-moz-user-select:none; -webkit-user-select:none; -khtml-user-select:none; -ms-user-select:none; user-select:none;

Sunday, January 26, 2014

ਲੱਸੀ



ਰਾਜਿੰਦਰ ਸਿੰਘ ‘ਬੇਗਾਨਾ’

ਬੰਤਾ ਸਿੰਘ ਕਸਬੇ ਦਾ ਇਕ ਸਧਾਰਨ ਦੁਕਾਨਦਾਰ ਸੀ। ਧਾਰਮਿਕ ਖਿਆਲਾਂ ਦਾ ਹੋਣ ਕਾਰਨ ਉਹ ਇੱਕ-ਦੋ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਕੰਮ ਕਰਨ ਲੱਗਾ। ਸਮਾਜ ਸੇਵਾ ਦੇ ਕੰਮ ਕਰਦਿਆਂ ਉਸ ਨੂੰ ਪਤਾ ਨਹੀਂ ਕਦੋਂ ਰਾਜਨੀਤੀ ਦਾ ਭੁੱਸ ਪੈ ਗਿਆ ਤੇ ਉਹ ਨੇਤਾ ਬਣਨ ਦੇ ਸੁਪਨੇ ਵੇਖਣ ਲੱਗਾ।
ਕਸਬੇ ਦੀ ਨਗਰ ਪੰਚਾਇਤ ਦੀਆਂ ਚੋਣਾਂ ਦਾ ਸਮਾਂ ਆ ਗਿਆ। ਬੰਤੇ ਨੇ ਸੋਚਿਆ ਕਿ ਮੌਕਾ ਚੰਗਾ ਹੈ ਤੇ ਚੋਣਾਂ ਲੜਨ ਦਾ ਮਨ ਬਣਾ ਲਿਆ। ਉਸ ਨੇ ਸੋਚਿਆ ਮੁਹੱਲੇ ਵਿਚ ਲਗਭਗ ਸਾਰੀ ਆਬਾਦੀ ਹੀ ਉਸ ਦੀ ਆਪਣੀ ਬਰਾਦਰੀ ਦੀ  ਹੈ। ਉਸਦੀ ਵਿਗੜੀ ਵੀ ਕਿਸੇ ਨਾਲ ਨਹੀਂ, ਸੋ ਵੋਟਾਂ ਤਾਂ ਸਾਰੀਆਂ ਉਸਦੀਆਂ ਹੀ ਹਨ।
ਯਾਰਾਂ-ਦੋਸਤਾਂ ਨੇ ਬਹੁਤ ਸਮਝਾਇਆ ‘ਬਈ ਬੰਤਿਆ, ਇਹ ਵੋਟਾਂ ਆਲਾ ਪੰਗਾ ਨਾ ਲੈ, ਇਹ ਤੇਰੇ ਵੱਸ ਦਾ ਨਈਂ। ਨਾਲੇ ਤੇਰਾ ਵਿਰੋਧੀ ਉਮੀਦਵਾਰ ਬਹੁਤ ਸਰਮਾਏਦਾਰ ਬੰਦਾ ਐ, ਉਸ ਨੇ ਤੇਰੇ ਪੈਰ ਨਈਂ ਲੱਗਣ ਦੇਣੇ।’
ਪਰ ਬੰਤਾ ਆਪਣੀ ਸੋਚ ਉੱਤੇ ਕਾਇਮ ਰਿਹਾ।
ਵੋਟਾਂ ਪਈਆਂ। ਨਤੀਜਾ ਨਿਕਲਿਆ। ਬੰਤਾ ਸਿੰਘ ਆਪਣੀ ਸਾਰੀ ਜਮਾਂ ਪੂੰਜੀ ਲੁਟਾ ਕੇ ਹਾਰ ਗਿਆ। ਉਸਦੀ ਬਰਾਦਰੀ ਦੇ ਲੋਕਾਂ ਨੂੰ ਪਤਾ ਸੀ ਕਿ ਜੇ ਬੰਤਾ ਸਿੰਘ ਜਿੱਤ ਗਿਆ ਤਾਂ ਉਹਨਾਂ ਨੂੰ ਸਰਮਾਏਦਾਰ ਦੇ ਘਰੋਂ ਲੱਸੀ ਮਿਲਣੀ ਬੰਦ ਹੋ ਜਾਵੇਗੀ।
                                         -0-

