ਡਾ. ਕਰਮਜੀਤ ਸਿੰਘ ਨਡਾਲਾ
“ਬੀਬੀ…ਇਹ ਸ਼ਰਾਬੀ ਵੀ ਕਦੇ ਸੁਧਰਦੇ ਨੇ…?”
“ਗੱਲ ਤੇ ਤੇਰੀ ਠੀਕ ਏ ਧੀਏ…ਨਹੀਂ ਸੁਧਰਦੇ…ਮੈਂ ਤਾਂ ਸਾਰੀ ਉਮਰ ਇਹਦੇ ਤੋਂ ਮਾਰ ਖਾਧੀ…ਤਰਲੇ ਲਏ…ਲੇਲੜੀਆਂ ਕੱਢੀਆਂ…ਸਮਝਾਇਆ ਵੀ…ਪਿਆਰ ਵੀ ਕਰਕੇ ਦੇਖਿਆ…ਪਰ ਇਹ ਤਾਂ ਪੂਰਾ ਢੀਠ ਮਿੱਟੀ ਏ…।”
“ਬੀਬੀ, ਮੇਰਾ ਭਾਪਾ ਵੀ ਤਾਂ ਇਵੇਂ ਹੀ ਪੀਂਦਾ ਮਰਿਆ ਸੀ…ਹਟਿਆ ਨਹੀਂ…ਮੁੱਕਿਆ ਤਾਂ ਘਰ ’ਚ ਸ਼ਾਂਤੀ ਖੁਸ਼ਹਾਲੀ ਆਈ…।”
“ਧੀਏ, ਇਹੋ ਜਿਹੇ ਬੰਦੇ ਕਿੱਥੇ ਔਰਤਾਂ ਦੇ ਦੁੱਖਾਂ ਨੂੰ ਸਮਝਦੇ ਨੇ…ਤੈਨੂੰ ਕੀ ਦੱਸਾਂ, ਜਦੋਂ ਦੀ ਏਸ ਬੰਦੇ ਦੇ ਲੜ ਲੱਗੀ ਆਂ, ਸੁਖ ਨਹੀਂ ਦੇਖਿਆ…ਕੰਮ ਬੜਾ ਕੀਤੈ…ਪਰ ਖਾਣ ਨੂੰ ਜੁੱਤੀਆਂ ਹੀ ਖਾਧੀਆਂ ਨੇ…ਹੁਣ ਤਾਂ ਤੇਰੀ ਵੀ ਸ਼ਰਮ ਨਹੀਂ ਕਰਦਾ…ਜਦੋਂ ਤੇਰੇ ਸਾਮ੍ਹਣੇ ਮਾਰਦੈ ਤਾਂ ਜੀਅ ਕਰਦੈ ਕੁਝ ਖਾ ਕੇ ਮਰ ਜਾਵਾਂ…।”
“ਤੂੰ ਇਵੇਂ ਨਾ ਕਿਹਾ ਕਰ…ਮਰਨ ਤੇਰੇ ਦੁਸ਼ਮਨ…ਬੀਬੀ ਕੋਈ ਇਲਾਜ ਨਹੀਂ ਕਰਵਾਇਆ ਇਹਦਾ?”
