ਅਵਤਾਰ ਸਿੰਘ
ਕਾਲਜ ਦੇ ਸੈਮੀਨਾਰ
ਵਿਚ ਉਸਦੇ ਪਿਤਾ ਮੁੱਖ ਮਹਿਮਾਨ ਸਨ। ਔਰਤ ਦੇ ਅਧਿਕਾਰਾਂ ਸਬੰਧੀ ਬੋਲਦਿਆਂ ਉਹਨਾਂ ਨੇ ਕਿਹਾ, “ਔਰਤ ਤੇ ਮਰਦ ਬਰਾਬਰ ਹਨ, ਉਹਨਾਂ ਦੇ ਅਧਿਕਾਰ ਵੀ ਬਰਾਬਰ ਹੋਣੇ
ਚਾਹੀਦੇ ਹਨ। ਮੈਂ ਤਾਂ ਔਰਤ ਨੂੰ ਮਰਦ ਤੋਂ ਵੀ ਉੱਚਾ ਦਰਜਾ ਦਿੰਦਾ ਹਾਂ। ਮੈਂ ਉਸਦੀ ਤੁਲਨਾ ਧਰਤੀ ਨਾਲ ਕਰਦਾ ਹਾਂ। ਧਰਤੀ ਜੋ ਸਭ ਕੁਝ
ਸਹਿੰਦੀ ਹੈ, ਪਰ ਉਫ ਵੀ ਨਹੀਂ ਕਰਦੀ…।”
ਅੰਤ ਵਿਚ ਉਹਨਾਂ ਨੇ ਸਨਮਾਨ-ਚਿੰਨ੍ਹ ਵੀ ਆਪਣੀ ਬੇਟੀ ਦੇ ਹੱਥੋਂ ਲੈਣ ਦੀ ਇੱਛਾ ਪ੍ਰਗਟਾਈ ਤਾਂ
ਉਹ ਗਦਗਦ ਹੋ ਉੱਠੀ।
ਘਰ ਮੁੜਨ ਮਗਰੋਂ ਪਿਤਾ ਨੂੰ ਚੰਗੇ ਮੂਡ ਵਿਚ ਦੇਖ ਉਹ ਬੋਲੀ, “ਪਾਪਾ, ਮੈਂ ਸੁਖਬੀਰ ਨਾਲ ਹੀ ਵਿਆਹ ਕਰਵਾਉਂਗੀ। ਉਹ ਵੀ
ਤੁਹਾਡੇ ਵਾਂਗ ਹੀ ਵਿਚਾਰਵਾਨ ਹੈ।”
“ਗੋਲੀ ਮਾਰ ਦਿਆਂਗਾ ਜੇਕਰ ਅਜਿਹਾ ਸੋਚਿਆ ਵੀ…।”
ਪਿਤਾ ਦੀ ਕੜਕਵੀਂ ਆਵਾਜ਼ ਸੁਣ ਕੇ ਉਹ ਤ੍ਰਭਕ
ਗਈ। ਬਹੁਤ ਹੌਂਸਲਾ ਕਰਕੇ ਉਹ ਦਬਵੀਂ ਜਿਹੀ ਆਵਾਜ਼ ਵਿਚ ਬੋਲੀ, “ਪਾਪਾ, ਵੀਰੇ ਨੇ ਵੀ ਤਾਂ…”
ਪਾਪਾ ਦੇ ਜ਼ੋਰਦਾਰ ਥੱਪੜ ਨੇ ਉਹਦਾ ਵਾਕ ਪੂਰਾ ਨਹੀਂ ਹੋਣ ਦਿੱਤਾ।
ਉਸਨੇ ਫਿਰ ਹੌਂਸਲਾ ਕੀਤਾ, “ਪਰ ਪਾਪਾ, ਤੁਸੀਂ ਤਾਂ ਔਰਤ ਤੇ ਮਰਦ ਦੀ ਬਰਾਬਰੀ ਦੀ ਗੱਲ ਕੀਤੀ ਸੀ…”
“ਮੈਂ ਔਰਤ ਦੀ ਤੁਲਨਾ ਧਰਤੀ ਨਾਲ ਵੀ ਕੀਤੀ ਸੀ, ਜੋ ਸਾਰੇ ਧੱਕੇ
ਸਹਿੰਦੀ ਐ ਤੇ ਕੁਝ ਨਹੀਂ ਬੋਲਦੀ। ਅੱਗੇ ਤੋਂ ਮੇਰੇ ਨਾਲ ਜਬਾਨ ਨਾ ਲੜਾਵੀਂ।”
-0-
No comments:
Post a Comment