ਕੁਲਵਿੰਦਰ
ਕੌਸ਼ਲ
ਪਿਛਲੇ ਦਿਨੀਂ ਮੇਰੀ ਸਹੇਲੀ ਕਮਲਾ ਦੇ ਪਤੀ ਦੀ ਮੌਤ ਹੋ ਗਈ ਸੀ। ਮੈਥੋਂ ਰੁਝੇਵਿਆਂ ਕਾਰਨ
ਅਫ਼ਸੋਸ ਕਰਨ ਵੀ ਨਹੀਂ ਜਾਇਆ ਗਿਆ। ਅੱਜ ਮਸਾਂ ਸਮਾਂ ਕੱਢ ਕੇ ਉਸ ਦੇ ਘਰ ਗਈ ਸੀ। ਕਮਲਾ ਬੜੇ ਜੋਸ਼
ਨਾਲ ਮੈਨੂੰ ਮਿਲੀ। ਮੈਂ ਤਾਂ ਸੋਚਦੀ ਸੀ ਕਿ ਉਹ ਮੁਰਝਾ ਗਈ ਹੋਵੇਗੀ, ਬਿਲਕੁਲ ਟੁੱਟ ਗਈ ਹੋਵੇਗੀ।
ਪਰ ਅਜਿਹਾ ਕੁਝ ਵੀ ਨਹੀਂ ਸੀ। ਉਸ ਦੇ ਪਤੀ ਲਈ ਅਫ਼ਸੋਸ ਕਰਨ ਤੇ ਉਹ ਚੁੱਪ ਜਿਹੀ ਹੋ ਗਈ। ਫਿਰ
ਗੰਭੀਰ ਹੋ ਕੇ ਬੋਲੀ, “ਮਰ ਚੁੱਕਿਆਂ ਨਾਲ ਮਰਿਆ ਤਾਂ ਨਹੀਂ ਜਾਂਦਾ…ਬੱਚਿਆਂ ਲਈ ਮੈਨੂੰ ਹੌਸਲਾ ਰੱਖਣਾ ਹੀ ਪਊਗਾ।”
“ਹਾਂ, ਇਹ ਤਾਂ ਠੀਕ ਹੈ, ਪਰ ਇਕੱਲੀ ਔਰਤ…” ਮੈਂ ਆਪਣੀ ਗੱਲ ਪੂਰੀ ਵੀ ਨਹੀਂ
ਕੀਤੀ ਸੀ ਕਿ ਕਮਲਾ ਦੀ ਬੱਚੀ ਰੋਂਦੀ ਹੋਈ ਸਾਡੇ ਕੋਲ ਆ ਗਈ।
“ਮਾਂ, ਦੇਖੋ ਬਬਲੂ ਨੇ ਮੇਰਾ ਘਰ ਢਾਹ ਦਿੱਤਾ।”
“ਰੋਂਦੇ ਨਹੀਂ ਬੇਟੇ, ਮੈਂ ਬਬਲੂ ਨੂੰ ਮਾਰਾਂਗੀ। ਅੱਛੇ ਬੱਚੇ
ਘਰ ਨੂੰ ਫਿਰ ਬਣਾਉਣਗੇ, ਚਲੋ।”
“ਹਾਂ ਮੰਮੀ, ਮੈਂ ਫਿਰ ਘਰ ਬਣਾਵਾਂਗੀ।” ਕਹਿੰਦੀ ਹੋਈ ਬੱਚੀ ਬਾਹਰ
ਨੂੰ ਭੱਜ ਗਈ।
“ਕੀ ਕਹਿੰਦੀ ਸੀ ਤੂੰ, ਇਕੱਲੀ ਐਰਤॽ ਮੈਂ ਇਕੱਲੀ ਕਿੱਥੇ ਹਾਂ। ਮੇਰੇ
ਦੋ ਬੱਚੇ ਨੇ। ਦੇਖੀਂ ਕੁਝ ਦਿਨਾਂ ’ਚ ਉਡਾਰ ਹੋ ਜਾਣਗੇ।”
ਅਸੀਂ ਕਾਫੀ ਸਮਾਂ ਗੱਲਾਂ ਕਰਦੀਆਂ ਰਹੀਆਂ। ਜਦੋਂ ਮੈਂ ਕਮਲਾ ਦੇ ਘਰੋਂ ਬਾਹਰ ਨਿਕਲੀ ਤਾਂ
ਦੇਖਿਆ ਕਿ ਉਸਦੇ ਬੱਚੇ ਦੁਬਾਰਾ ਘਰ ਬਣਾ ਕੇ ਖੇਡ ਰਹੇ ਸੀ।
-0-
No comments:
Post a Comment