ਹਰਜਿੰਦਰ
ਪਾਲ ਕੌਰ ਕੰਗ
ਕਿਸ਼ਨਾ ਕਿਸੇ ਕੰਮ ਵਾਸਤੇ ਦਿੱਲੀ ਗਿਆ ਸੀ। ਲੁਧਿਆਣੇ ਪਹੁੰਚਦਿਆਂ ਬੱਸ ਕਾਫੀ ਲੇਟ ਹੋ ਗਈ।
ਕਿਸ਼ਨੇ ਦਾ ਪਿੰਡ ਲੁਧਿਆਣੇ ਤੋਂ ਕੋਈ ਪੱਚੀ-ਤੀਹ ਕਿਲੋਮੀਟਰ ਦੂਰ ਸੀ। ਜਿੱਥੇ ਰਾਤ ਦੇ ਅੱਠ ਵਜੇ
ਤੋਂ ਬਾਦ ਪਹੁੰਚਣਾ ਬਹੁਤ ਮੁਸ਼ਕਲ ਸੀ। ਉਸ ਨੇ ਸੋਚਿਆ ਇੱਥੇ ਮੇਰੀ ਸਕੀ ਸਾਲੀ ਦੇ ਨੂੰਹ-ਪੁੱਤਰ
ਰਹਿੰਦੇ ਹਨ। ਪੁੱਤਰ ਖੇਤੀਬਾੜੀ ਇੰਸਪੈਕਟਰ ਸੀ ਤੇ ਨੂੰਹ ਕਾਲਜ ਵਿੱਚ ਪ੍ਰੋਫੈਸਰ। ਉਸ ਦਾ ਬਹੁਤ ਦਿਲ ਕੀਤਾ ਕਿ ਉਹ ਉਨ੍ਹਾਂ
ਦੇ ਘਰ ਚਲਾ ਜਾਵੇ। ਇਕ ਤਾਂ ਉਹ ਉੱਥੇ ਰਾਤ ਕੱਟ ਲਵੇਗਾ ਤੇ ਦੂਸਰਾ ਮਿਲਿਆਂ ਨੂੰ ਬਹੁਤ ਦੇਰ ਹੋ ਗਈ
ਸੀ, ਸੋ ਉਨ੍ਹਾਂ ਨੂੰ ਮਿਲ ਵੀ ਲਵੇਗਾ।
ਕਿਸ਼ਨੇ ਨੇ ਅੱਡੇ ਵਿੱਚੋਂ ਹੀ ਰਿਕਸ਼ਾ ਕਰ ਲਿਆ। ਰਿਕਸ਼ੇ ਵਿੱਚ ਬੈਠਾ ਕਿਸ਼ਨਾ ਸੋਚ ਰਿਹਾ ਸੀ…ਅੱਜ ਮੇਰਾ ਭਣੇਵਾਂ ਮਿਲੇਗਾ ਤਾਂ ਕਿੰਨਾ ਖੁਸ਼ ਹੋਵੇਗਾ।
ਉਸ ਨੂੰ ਉਸਦਾ ਸਾਰਾ ਬਚਪਨ ਯਾਦ ਆ ਗਿਆ ਕਿ ਕਿਵੇਂ ਉਹ ਉਸਨੂੰ ਛੋਟੇ ਹੁੰਦੇ ਨੂੰ ਆਪਣੇ ਹੱਥੀਂ
ਖਿਲਾਉਂਦਾ ਸੀ। ਜਦੋਂ ਉਹ ਲੁਧਿਆਣੇ ਯੂਨੀਵਰਸਿਟੀ ਪੜ੍ਹਦਾ ਸੀ ਤਦ ਵੀ ਉਸਦੀ ਮਾਸੀ ਨੇ ਕਦੇ ਖੋਆ ਮਾਰ ਕੇ
ਭੇਜਣਾ ਤੇ ਕਦੇ ਕਈ ਤਰ੍ਹਾਂ ਦੇ ਪਕਵਾਨ। ਉਹ ਸੋਚਦਾ ਹੁਣ ਤਾਂ ਦਿਲਬਾਗ ਦੇ ਬੱਚੇ ਵੀ ਜੁਆਨ ਹੋ ਗਏ
ਹੋਣਗੇ। ਜਦ ਦਿਲਬਾਗ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਦੱਸੇਗਾ ਤਾਂ ਉਹ ਮੈਂਨੂੰ ਪੁਰਾਣੇ ਰਿਸ਼ਤੇਦਾਰ
