-moz-user-select:none; -webkit-user-select:none; -khtml-user-select:none; -ms-user-select:none; user-select:none;

Friday, August 5, 2011

ਆਪਣੇ ਹਿੱਸੇ ਦਾ ਸੋਗ


ਨੂਰ ਸੰਤੋਖਪੁਰੀ

ਰਾਤ ਕਾਫੀ ਬੀਤ ਚੁੱਕੀ ਸੀ। ਗ਼ਰੀਬ ਘੁਨ੍ਹੇ ਦੇ ਟੱਬਰ ਦੇ ਜੀਅ ਆਪਸ ਵਿੱਚ ਗੱਲਾਂ ਕਰਕੇ ਰਾਤ ਲੰਘਾ ਰਹੇ ਸਨ। ਪਿੰਡ ਦੀਆਂ ਗਲੀਆਂ ਵਿੱਚ ਸਾਰਾ ਦਿਨ ਆਵਾਰਾ ਘੁੰਮਣ ਵਾਲੇ ਕੁੱਤੇ ਭੌਂਕ-ਭੌਂਕ ਕੇ ਜਿਵੇਂ ਸੁੱਤੇ ਪਏ ਪਿੰਡ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਘੁਨ੍ਹੇ ਹੁਰਾਂ ਦੇ ਦੁੱਖ ਵਿੱਚ ਸ਼ਾਮਿਲ ਹੋ ਰਹੇ ਸਨ।
“ਜਦੋਂ ਲੰਬੜਾਂ ਦਾ ਬੁੜ੍ਹਾ ਮਰਿਆ, ਉਦੋਂ ਬੰਦੇ-ਬੁੜ੍ਹੀਆਂ ਦਾ ਬੜਾ ’ਕੱਠ ਹੋਇਆ ਸੀ। ਉਨ੍ਹਾਂ ਦੇ ਘਰ ’ਚ ਤਿਲ ਸੁੱਟਣ ਜੋਗੀ ਥਾਂ ਨਹੀਂ ਸੀ ਬਚੀ। ਸਸਕਾਰ ਕਰਨ ਤੋਂ ਪਹਿਲਾਂ ਵੀ ਕਾਫੀ ਲੋਕ ਉਨ੍ਹਾਂ ਦੇ ਘਰ ਰੁਕੇ ਰਹੇ ਸਨ। ਮੈਂ ਵੀ ਉੱਥੇ ਈ ਸੀ।” ਘੁਨ੍ਹੇ ਦੀ ਘਰਵਾਲੀ ਪਿਆਰੀ ਨੇ ਕਿਹਾ।
“ਵੱਡੇ ਸਰਦਾਰਾਂ ਦੀ ਮਾਂ ਦੀ ਅਰਥੀ ਲੈ ਜਾਣ ਵੇਲੇ ਐਨੇ ਲੋਕ ਸਨ ਕਿ ਪੰਡ ਤੋਂ ਲੈ ਕੇ ਸਿਵਿਆਂ ਤਕ ਲੰਮੀ ਕਤਾਰ ਲੱਗੀ ਹੋਈ ਸੀ। ਜਿਉਂ ਲੋਕਾਂ ਦਾ ਹੜ੍ਹ ਆ ਗਿਆ ਹੋਵੇ। ਵੇਖ ਲਓ, ਆਪਾਂ ’ਕੱਲੇ ਬੈਠੇ ਆਂ!” ਘੁਨ੍ਹੇ ਨੇ ਲੰਮਾ ਸਾਰਾ ਹਉਕਾ ਭਰ ਕੇ ਕਿਹਾ।
