆ
ਗਈ। ਡਰਾਇੰਗ ਰੂਮ ਵਿਚ ਬੈਠਣ ਮਗਰੋਂ ਸੁਖਪਾਲ ਨੇ ਆਪਣੀ ਧੀ ਨੂੰ ਪਾਣੀ ਲੈ ਕੇ ਆਉਣ ਲਈ ਕਿਹਾ।
“ਭੈਣ ਜੀ ਨੇ ਕਦੋਂ
ਕੁ ਆਉਣੈ?” ਮਨਜੀਤ ਨੇ ਪੁੱਛਿਆ। ਦਰਅਸਲ ਮਨਜੀਤ ਹੋਰਾਂ ਨੂੰ ਇਸ ਕਾਲੋਨੀ ਵਿਚ ਆਏ ਪੰਜ-ਛੇ ਮਹੀਨੇ
ਹੀ ਹੋਏ ਸੀ। ਇਕ ਵਾਰੀ ਹੀ ਪਹਿਲਾਂ ਆਈ ਸੀ।
“ਦਸ-ਪੰਜ ਮਿੰਟ ਵਿਚ
ਹੀ ਆ ਜਾਣ ਭਾਵੇਂ। ਤੁਸੀਂ…ਕੋਈ ਖਾਸ ਕੰਮ…।” ਸੁਖਪਾਲ ਨੇ ਪੁੱਛਿਆ।
“ਉਹ ਤਾਂ ਕੋਈ
ਨਹੀਂ, ਵੀਰ ਜੀ। ਦਰਅਸਲ ਮੈਂ ਵੀ ਸ਼ਸ਼ੋਪੰਜ ਵਿਚ ਸੀ…” ਫਿਰ ਜ਼ਰਾ ਰੁਕ ਕੇ, “ਚਲੋ, ਇਕ ਹੀ ਗੱਲ ਹੈ।
ਦਰਅਸਲ, ਮੈਂ ਅੱਜ ਸਵੇਰੇ ਗਿਆਰਾਂ ਕੁ ਵਜੇ ਕਿਸੇ ਕੰਮ ਬੈਂਕ ਜਾ ਰਹੀ ਸੀ। ਮੈਂ ਮਾਲ ਰੋਡ ਸਕੂਲ
ਵਿਚ ਲੱਗੀ ਹੋਈ ਹਾਂ ਨਾ, ਕੁੜੀਆਂ ਦੇ ਸਕੂਲ।”
“ਹਾਂ ਜੀ, ਹਾਂ
ਜੀ।” ਸੁਖਪਾਲ ਨੇ ਹਾਮੀ ਭਰੀ।
“ਉੱਥੇ ਚੌਰਾਹੇ ’ਤੇ,
ਆਪਣਾ ਇਹ ਬੇਟਾ ਹੈ ਨਾ, ਕੀ ਨਾਂ ਹੈ ਉਸ ਦਾ…”
“ਸੋਨੂ।”
“ਹਾਂ, ਸੋਨੂ ਆਪਣੇ
ਕੁਝ ਦੋਸਤਾਂ ਨਾਲ ਖੜ੍ਹਾ ਸੀ ਅਤੇ ਇਹ ਕੁਝ ਅਜਿਹੀਆਂ ਹਰਕਤਾਂ ਕਰ ਰਹੇ ਸੀ, ਜੋ ਮੈਨੂੰ ਚੰਗਾ ਨਹੀਂ ਲੱਗਾ। ਮੈਂ ਸੋਚਿਆ,
ਮਾਂ-ਪਿਓ ਸੁਚੇਤ ਹੋਣੇ ਚਾਹੀਦੇ ਨੇ।” ਮਨਜੀਤ ਨੇ ਠਰਮ੍ਹੇ ਨਾਲ ਆਪਣੀ ਚਿੰਤਾ ਪ੍ਰਗਟਾਈ।
ਸੁਖਪਾਲ ਤਾਂ
ਜਿਵੇਂ ਇਕ ਵਾਰੀ ਨਪੀੜਿਆ ਗਿਆ। ਸੋਨੂੰ…ਮਾਲ ਰੋਡ ’ਤੇ…ਭੈੜੀਆਂ ਹਰਕਤਾਂ…ਸੱਚਿਓਂ…ਇਨ੍ਹਾਂ ਨੂੰ ਆਏ
ਕੋਈ ਖਾਸ ਸਮਾਂ ਵੀ ਨਹੀਂ ਹੋਇਆ। ਇਨ੍ਹਾਂ ਦੇ ਗ੍ਰਹਿ ਪ੍ਰਵੇਸ਼ ਵੇਲੇ ਅਖੰਡ ਪਾਠ ਦੇ ਭੋਗ ’ਤੇ ਗਏ