ਨੂੰ ਮਿਲ ਕੇ ਕਿੰਨੇ ਖੁਸ਼ ਹੋਣਗੇ।…ਉਸ ਦੀ ਸੋਚ ਦੀ ਲੜੀ ਅਜੇ ਜਾਰੀ ਹੀ ਸੀ ਕਿ ਰਿਕਸ਼ੇ ਵਾਲੇ ਨੇ ਰਿਕਸ਼ਾ ਰੋਕ ਕੇ ਕਿਹਾ, “ਉਤਰ ਬਾਬਾ, ਭਾਰਤ ਨਗਰ ਆ ਗਿਆ।”
ਕਿਸ਼ਨੇ ਨੇ ਰਿਕਸ਼ਾ ਵਾਲੇ ਨੂੰ ਖੜਕਦਾ ਹੋਇਆ ਵੀਹ ਦਾ ਨੋਟ ਫੜਾ
ਕੇ ਫਟਾ ਫਟ ਚਾਦਰ ਦਾ ਪੱਲਾ ਠੀਕ ਕਰਦੇ ਹੋਇਆਂ ਦਿਲਬਾਗ ਦੇ ਘਰ ਦਾ ਗੇਟ ਖੜਕਾਇਆ। ਅੰਦਰੋਂ
ਬਾਰਾਂ-ਤੇਰਾਂ ਸਾਲ ਦੀ ਲੜਕੀ ਭੱਜੀ ਆਈ, ਗੇਟ ਵਿੱਚੋਂ ਦੀ ਵੇਖ ਕੇ ਬੋਲੀ, “ਮੰਮੀ, ਬਾਹਰ ਕੋਈ
ਮੰਗਤਾ ਆਇਆ ਲਗਦਾ।”
ਦਿਲਬਾਗ ਦੀ ਪਤਨੀ ਨੇ ਗੇਟ ਖੋਲ੍ਹ ਕੇ ਕਿਸ਼ਨੇ ਨੂੰ ਪੁੱਛਿਆ, “ਬਾਬਾ,
ਕਿਸਨੂੰ ਮਿਲਣਾ ਤੂੰ?”
“ਮੈਂ ਦਿਲਬਾਗ ਦਾ ਮਾਸੜ ਆਂ। ਸ਼ਹਿਰ ਆਇਆ ਸਾਂ, ਸੋਚਿਆ ਦਿਲਬਾਗ
ਨੂੰ ਮਿਲ ਚੱਲਾਂ।
ਬੜਾ ਦਿਲ ਕਰਦਾ ਸੀ ਮਿਲਣ ਨੂੰ।”
ਕਿਸ਼ਨਾ ਬੀਬੀ ਦੇ ਪਿੱਛੇ ਪਿੱਛੇ ਹੋ ਤੁਰਿਆ। ਉਸ ਦੇ ਮਗਰ ਹੀ ਜਦ
ਡਰਾਇਂਗ ਰੂਮ ਵਿੱਚ ਵੜਨ ਲੱਗਾ ਤਾਂ ਬੀਬੀ ਬੋਲੀ, “ਬਾਬਾ ਰੁਕ, ਇਹ ਗੈਸਟ ਰੂਮ ਏ” ਤੇ ਅੰਦਰੋਂ
ਗੈਰਜ ਦੀ ਚਾਬੀ ਲੈ ਕੇ ਕਿਸ਼ਨੇ ਨੂੰ ਗੈਰਜ ਵਿੱਚ ਲੈ ਗਈ। ਉੱਥੇ ਪਈ ਮੰਜੀ ਵੱਲ ਇਸ਼ਾਰਾ ਕਰਕੇ ਬੋਲੀ,
“ਬਾਬਾ, ਬੈਠ ਜਾ। ਦਿਲਬਾਗ ਤਾਂ ਅੱਜ ਕਿਸੇ ਜ਼ਰੂਰੀ ਮੀਟਿੰਗ ਤੇ ਗਿਆ ਏ, ਸ਼ਾਇਦ ਰਾਤ ਨੂੰ ਨਾ ਆਵੇ।
ਉੱਥੇ ਹੀ ਕਿਸ਼ਨੇ ਨੂੰ ਚਾਹ ਪਾਣੀ ਤੇ ਰੋਟੀ ਭੇਜ ਦਿੱਤੀ। ਖਾ ਪੀ ਕੇ ਕਿਸ਼ਨਾ ਮੰਜੇ ਤੇ ਲੇਟ ਗਿਆ ਤੇ
ਆਪਣੇ ਆਸੇ ਪਾਸੇ ਕਾਰ, ਸਕੂਟਰ, ਮੋਪੇਡ ਤੇ ਸਾਈਕਲ ਲੱਗੇ ਵੇਖਦਾ ਰਿਹਾ।
-0-
No comments:
Post a Comment