ਰਾਜਿੰਦਰ ਸਿੰਘ ‘ਬੇਗਾਨਾ’
ਬੰਤਾ ਸਿੰਘ ਕਸਬੇ ਦਾ ਇਕ ਸਧਾਰਨ ਦੁਕਾਨਦਾਰ ਸੀ। ਧਾਰਮਿਕ ਖਿਆਲਾਂ ਦਾ
ਹੋਣ ਕਾਰਨ ਉਹ ਇੱਕ-ਦੋ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਕੰਮ ਕਰਨ ਲੱਗਾ। ਸਮਾਜ ਸੇਵਾ ਦੇ ਕੰਮ
ਕਰਦਿਆਂ ਉਸ ਨੂੰ ਪਤਾ ਨਹੀਂ ਕਦੋਂ ਰਾਜਨੀਤੀ ਦਾ ਭੁੱਸ ਪੈ ਗਿਆ ਤੇ ਉਹ ਨੇਤਾ ਬਣਨ ਦੇ ਸੁਪਨੇ ਵੇਖਣ
ਲੱਗਾ।
ਕਸਬੇ ਦੀ ਨਗਰ ਪੰਚਾਇਤ ਦੀਆਂ ਚੋਣਾਂ ਦਾ ਸਮਾਂ ਆ ਗਿਆ। ਬੰਤੇ ਨੇ ਸੋਚਿਆ
ਕਿ ਮੌਕਾ ਚੰਗਾ ਹੈ ਤੇ ਚੋਣਾਂ ਲੜਨ ਦਾ ਮਨ ਬਣਾ ਲਿਆ। ਉਸ ਨੇ ਸੋਚਿਆ– ਮੁਹੱਲੇ ਵਿਚ ਲਗਭਗ ਸਾਰੀ
ਆਬਾਦੀ ਹੀ ਉਸ ਦੀ ਆਪਣੀ ਬਰਾਦਰੀ ਦੀ ਹੈ। ਉਸਦੀ
ਵਿਗੜੀ ਵੀ ਕਿਸੇ ਨਾਲ ਨਹੀਂ, ਸੋ ਵੋਟਾਂ ਤਾਂ ਸਾਰੀਆਂ ਉਸਦੀਆਂ ਹੀ ਹਨ।
ਯਾਰਾਂ-ਦੋਸਤਾਂ ਨੇ ਬਹੁਤ ਸਮਝਾਇਆ– ‘ਬਈ ਬੰਤਿਆ, ਇਹ ਵੋਟਾਂ
ਆਲਾ ਪੰਗਾ ਨਾ ਲੈ, ਇਹ ਤੇਰੇ ਵੱਸ ਦਾ ਨਈਂ। ਨਾਲੇ ਤੇਰਾ ਵਿਰੋਧੀ ਉਮੀਦਵਾਰ ਬਹੁਤ ਸਰਮਾਏਦਾਰ ਬੰਦਾ
ਐ, ਉਸ ਨੇ ਤੇਰੇ ਪੈਰ ਨਈਂ ਲੱਗਣ ਦੇਣੇ।’
ਪਰ ਬੰਤਾ ਆਪਣੀ ਸੋਚ ਉੱਤੇ ਕਾਇਮ ਰਿਹਾ।
ਵੋਟਾਂ ਪਈਆਂ। ਨਤੀਜਾ ਨਿਕਲਿਆ। ਬੰਤਾ ਸਿੰਘ ਆਪਣੀ ਸਾਰੀ ਜਮਾਂ ਪੂੰਜੀ
ਲੁਟਾ ਕੇ ਹਾਰ ਗਿਆ। ਉਸਦੀ ਬਰਾਦਰੀ ਦੇ ਲੋਕਾਂ ਨੂੰ ਪਤਾ ਸੀ ਕਿ ਜੇ ਬੰਤਾ ਸਿੰਘ ਜਿੱਤ ਗਿਆ ਤਾਂ
ਉਹਨਾਂ ਨੂੰ ਸਰਮਾਏਦਾਰ ਦੇ ਘਰੋਂ ਲੱਸੀ ਮਿਲਣੀ ਬੰਦ ਹੋ ਜਾਵੇਗੀ।
-0-
No comments:
Post a Comment