-moz-user-select:none; -webkit-user-select:none; -khtml-user-select:none; -ms-user-select:none; user-select:none;

Sunday, January 19, 2014

ਕੀਮਤ



 ਬੂਟਾ ਰਾਮ

ਮੈਨੂੰ ਆਪਣੇ ਕੁਲੀਗ ਜਗਤਾਰ ਦੇ ਲੜਕੇ ਦੇ ਐਕਸੀਡੈਂਟ ਬਾਰੇ ਪਤਾ ਲੱਗਾ। ਮੈਂ ਹਾਲਚਾਲ ਜਾਣਨ ਲਈ ਤੁਰੰਤ ਹਸਪਤਾਲ ਪਹੁੰਚ ਗਿਆ। ਜਗਤਾਰ ਉਸ ਸਮੇਂ ਹਸਪਤਾਲ ਵਿਚ ਨਹੀਂ ਸੀ। ਉਸਦੀ ਪਤਨੀ ਲੜਕੇ ਕੋਲ ਸੀ।
ਸਤਿ ਸ੍ਰੀ ’ਕਾਲ ਭੈਣ ਜੀ!
ਉਸਨੇ ਦੋਵੇਂ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਕਬੂਲ ਕਰ ਲਈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਵੇਂ ਸ਼ੁਰੂ ਕਰਾਂ। ਕੁਝ ਪਲਾਂ ਬਾਦ  ਮੈਂ ਪੁੱਛ ਲਿਆ, ਭੈਣ ਜੀ, ਕਿਵੇਂ ਹੋ ਗਿਆ ਇਹ ਐਕਸੀਡੈਂਟ?
ਸਵੇਰੇ ਜੀ ਇਹ ਆਵਦੀ ਡਿਊਟੀ ’ਤੇ ਜਾ ਰਿਹਾ ਸੀ। ਅਚਾਨਕ ਮੋਟਰਸਾਇਕਲ ਅੱਗੇ ਕੁੱਤਾ ਆ ਗਿਆ। ਇਹਤੋਂ ਕੰਟਰੋਲ ਨਹੀਂ ਹੋਇਆ…।
ਰੱਬ ਦਾ ਸ਼ੁਕਰ ਕਰਨਾ ਚਾਹੀਦੈ ਕਿ ਬਚਾਅ ਹੋ ਗਿਆ। ਵੈਸੇ ਸਿਰ ਤੇ ਤਾਂ ਸੱਟ ਨਹੀਂ ਵੱਜੀ?
ਪੱਗ ਕਰਕੇ ਸਿਰ ਦੀ ਸੱਟ ਤੋਂ ਤਾਂ ਬਚਾਅ ਹੋ ਗਿਆ। ਪਰ ਇਕ ਪਾਸੇ ਜ਼ੋਰ ਨਾਲ ਡਿੱਗਣ ਕਰਕੇ ਲੱਤ ਦੀ ਹੱਡੀ ਟੁੱਟ ਗਈ…ਹੁਣ…।ਉਸਦੀਆਂ ਅੱਖਾਂ ਵਿੱਚ ਪਾਣੀ ਆ ਗਿਆ।
ਮੁੰਡੇ ਦੀ ਜਾਨ ਬਚ ਗਈ। ਉਸ ਮਾਲਕ ਦਾ ਸ਼ੁਕਰ ਕਰੋ, ਜੁਆਨ ਏ…ਜਲਦੀ ਈ ਜ਼ਖ਼ਮ ਭਰ ਜਾਣਗੇ।ਮੈਂ ਧਰਵਾਸ ਦਿੱਤੀ।
ਜਵਾਨ ਹੋਣ ਦਾ ਤਾਂ ਦੁੱਖ ਏ ਭਰਾ ਜੀ! ਕਿੱਥੇ ਅਸੀਂ ਨੌਕਰੀ ਲੱਗੇ ਮੁੰਡੇ ਦਾ ਚੰਗੇ ਘਰ ਰਿਸ਼ਤਾ ਕਰਨਾ ਸੀ…ਪਰ ਇਹਦੀ ਤਾਂ ਹੁਣ ਕੀਮਤ ਈ ਘਟ ਗਈ। ਪਤਾ ਨਹੀਂ ਹੁਣ ਕੋਈ ਕੁੜੀ ਵੀ ਇਸਦੇ ਲੜ ਲਾਵੇਗਾ ਕਿ ਨਹੀਂ…
ਉਹਦੇ ਇਹ ਬੋਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
                                      -0-

No comments: