-moz-user-select:none; -webkit-user-select:none; -khtml-user-select:none; -ms-user-select:none; user-select:none;

Saturday, February 22, 2014

ਪਤਝੜ ਦੇ ਪੱਤੇ



ਹਰਭਜਨ  ਸਿੰਘ ਖੇਮਕਰਨੀ

ਸ਼ਹਿਰ ਆਉਣ ਤੇ ਵੱਸਣ ਸਿੰਘ ਨੂੰ ਉਸ ਦੇ ਐਸ. ਪੀ. ਲੱਗੇ ਪੁੱਤਰ ਨੇ ਆਪਣੇ ਪਿਤਾ ਦਾ ਕੋਠੀ ਦੇ ਇੱਕ ਕਮਰੇ ਵਿੱਚ ਰਹਿਣ ਦਾ ਸੁਵਿਧਾ-ਪੂਰਵਕ ਪ੍ਰਬੰਧ ਕਰ ਦਿੱਤਾ। ਉਚੇਚੇ ਤੌਰ ਤੇ ਨੌਕਰ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਰੋਟੀ-ਪਾਣੀ, ਚਾਹ, ਦੁਆਈਆਂ ਸਭ ਕੁਝ ਸਮੇਂ ਸਿਰ ਮਿਲ ਜਾਂਦਾ, ਪਰ ਪਿੰਡ ਨੂੰ ਯਾਦ ਕਰਦਿਆਂ ਅਕਸਰ ਉਸ ਦੀਆਂ ਅੱਖਾਂ ਦੇ ਕੋਇਆਂ ਵਿੱਚ ਪਾਣੀ ਅਟਕਿਆ ਰਹਿੰਦਾ। ਪੁੱਤਰ ਸਮਾਂ ਕੱਢਕੇ ਕੋਈ-ਕੋਈ ਸ਼ਾਮ ਸੁਰਮਈ ਕਰਵਾਉਣ ਵਿੱਚ ਸਾਥ ਵੀ ਦੇ ਜਾਂਦਾ ਤੇ ਬੱਚੇ ਵੀ ਦਾਦੇ ਦੀਆਂ ਸਮਝ ਵਿੱਚ ਨਾ ਆਉਣ ਵਾਲੀਆਂ ਗੱਲਾਂ ਤੇ ਵੀ ਹੁੰਗਾਰੇ ਭਰਦੇ ਤਾਂ ਕੁਝ ਪਲ ਲਈ ਉਦਾਸੀਨਤਾ ਚਿਹਰੇ ਦੀਆਂ ਝੁਰੀਆਂ ਵਿੱਚ ਆਪਣਾ ਮੂੰਹ ਛੁਪਾ ਲੈਂਦੀ। ਪਿੰਡ ਦੀ ਯਾਦ ਸਤਾਉਣ ਤੇ ਉਹ ਬੱਸ-ਸਟੈਂਡ ਤੇ ਆ ਕੇ ਪਿੰਡ ਨੂੰ ਜਾਣ ਵਾਲੀ ਬੱਸ ਨਿਹਾਰਦਾ ਤਾਂ ਕੋਈ ਨਾ ਕੋਈ  ਜਾਣ-ਪਹਿਚਾਣ ਵਾਲਾ ਮਿਲ ਹੀ ਜਾਂਦਾ, ਜਿਸ ਨਾਲ ਦੋ-ਚਾਰ ਗੱਲਾਂ ਕਰਕੇ ਮਨ ਹੌਲਾ ਕਰ ਲੈਂਦਾ।