Sunday, January 19, 2014

ਕੀਮਤ



 ਬੂਟਾ ਰਾਮ

ਮੈਨੂੰ ਆਪਣੇ ਕੁਲੀਗ ਜਗਤਾਰ ਦੇ ਲੜਕੇ ਦੇ ਐਕਸੀਡੈਂਟ ਬਾਰੇ ਪਤਾ ਲੱਗਾ। ਮੈਂ ਹਾਲਚਾਲ ਜਾਣਨ ਲਈ ਤੁਰੰਤ ਹਸਪਤਾਲ ਪਹੁੰਚ ਗਿਆ। ਜਗਤਾਰ ਉਸ ਸਮੇਂ ਹਸਪਤਾਲ ਵਿਚ ਨਹੀਂ ਸੀ। ਉਸਦੀ ਪਤਨੀ ਲੜਕੇ ਕੋਲ ਸੀ।
ਸਤਿ ਸ੍ਰੀ ’ਕਾਲ ਭੈਣ ਜੀ!
ਉਸਨੇ ਦੋਵੇਂ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਕਬੂਲ ਕਰ ਲਈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਵੇਂ ਸ਼ੁਰੂ ਕਰਾਂ। ਕੁਝ ਪਲਾਂ ਬਾਦ  ਮੈਂ ਪੁੱਛ ਲਿਆ, ਭੈਣ ਜੀ, ਕਿਵੇਂ ਹੋ ਗਿਆ ਇਹ ਐਕਸੀਡੈਂਟ?
ਸਵੇਰੇ ਜੀ ਇਹ ਆਵਦੀ ਡਿਊਟੀ ’ਤੇ ਜਾ ਰਿਹਾ ਸੀ। ਅਚਾਨਕ ਮੋਟਰਸਾਇਕਲ ਅੱਗੇ ਕੁੱਤਾ ਆ ਗਿਆ। ਇਹਤੋਂ ਕੰਟਰੋਲ ਨਹੀਂ ਹੋਇਆ…।
ਰੱਬ ਦਾ ਸ਼ੁਕਰ ਕਰਨਾ ਚਾਹੀਦੈ ਕਿ ਬਚਾਅ ਹੋ ਗਿਆ। ਵੈਸੇ ਸਿਰ ਤੇ ਤਾਂ ਸੱਟ ਨਹੀਂ ਵੱਜੀ?
ਪੱਗ ਕਰਕੇ ਸਿਰ ਦੀ ਸੱਟ ਤੋਂ ਤਾਂ ਬਚਾਅ ਹੋ ਗਿਆ। ਪਰ ਇਕ ਪਾਸੇ ਜ਼ੋਰ ਨਾਲ ਡਿੱਗਣ ਕਰਕੇ ਲੱਤ ਦੀ ਹੱਡੀ ਟੁੱਟ ਗਈ…ਹੁਣ…।ਉਸਦੀਆਂ ਅੱਖਾਂ ਵਿੱਚ ਪਾਣੀ ਆ ਗਿਆ।
ਮੁੰਡੇ ਦੀ ਜਾਨ ਬਚ ਗਈ। ਉਸ ਮਾਲਕ ਦਾ ਸ਼ੁਕਰ ਕਰੋ, ਜੁਆਨ ਏ…ਜਲਦੀ ਈ ਜ਼ਖ਼ਮ ਭਰ ਜਾਣਗੇ।ਮੈਂ ਧਰਵਾਸ ਦਿੱਤੀ।
ਜਵਾਨ ਹੋਣ ਦਾ ਤਾਂ ਦੁੱਖ ਏ ਭਰਾ ਜੀ! ਕਿੱਥੇ ਅਸੀਂ ਨੌਕਰੀ ਲੱਗੇ ਮੁੰਡੇ ਦਾ ਚੰਗੇ ਘਰ ਰਿਸ਼ਤਾ ਕਰਨਾ ਸੀ…ਪਰ ਇਹਦੀ ਤਾਂ ਹੁਣ ਕੀਮਤ ਈ ਘਟ ਗਈ। ਪਤਾ ਨਹੀਂ ਹੁਣ ਕੋਈ ਕੁੜੀ ਵੀ ਇਸਦੇ ਲੜ ਲਾਵੇਗਾ ਕਿ ਨਹੀਂ…
ਉਹਦੇ ਇਹ ਬੋਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
                                      -0-