“ਕਰਵਾਇਆ…ਦਵਾਈਆਂ-ਬੂਟੀਆਂ…ਸਿਆਣਿਆਂ ਤੋਂ ਵੀ ਇਹਨੂੰ ਝਾੜੇ-ਫਾਂਡੇ ਬਥੇਰੇ ਕਰਵਾਏ…ਪਰ ਕੋਈ ਅਸਰ ਈ ਨੀ…।”
“ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਸੀ…ਅੱਜਕਲ ਸ਼ਹਿਰਾਂ ’ਚ ਨਸ਼ਾ ਛਡਾਉਣ ਵਾਲੇ ਸਾਇਕੈਟਰਕ ਦੇ ਡਾਕਟਰ ਆਏ ਨੇ…ਦਾਖਲ ਹੋਣ ਦੀ ਵੀ ਲੋੜ ਨਹੀਂ…ਦਵਾਈ ਲਿਆਓ, ਖਵਾਓ ਤੋ ਬੰਦਾ ਨੌ ਬਰ ਨੌ…।”
“ਧੀਏ, ਛੱਡ…ਫਾਇਦਾ ਤਾਂ ਕੋਈ ਨਹੀਂ…ਮੈਂ ਤਾਂ ਇਹਤੋਂ ਅੱਗੇ ਈ ਅੱਕੀ ਪਈ ਆਂ…ਹੱਛਾ, ਜੇ ਤੂੰ ਬਹੁਤਾ ਕਹਿੰਨੀ ਏਂ ਤਾਂ ਕਰ ਲੈਂਦੀ ਆਂ ਕੋਸ਼ਿਸ਼…।”
ਸ਼ਹਿਰ ਗਈ। ਦਵਾਈ ਲੈ ਕੇ ਆਈ। ਰਾਤ ਨੂੰ ਸ਼ਰਾਬੀ ਹੋਏ ਨੂੰ ਖੁਆ ਵੀ ਦਿੱਤੀ।
ਸਵੇਰੇ ਕਾਬਲ ਸਿੰਘ ਮੰਜੇ ਉੱਤੇ ਆਕੜਿਆ ਪਿਆ ਸੀ।
“ਬੀਬੀ, ਭਾਪਾ ਤਾਂ ਹਿਲਦਾ ਨਹੀਂ…ਤੂੰ ਸ਼ਰਾਬ ਛਡਾਉਣ ਵਾਲੀ ਦਵਾਈ ਦਿੱਤੀ ਸੀ…?”
“ਹਾਂ ਧੀਏ, ਹੌਲੀ ਬੋਲ…ਡਾਕਟਰ ਕਹਿਦਾ ਸੀ, ਦਸ ਹਜ਼ਾਰ ਲੱਗੂ…ਸ਼ਰਾਬ ਛੱਡ ਦਊ…ਪਰ ਗਰੰਟੀ ਕੋਈ ਨਹੀਂ…ਫੇਰ ਪੀਣ ਲੱਗ ਪਏ…ਮੈਂ ਸੋਚਿਆ, ਦਸ ਹਜ਼ਾਰ ਵੀ ਜਾਊ ਤੇ ਕੱਲ ਨੂੰ ਫੇਰ ਉਹੀ ਰੰਡੀ ਰੋਣਾ…ਮੈਂ ਦਸ ਹਜ਼ਾਰ ਬਚਾਇਆ ਤੇ ਦਸਾਂ ਰੁਪਈਆਂ ਦੀ ਕਣਕ ਵਾਲੀ ਡੱਬੀ ਲੈ ਲਈ। ਰਾਤੀਂ ਉਹੋ ਇੱਕ ਗੋਲੀ ਦਿੱਤੀ ਏ…।” ਉਹਨੇ ਹੌਲੀ ਜਿਹੇ ਨੂੰਹ ਦੇ ਕੰਨ ਵਿੱਚ ਕਿਹਾ।
“ਹੈਂ! ਬੀਬੀ, ਸਲਫਾਸ ਖੁਆ ’ਤੀ…ਬੰਦਾ ਗੁਆ ਲਿਆ…ਕੀ ਫ਼ੈਦਾ ਹੋਇਆ…।”
“ਨੀ, ਕਿਉਂ ਨਹੀਂ ਫੈਦਾ ਹੋਇਆ…ਦਵਾਈ ਤਾਂ ਪੂਰੀ ਕਾਟ ਕਰਗੀ…ਦੇਖੀਂ ਹੁਣ ਜੇ ਕਦੇ ਮੰਗ ਗਿਆ ਸ਼ਰਾਬ…।”
ਇੰਨਾ ਕਹਿੰਦਿਆਂ ਜਿ ਵੇਂ ਉਹਦੇ ਚਿਹਰੇ ਉੱਤੇ ਅਜੀਬ ਕਿਸਮ ਦਾ ਸਕੂਨ ਸੀ।
-0-
No comments:
Post a Comment