ਸੀ। ਉਸ ਤੋਂ ਬਾਅਦ ਜੇ ਕਦੇ ਮਿਲਣਾ-ਮਿਲਾਉਣਾ ਹੋਇਆ ਵੀ ਹੈ ਤਾਂ ਬਸ ਗਲੀ ਵਿਚ—ਹੈਲੇ, ਸਸਰੀ ਕਾਲ।
ਅੱਠ-ਦਸ ਘਰ ਪਰਾਂ ਘਰ। ਕਿੱਥੇ ਵਰਤਿਆ ਜਾਂਦਾ ਹੈ ਸਭ ਨਾਲ। ਕਈਆਂ ਨੂੰ ਵੈਸੇ ਹੀ ਆਦਤ ਹੁੰਦੀ ਹੈ
ਦੂਜਿਆਂ ਦੇ ਘਰ ਵਿਚ ਦਖਲਅੰਦਾਜ਼ੀ ਕਰਨ ਦੀ। ਉਹ ਮਾੜਾ ਜਿਹਾ ਸੰਭਲਿਆ।
“ਦੇਖੋ ਭੈਣ ਜੀ! ਤੁਹਾਨੂੰ ਸ਼ਾਇਦ ਬੇਟੇ ਦੀ ਪਛਾਣ ਵਿਚ ਭੁਲੇਖਾ ਪਿਐ। ਸਾਡਾ ਬੇਟਾ ਤਾਂ ਬਿਲਕੁਲ ਸਾਊ ਹੈ।” ਫਿਰ ਕੁਝ ਦੇਰ ਰੁਕ ਕੇ, ਕੁਝ ਗੁੱਸੇ ਦੇ ਭਾਵ ਵਿਚ
ਬੋਲਿਆ, “ਦੇਖੋ! ਦੂਸਰਿਆਂ ਦੇ ਬੱਚਿਆਂ ਵਿਚ ਨੁਕਸ ਕੱਢਣ ਦੀ ਬਜਾਏ ਆਪਣੇ ਬੱਚਿਆਂ ਨੂੰ ਸਾਂਭੋ ਤਾਂ ਚੰਗਾ ਹੈ।”
ਮਨਜੀਤ ਨੂੰ ਅਜਿਹੀ
ਸਥਿਤੀ ਦੀ ਆਸ ਸੀ।
“ਚਲੋ ਖੈਰ! ਮੁਆਫ਼ੀ
ਚਾਹੁੰਦੀ ਹਾਂ।” ਮਨਜੀਤ ਨੇ ਸਹਿਜਤਾ ਨਾਲ ਜਵਾਬ ਦਿੱਤਾ, “ਪਰ ਵੀਰ ਜੀ ਆਪਾਂ ਪੇਂਡੂ ਸੁਭਾਅ ਦੇ
ਬੰਦੇ ਹਾਂ। ਆਪਾਂ ਸਾਰੇ ਹੀ ਇਨ੍ਹਾਂ ਕਾਲੋਨੀਆਂ ਵਿਚ ਏਧਰੋਂ-ਉਧਰੋਂ, ਪਿੰਡਾਂ ਤੋਂ ਉਠ ਕੇ,
ਬੱਚਿਆਂ ਖਾਤਰ ਹੀ ਆਏ ਬੈਠੇ ਹਾਂ। ਮੈਂ ਤਾਂ ਪੜੋਸੀ ਦੇ ਨਾਤੇ ਕਹਿ ਲਵੋ, ਜਿਵੇਂ ਮਰਜ਼ੀ ਸਮਝ ਲਵੋ,”
ਤੇ ਫਿਰ ਜਾਣ ਲਈ ਸੋਫੇ ਤੋਂ ਉਠਦਿਆਂ ਬੋਲੀ, “ਪਰ ਵੀਰ ਜੀ, ਜੇਕਰ ਇਹ ਮੇਰਾ ਭਤੀਜਾ ਹੁੰਦਾ ਨਾ,
ਮੈਂ ਉਸ ਨੂੰ ਉੱਥੋਂ ਹੀ ਕੰਨੋਂ ਫੜ ਕੇ ਘਰ ਲੈ ਆਉਣਾ ਸੀ।”
-0-
No comments:
Post a Comment