Monday, January 13, 2014

ਸੇਬ



 ਰਘਬੀਰ ਸਿੰਘ ਮਹਿਮੀ
ਪਾਪਾ! ਬੂ ਜੀ ਵਾਸਤੇ ਰੇਹੜੀ ਤੋਂ ਕੁਝ ਲੈ ਲਓ।ਮੇਰੇ ਬੇਟੇ ਨੇ ਫ਼ਲਾਂ ਦੀ ਰੇਹੜੀ ਵੇਖ ਕੇ ਮੈਨੂੰ ਆਖਿਆ।
ਵਧੀਆ-ਵਧੀਆ ਦੋ ਕਿਲੋ ਸੇਬ ਛਾਂਟ ਕੇ ਮੈਂ ਰੇਹੜੀ ਵਾਲੇ ਤੋਂ ਤੁਲਵਾ ਲਏ ਤੇ ਬਣਦੇ ਪੈਸੇ ਦੇ ਦਿੱਤੇ।
ਪਾਪਾ! ਘਰ ਵਾਸਤੇ ਵੀ ਸੇਬ ਲੈ ਚੱਲੋ।ਵਾਪਸੀ ’ਤੇ ਉਸੇ ਰੇਹੜੀ ਨੂੰ ਦੇਖਦਿਆਂ, ਬੇਟੇ ਨੇ ਆਖਿਆ।
ਮੈਂ ਦੋ ਕਿਲੋ ਅਮਰੂਦ ਤੁਲਵਾ ਲਏ।
ਪਾਪਾ! ਇਹ ਕੀ, ਮੈਂ ਤਾਂ ਤੁਹਾਨੂੰ ਸੇਬਾਂ ਨੂੰ ਕਿਹਾ ਸੀ?ਬੇਟੇ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਪੁੱਛਿਆ।
ਬੇਟਾ ਜੀ, ਸੇਬ ਪਤਾ ਕਿੰਨੇ ਮਹਿੰਗੇ ਨੇ? ਅੱਸੀ ਰੁਪਏ ਕਿੱਲੋ ਨੇ।ਮੈਂ ਚਿੰਤਤ ਹੋ ਕੇ ਆਖਿਆ।
ਬੂ ਜੀ ਵਾਸਤੇ ਵੀ ਤਾਂ ਲਏ ਸੀ, ਕੀ ਆਪਣੇ ਘਰ ਲਈ ਮਹਿੰਗੇ ਹੋ ਗਏ?ਬੇਟੇ ਨੇ ਮੁੜ ਸਵਾਲ ਕੀਤਾ।
ਬੇਟਾ, ਤੂੰ ਅਜੇ ਨਿਆਣਾ ਏਂ, ਬੜਾ ਹੋ ਕੇ ਆਪੇ ਸਮਝ ਜਾਏਂਗਾ।
                                      -0-
                                 