ਅੱਜ ਵੀ ਜਦੋਂ ਉਹ ਮਨ ਹੱਥੋਂ ਮਜ਼ਬੂਰ ਹੋ ਬੱਸ-ਸਟੈਂਡ ਤੇ ਪਹੁੰਚਿਆ ਤਾਂ ਉੱਥੇ ਉਸਦਾ ਲੰਗੋਟੀਆ ਯਾਰ ਸਰਦੂਲ ਸਿੰਘ ਮਿਲ ਪਿਆ। ਸੁਖ-ਸਾਂਦ ਪੁੱਛਣ ਦੱਸਣ ਉਪ੍ਰੰਤ ਸਰਦੂਲ ਸਿੰਘ ਨਿਹੋਰੇ ਨਾਲ ਬੋਲਿਆ, ਤੂੰ ਤਾਂ ਯਾਰ ਸਾਨੂੰ ਭੁੱਲਦਾ ਹੀ ਜਾਨੈਂ, ਕਿੰਨਾ ਚਿਰ ਹੋ ਗਿਐ ਪਿੰਡ ਗੇਾ ਹੀ ਨਹੀਂ ਮਾਰਿਆ।
“ਭਰਾਵਾ ਕਿਸ ਬਹਾਨੇ ਗੇੜਾ ਮਾਰਾਂਜਾਇਦਾਦ ਮੁੰਡਿਆਂ ਵੇਚ ਛੱਡੀ ਆ। ਰਿਸ਼ਤੇਦਾਰੀਆਂ ਵਿੱਚ ਸੱਦਣ ਸਦਾਉਣ ਘੱਟ ਗਿਐ।”
“ਉਏ ਮੈਂ ਤਾਂ ਅਜੇ ਜਿਉਂਦਾ ਆਂ, ਜਿੰਨਾ ਚਿਰ ਮਰਜ਼ੀ ਮੇਰੇ ਕੋਲ ਰਹਿ। ਵੈਸੇ ਦਿਲਸ਼ੇਰ ਸੇਵਾ ਤਾਂ ਕਰਦਾ ਹੋਣੈ?”
“ਰੱਬ ਦਾ ਸ਼ੁਕਰ ਏ ਭਰਾਵਾ, ਰੋਟੀ-ਪਾਣੀ ਸਭ ਕੁਝ ਸਮੇਂ ਸਿਰ ਮਿਲ ਜਾਂਦੈ। ਬੱਸ ਇੱਕੋ ਗੱਲ ਰੜਕਦੀ ਆ ਕਿ ਦਿਲਸ਼ੇਰ ਨੂੰ ਮਿਲਣ-ਗਿਲਣ ਵਾਲੇ ਮੇਰੀ ਇੱਜ਼ਤ ਕਰਨ ਦਾ ਢੌਂਗ ਜਿਹਾ ਕਰਦੇ ਲਗਦੇ ਨੇ।”
“ਐਸ ਉਮਰੇ ਮਨ ਤੇ ਵਾਧੂ ਬੋਝ ਪਾਣਾ ਚੰਗਾ ਨਹੀਂ ਹੁੰਦਾ। ਸਮੇਂ ਨਾਲ ਸਮਝੌਤਾ ਕਰਨਾ ਹੀ ਸਿਆਣਪ ਏ। ਲੈ ਸੁਣ, ਮੇਰੇ ਵੱਡੇ ਮੁੰਡੇ ਨੇ ਆਪਣੀ ਕੁੜੀ ਦੀ ਮੰਗਣੀ ਕਰ ਲਈ ਏ, ਪਰ ਮੈਨੂੰ ਪੁੱਛਿਆ ਤੱਕ ਨਹੀਂ ਕਿ ਸਾਕ ਕਰੀਏ ਕਿ ਨਾ। ਸੱਚ ਪੁੱਛੇਂ ਤਾਂ ਮੇਰੀ ਰੋਟੀ ਵੀ ਹੁਣ ਉਨ੍ਹਾਂ ਨੂੰ ਭਾਰੂ ਲਗਦੀ ਏ। ਬੱਸ ਜੂਨ ਪੂਰੀ ਕਰਨ ਦਾ ਵੇਲਾ ਆ ਗਿਐ।” ਕਹਿੰਦਿਆਂ ਸਰਦੂਲ ਸਿੰਘ ਤੁਰੀ ਜਾਂਦੀ ਬੱਸ ਵਿੱਚ ਜਾ ਚੜ੍ਹਿਆ।
ਵੱਸਣ ਸਿੰਘ ਨੂੰ ਇੰਝ ਲੱਗਿਆ ਕਿ ਉਸਦੇ ਚਿਹਰੇ ਦੀਆਂ ਝੁਰੜੀਆਂ ਵਿੱਚ ਬੈਠੀ ਉਦਾਸੀ ਮੁਸਕਰਾ ਰਹੀ ਹੋਵੇ।
                                         -0-

No comments: