ਵਿਵੇਕ
“ਚੱਲ, ਚੱਲ ਭੱਜ, ਜਾ ਕੇ ਗੇਟ ਬੰਦ ਕਰ।” ਦਾਨ ਪਾਤਰ ਵਿੱਚੋਂ ਪੈਸੇ ਕੱਢ ਰਹੇ ਲਾਲਾ ਜੀ ਨੇ ਆਪਣੇ ਨਾਲ ਬੈਠੇ
ਸੇਵਾਦਾਰ ਦੀ ਪਿੱਠ ਉੱਤੇ ਹੱਥ ਮਾਰਦਿਆਂ ਕਿਹਾ।
“ਕੀ ਗੱਲ ਹੋਗੀ ਲਾਲਾ ਜੀ?” ਸੇਵਾਦਾਰ ਨੇ ਧੌਣ ਉਤਾਂਹ ਚੁੱਕਦਿਆਂ ਇੱਕਦਮ ਹੈਰਾਨ ਹੋ ਕੇ ਪੁੱਛਿਆ।
“ਹੋਣਾ ਕੀ ਏ। ਉਹ ਵੇਖ ਦੋ ਗਾਵਾਂ
ਇੱਧਰ ਨੂੰ ਤੁਰੀਆਂ ਆ ਰਹੀਆਂ ਨੇ, ਵੇਖੀ ਕਿਤੇ ਅੰਦਰ ਈ ਨਾ ਆ ਵੜਨ।
ਛੇਤੀ ਗੇਟ ਬੰਦ ਕਰ।” ਲਾਲਾ ਜੀ ਨੇ ਫਿਰ ਉਤਾਵਲੇ ਹੋ ਕੇ
ਕਿਹਾ। ਗਾਵਾਂ ਦੇਖ ਕੇ ਲਾਲਾ ਜੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਉਹਨਾਂ ਦੀ ਨਿਗਾਹ ਲਗਾਤਾਰ
ਗੇਟ ਉੱਤੇ ਹੀ ਗੱਡੀ ਹੋਈ ਸੀ।
“ਲਾਲਾ ਜੀ, ਫਿਕਰ ਨਾ ਕਰੋ, ਮੈਂ ਹੁਣੇ ਗੇਟ ਲਾ ਦਿੰਦਾ ਹਾਂ, ਨਾਲੇ ਅਜੇ ਤਾਂ ਗਊਆਂ ਦੂਰ ਹਨ। ਤੁਸੀਂ ਐਵੇਂ ਹੀ ਘਬਰਾਈ ਜਾਂਦੇ ਹੋ।
ਗਊਸ਼ਾਲਾ ਤਾਂ ਹੈ ਹੀ ਅਵਾਰਾ ਤੇ ਬੇਸਹਾਰਾ ਗਊਆਂ ਵਾਸਤੇ, ਫਿਰ ਕੀ ਹੋਇਆ ਜੇ…”
ਅਜੇ ਸੇਵਾਦਾਰ ਦੀ ਗੱਲ ਉਹਦੇ ਮੂੰਹ ਵਿੱਚ ਹੀ ਸੀ ਕਿ ਲਾਲਾ
ਜੀ ਨੇ ਜਲਦੀ ਉੱਠ ਕੇ ਆਪਣੇ ਸ਼ੁਭ ਹੱਥਾਂ ਨਾਲ ਗੇਟ ਬੰਦ ਕਰ ਦਿੱਤਾ। ਫਿਰ ਆ ਕੇ ਕਿਹਾ, “ਤੂੰ ਗੱਲ ਨਹੀਂ ਸਮਝਦਾ। ਗਊਸ਼ਾਲਾ ਵਿੱਚ ਜਿੰਨੀਆਂ ਜ਼ਿਆਦਾ ਗਾਵਾਂ, ਓਨਾ ਜ਼ਿਆਦਾ ਖਰਚਾ। ਜੇ ਆਪਾਂ ਇਕੱਠਾ ਹੋਇਆ ਸਾਰਾ ਪੈਸਾ ਇਹਨਾਂ ਤੇ ਲਾਤਾ, ਤਾਂ ਆਪਾਂ ਨੂੰ ਕੀ ਬਚੂ। ਇਸ ਕਰਕੇ ਇੱਥੇ ਕੰਮ ਘੱਟ ਤੇ ਮਾਇਆ ਜ਼ਿਆਦਾ ਇਕੱਠੀ ਹੋਣੀ ਚਾਹੀਦੀ ਹੈ। ਤਾਂ ਹੀ ਆਪਣਾ ਫਾਇਦਾ ਹੈ।” ਏਨਾ ਕਹਿ ਬਿਨਾਂ ਗਿਣਤੀ ਕੀਤੇ ਦਾਨ ਪਾਤਰ ਦਾ ਸਾਰਾ ਪੈਸਾ ਆਪਣੇ ਝੋਲੇ
ਵਿੱਚ ਪਾ ‘ਹੀ-ਹੀ’ ਕਰਦੇ ਲਾਲਾ ਜੀ ਆਪਣੀ ਦੁਕਾਨ ਵੱਲ ਤੁਰ ਪਏ।
-0-
No comments:
Post a Comment