Thursday, January 2, 2014

ਜ਼ਿੰਦਗੀ



ਕੁਲਵਿੰਦਰ ਕੌਸ਼ਲ

ਪਿਛਲੇ ਦਿਨੀਂ ਮੇਰੀ ਸਹੇਲੀ ਕਮਲਾ ਦੇ ਪਤੀ ਦੀ ਮੌਤ ਹੋ ਗਈ ਸੀ। ਮੈਥੋਂ ਰੁਝੇਵਿਆਂ ਕਾਰਨ ਅਫ਼ਸੋਸ ਕਰਨ ਵੀ ਨਹੀਂ ਜਾਇਆ ਗਿਆ। ਅੱਜ ਮਸਾਂ ਸਮਾਂ ਕੱਢ ਕੇ ਉਸ ਦੇ ਘਰ ਗਈ ਸੀ। ਕਮਲਾ ਬੜੇ ਜੋਸ਼ ਨਾਲ ਮੈਨੂੰ ਮਿਲੀ। ਮੈਂ ਤਾਂ ਸੋਚਦੀ ਸੀ ਕਿ ਉਹ ਮੁਰਝਾ ਗਈ ਹੋਵੇਗੀ, ਬਿਲਕੁਲ ਟੁੱਟ ਗਈ ਹੋਵੇਗੀ। ਪਰ ਅਜਿਹਾ ਕੁਝ ਵੀ ਨਹੀਂ ਸੀ। ਉਸ ਦੇ ਪਤੀ ਲਈ ਅਫ਼ਸੋਸ ਕਰਨ ਤੇ ਉਹ ਚੁੱਪ ਜਿਹੀ ਹੋ ਗਈ। ਫਿਰ ਗੰਭੀਰ ਹੋ ਕੇ ਬੋਲੀ, ਮਰ ਚੁੱਕਿਆਂ ਨਾਲ ਮਰਿਆ ਤਾਂ ਨਹੀਂ ਜਾਂਦਾਬੱਚਿਆਂ ਲਈ ਮੈਨੂੰ ਹੌਸਲਾ ਰੱਖਣਾ ਹੀ ਪਊਗਾ।
ਹਾਂ, ਇਹ ਤਾਂ ਠੀਕ ਹੈ, ਪਰ ਇਕੱਲੀ ਔਰਤ…” ਮੈਂ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਕਮਲਾ ਦੀ ਬੱਚੀ ਰੋਂਦੀ ਹੋਈ ਸਾਡੇ ਕੋਲ ਆ ਗਈ।
ਮਾਂ, ਦੇਖੋ ਬਬਲੂ ਨੇ ਮੇਰਾ ਘਰ ਢਾਹ ਦਿੱਤਾ।
ਰੋਂਦੇ ਨਹੀਂ ਬੇਟੇ, ਮੈਂ ਬਬਲੂ ਨੂੰ ਮਾਰਾਂਗੀ। ਅੱਛੇ ਬੱਚੇ ਘਰ ਨੂੰ ਫਿਰ ਬਣਾਉਣਗੇ, ਚਲੋ।
ਹਾਂ ਮੰਮੀ, ਮੈਂ ਫਿਰ ਘਰ ਬਣਾਵਾਂਗੀ। ਕਹਿੰਦੀ ਹੋਈ ਬੱਚੀ ਬਾਹਰ ਨੂੰ ਭੱਜ ਗਈ।
ਕੀ ਕਹਿੰਦੀ ਸੀ ਤੂੰ, ਇਕੱਲੀ ਐਰਤ ਮੈਂ ਇਕੱਲੀ ਕਿੱਥੇ ਹਾਂ। ਮੇਰੇ ਦੋ ਬੱਚੇ ਨੇ। ਦੇਖੀਂ ਕੁਝ ਦਿਨਾਂ ਚ ਉਡਾਰ ਹੋ ਜਾਣਗੇ।
ਅਸੀਂ ਕਾਫੀ ਸਮਾਂ ਗੱਲਾਂ ਕਰਦੀਆਂ ਰਹੀਆਂ। ਜਦੋਂ ਮੈਂ ਕਮਲਾ ਦੇ ਘਰੋਂ ਬਾਹਰ ਨਿਕਲੀ ਤਾਂ ਦੇਖਿਆ ਕਿ ਉਸਦੇ ਬੱਚੇ ਦੁਬਾਰਾ ਘਰ ਬਣਾ ਕੇ ਖੇਡ ਰਹੇ ਸੀ।
                                      -0-