“ਸਰਪੰਚ ਰੇਸ਼ਮ ਸਿਹੁੰ ਦਾ ਵੱਡਾ ਭਰਾ ਜਦੋਂ ‘ਹਾਰਟ ਟੈਕ ਨਾਲ ਮਰਿਆ, ਉਦੋਂ ਵੀ ਆਪਣੇ ਪਿੰਡ ’ਚ ਲੋਕਾਂ ਦਾ ਮੇਲਾ ਜਿਹਾ ਲੱਗ ਗਿਆ ਸੀ।” ਘੁਨ੍ਹੇ ਦਾ ਅਠਾਰਾਂ ਕੁ ਵਰ੍ਹਿਆਂ ਦਾ ਵੱਡਾ ਮੁੰਡਾ ਜਗਤਾਰ ਬੋਲਿਆ।
ਸੋਲ੍ਹਾਂ ਵਰ੍ਹਿਆਂ ਦਾ ਛੋਟਾ ਮੁੰਡਾ ਸੋਨੂੰ ਕੁਝ ਖਾਸ ਨਹੀਂ ਸੀ ਬੋਲ ਰਿਹਾ। ਉਹ ਕੱਚੇ ਫ਼ਰਸ਼ ਉੱਤੇ ਭੂੰਜੇ ਪਈ ਆਪਣੇ ਦਾਦੇ ਚਰਨੇ ਦੀ ਲਾਸ਼ ਵੱਲ ਲਗਾਤਾਰ ਵੇਖੀ ਜਾ ਰਿਹਾ ਸੀ। ਬਾਕੀ ਜੀਆਂ ਵਾਂਗ ਰੋ-ਰੋ ਕੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਜਿਵੇਂ ਮੁੱਕ ਗਿਆ ਹੋਵੇ। ਉਹਦਾ ਆਪਣੇ ਦਾਦੇ ਨਾਲ ਬੜਾ ਪਿਆਰ ਸੀ।
ਕੁਝ ਦਿਨ ਬੀਮਾਰ ਰਹਿਣ ਪਿੱਛੋਂ ਸ਼ਾਮੀਂ ਸਾਢੇ-ਸੱਤ ਵਜੇ ਉਹ ਪ੍ਰਾਣ ਤਿਆਗ ਗਿਆ ਸੀ। ਘੁਨ੍ਹੇ ਹੁਰਾਂ ਦਾ ਰੋਣ ਸੁਣ ਕੇ ਕੁਝ ਬੰਦੇ-ਬੁੜ੍ਹੀਆ ਘੜੀ-ਪਲ ਉਹਨਾਂ ਦੇ ਕੋਲ ਆ ਬੈਠੇ ਸਨ ਤੇ ਫਿਰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਚਰਨੇ ਦਾ ਸਸਕਾਰ ਹੁਣ ਰਾਤ ਨੂੰ ਤਾਂ ਹੋ ਨਹੀਂ ਸਕਦਾ ਸੀ। ਇਸ ਲਈ ਘੁਨ੍ਹੇ ਦਾ ਟੱਬਰ ਇਕੱਲਾ ਬੈਠਾ, ਦਿਨ ਚੜ੍ਹਨ ਦੀ ਉਡੀਕ ਕਰ ਰਿਹਾ ਸੀ।
…ਤੇ ਪਿੰਡ ਦੇ ਕੁੱਤੇ ਘੁਨ੍ਹੇ ਦੇ ਘਰ ਮੂਹਰੇ ਭੌਂਕਣ ਤੋਂ ਨਹੀਂ ਸਨ ਹਟ ਰਹੇ। ਉਹਨਾਂ ਨੂੰ ਆਪਣੇ ਹਿੱਸੇ ਦੀ ਰੋਟੀ ਤੱਕ ਖੁਆਉਣ ਵਾਲਾ ਚਰਨਾ ਟੁਰ ਗਿਆ ਸੀ। ਸ਼ਾਇਦ ਇਸੇ ਲਈ ਉਹ ਰੋਣ ਵਰਗੀ ਆਵਾਜ਼ ਵਿੱਚ ਭੌਂਕ-ਭੌਂਕ ਕੇ ਆਪਣੇ ਹਿੱਸੇ ਆਉਂਦਾ ਸੋਗ ਪ੍ਰਗਟ ਕਰ ਰਹੇ ਸਨ।
                                          -0-

No comments: