-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, August 30, 2011

ਨਕਲ


ਪ੍ਰੋ. ਬਲਦੇਵ ਸਿੰਘ ਵਾਲੀਆ
  ਨਵੋਦਿਆ ਸਕੂਲਾਂ ਦੇ ਦਾਖਲੇ ਦੀ ਪ੍ਰੀਖਿਆ ਨੇੜੇ ਆ ਗਈ। ਉਹਦੀ ਡਿਊਟੀ ਵੀ ਲੱਗ ਗਈ ਸੀ। ਪਿਛਲੇ ਸਾਲ ਵੀ ਉਹ ਹੀ ਡਿਪਟੀ ਸੁਪਰਡੈਂਟ ਸੀ। ਇਹ ਡਿਊਟੀ ਉਸਨੇ ਕਹਿ ਕੇ ਹੀ ਤਾਂ ਲਗਵਾਈ ਸੀ। ਬੱਸ ਸ਼ੱਕਰਖੋਰੇ ਨੂੰ ਸ਼ੱਕਰ ਮਿਲ ਗਈ ਸੀ। ਇਸ ਨਾਲ ਉਹਦੇ ਅੰਦਰ ਸੁੱਤਾ ਪਟਵਾਰੀ ਜਾਗ ਪੈਂਦਾ। ਚਾਹ-ਪਕੌੜੇ ਅਤੇ ਸ਼ਰਾਬ-ਮਾਸ ਆਮ ਜਿਹੀ ਗੱਲ ਹੋ ਨਿਬੜਦੀ। ਮਾਪੇ ਆਪਣੀ ਔਲਾਦ ਲਈ ਹੱਥ ਪੈਰ ਮਾਰਦੇ। ਲੋਕ ਸ਼ਿਫਾਰਸ਼ਾਂ ਲੈ-ਲੈ ਉਹਦੇ ਘਰ ਆਉਂਦੇ।
ਅੱਜ ਘਰ ਵਿਚ ਲੱਗੀ ਹੋਈ ਬੈੱਲ ਦੀ ਕਰਰ-ਕਰਰ ਉਹਦੇ ਕੰਨਾਂ ਵਿੱਚ ਪਈ। ਦਰਵਾਜਾ ਖੋਲ੍ਹਿਆ। ਬਾਹਰ ਸ਼ਾਮ ਪ੍ਰਤਾਪ ਸੀ, ਉਹਦਾ ਦੋਸਤ। ਉਹਦੇ ਨਾਲ ਮੋਢੇ ਉੱਤੇ ਪਰਸ ਲਟਕਾਈ ਇੱਕ ਔਰਤ ਸੀ।
ਇਹ ਮੇਰੇ ਨਾਲ ਸਕੂਲ ’ਚ ਅਧਿਆਪਕਾ ਨੇ, ਬੜੇ ਲਾਇਕ ਤੇ ਮਿਹਨਤੀ ਵੀ ਨੇ। ਇਨ੍ਹਾਂ ਦੇ ਬੇਟੇ ਨੇ ਤੁਹਾਡੇ ਕੋਲ ਕੱਲ੍ਹ ਨੂੰ ਪੇਪਰ ਦੇਣੇ ਨੇ। ਇਹ ਮੈਨੂੰ ਤੁਹਾਡੇ ਤੱਕ ਲੈ ਕੇ ਆਏ ਨੇ, ਤੁਹਾਨੂੰ ਮਿਲਣ ਲਈ।ਸ਼ਾਮ ਪ੍ਰਤਾਪ ਇੱਕੋ ਸਾਹੇ ਕਹਿ ਗਿਆ।
ਇਹ ਹੈ ਮੇਰੇ ਬੇਟੇ ਦਾ ਰੋਲ ਨੰਬਰ।ਮੈਡਮ ਨੇ  ਚਿੱਟ ਅੱਗੇ ਵਧਾਉਂਦਿਆਂ ਕਿਹਾ।
ਚਿੱਟ ਫਡ਼ਦਿਆਂ ਪ੍ਰੀਤਮ ਸਿੰਘ ਬੋਲਿਆ, ਜੀ ਤੁਹਾਡਾ ਕੰਮ ਜ਼ਰੂਰ ਹੋਵੇਗਾ। ਅਗਲੀ ਪਿਛਲੀ ਸਾਰੀ ਕਸਰ ਕੱਢ ਦਿਆਂਗੇ। ਨਕਲ ਮਰਵਾਉਣੀ ਤਾਂ ਆਪਣੇ ਵੱਸ ਵਿਚ ਐ।
ਜੀ ਮੇਰੇ ਬੇਟੇ ਨੂੰ ਨਕਲ ਬਿਲਕੁਲ ਨਹੀਂ ਮਰਵਾਉਣੀ। ਉਸ ਕੋਲੋਂ ਪੁੱਛ ਕੇ ਕੋਈ ਸੁਪਰਵਾਈਜ਼ਰ ਵੀ ਕਿਸੇ ਹੋਰ ਬੱਚੇ ਨੂੰ ਨਕਲ ਨਾ ਮਰਵਾਏ। ਅਜਿਹਾ ਕਰਨ ਨਾਲ ਮੇਰੇ ਬੇਟੇ ਦਾ ਵਕਤ ਬਚੇਗਾ ਤੇ ਉਹ ਡਿਸਟਰਬ ਨਹੀਂ ਹੋਵੇਗਾ। ਵੈਸੇ ਵੀ ਇਹ ਮੁਕਾਬਲੇ ਦੀ ਪ੍ਰੀਖਿਆ ਏ। ਇਕ ਬੱਚੇ ਨੂੰ ਨਕਲ ਮਰਵਾਉਣ ਦਾ ਮਤਲਬ ਐ ਦੂਜੇ ਚੰਗੇ ਬੱਚੇ ਨੂੰ ਪਿੱਛੇ ਸੁੱਟਣਾ। ਕਿਰਪਾ ਕਰਕੇ ਮੇਰੀ ਬੇਨਤੀ ਬਾਕੀ ਸਟਾਫ ਨੂੰ ਕਹਿ ਦੇਣੀ। ਮੈਂ ਤੁਹਾਡੀ ਅਹਿਸਾਨਮੰਦ ਹੋਵਾਂਗੀ।ਇਹ ਕਹਿੰਦਿਆਂ ਮੈਡਮ ਉੱਠ ਖੜੋਤੀ।
ਪ੍ਰੀਤਮ ਕੋਲ ਅਜਿਹੀ ਸਿਫ਼ਾਰਸ਼ ਪਹਿਲੀ ਵਾਰ ਆਈ ਸੀ। ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ। ਉਹ ਸ਼ਰਮਿੰਦਾ ਜਿਹਾ ਹੋ ਗਿਆ। ਉਸ ਨੂੰ ਲੱਗਾ ਜਿਵੇਂ ਤੇਲ ਵਾਲਾ ਕੁੱਪਾ ਸਿਰ ਤੋਂ ਡਿੱਗ ਪਿਆ। ਤੇਲ ਦੇ ਕੁੱਝ ਛਿੱਟੇ ਉਹਦੀ ਮਰੀ ਹੋਈ ਆਤਮਾ ਤੇ ਵੀ ਪੈ ਗਏ। ਉਹਦੇ ਚਿਹਰੇ ਦਾ ਬਦਲਿਆ ਹੋਇਆ ਰੰਗ ਸ਼ਾਮ ਪ੍ਰਤਾਪ ਵੀ ਵੇਖ ਰਿਹਾ ਸੀ।
                                             -0-

No comments: