-moz-user-select:none; -webkit-user-select:none; -khtml-user-select:none; -ms-user-select:none; user-select:none;

Saturday, July 2, 2011

ਮੁਸੀਬਤ


ਵਿਵੇਕ

“ਅੱਜ ਕੰਮ ਕਿਵੇਂ ਰਿਹਾ?” ਸ਼ਾਮੀਂ ਦੁਕਾਨ ਬੰਦ ਕਰ ਘਰ ਆਏ ਬਲਦੇਵ ਨੂੰ ਉਸ ਦੀ ਮਾਂ ਨੇ ਪੁੱਛਿਆ।
ਬਲਦੇਵ ਨੇ ਲਗਾਤਾਰ ਪੰਜ ਸਾਲ ਲਾ ਕੇ ਸਕੂਟਰ ਮੋਟਰ-ਸਾਇਕਲ ਦੀ ਰਿਪੇਰਿੰਗ ਦਾ ਕੰਮ ਸਿੱਖਿਆ ਸੀ। ਤੇ ਹੁਣ ਸ਼ਹਿਰੋਂ ਪਿੰਡ ਵੱਲ ਆਉਂਦੀ ਸੜਕ ਉੱਤੇ ਦੁਕਾਨ ਕਿਰਾਏ ਤੇ ਲੈ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਕੰਮ ਦਾ ਪਹਿਲਾ ਦਿਨ ਸੀ। ਏਸੇ ਲਈ ਮਾਂ ਨੇ ਚਾਅ ਨਾਲ ਕੰਮ ਬਾਰੇ ਪੁੱਛਿਆ ਸੀ।
“ਹਾਂ ਮਾਂ, ਕੰਮ ਤਾਂ ਠੀਕ ਚੱਲ ਪਵੇਗਾ। ਕੁੱਝ ਸ਼ਹਿਰ ਦੀ ਜਾਣ-ਪਛਾਣ ਹੈ। ਤੇ ਬਾਕੀ ਦੁਕਾਨ ਵੀ ਆਪਣੇ ਪਿੰਡ ਦੇ ਰਾਹ ਤੇ ਹੈ। ਪਿੰਡ ਦੇ ਗਾਹਕ ਵੀ ਆਪਣੇ ਕੋਲ ਹੀ ਆਉਣਗੇ।” ਬਲਦੇਵ ਦੀ ਆਵਾਜ਼ ਵਿੱਚ ਨਵੇਂ ਕੰਮ ਦਾ ਜੋਸ਼ ਸੀ ਅਤੇ ਅੱਖਾਂ ਵਿੱਚ ਚੰਗੇ ਭਵਿੱਖ ਦੀ ਆਸ।
“ਚੱਲ ਪੁੱਤ, ਤੇਰਾ ਕੰਮ ਚੱਲ ਪਵੇ ਤਾਂ ਹੀ ਘਰ ਦੀ ਹਾਲਤ ਸੁਧਰੇਗੀ। ਦੋ ਭੈਣਾ ਦੇ ਵਿਆਹ ਹੁਣ ਤੇਰੇ ਹੀ ਆਸਰੇ ਹੋਣਗੇ। ਤੇਰੇ ਪਿਓ ਦੀ ਕਮਾਈ ਨਾਲ ਮਸਾਂ ਘਰ ਦਾ ਗੁਾਰਾ ਚੱਲਦੈ। ਬਾਕੀ ਤੈਨੂੰ ਪਤਾ ਹੀ ਹੈ, ਜਿਵੇਂ ਉਹ ਪੂਰੀ ਪਾਉਂਦੈ ਰਿਕਸ਼ਾ ਵਾਹ ਕੇ…ਤੁਸੀਂ ਦੋਵੇਂ ਰਲ ਮਿਲ ਘਰ ਦੀ ਜੁੰਮੇਵਾਰੀ ਚੁੱਕੋ, ” ਮਾਂ ਨੇ ਬਲਦੇਵ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ।
ਉਸੇ ਵੇਲੇ ਕਮਰੇ ਵਿੱਚ ਕਰਤਾਰ ਸਿੰਘ ਦਾਖਲ ਹੋਇਆ। ਉਸ ਦੇ ਪੈਰ ਲੜਖੜਾ ਰਹੇ ਸਨ। ਕਮਰੇ ਵਿੱਚ ਸ਼ਰਾਬ ਦੀ ਹਵਾੜ ਜਿਹੀ ਘੁਲ ਗਈ। ਕਰਤਾਰਾ ਵੀ ਕੋਲ ਆ ਮੰਜੀ ਉੱਤੇ ਬਹਿ ਗਿਆ, “ਹੋਰ ਸੁਣਾ ਕਾਕਾ, ਕੰਮ ਠੀਕ ਹੈ?
“ਹਾਂ ਬਾਪੂ, ਕੰਮ ਚੰਗਾ ਹੀ ਲੱਗਦਾ।” ਬਲਦੇਵ ਨੇ ਬਿਨਾ ਆਪਣੇ ਪਿਓ ਵੱਲ ਵੇਖਿਆਂ ਕਿਹਾ।
“ਫਿਰ ਤਾਂ ਠੀਕ ਹੈ। ਕੰਮ ਚੱਲਣਾ ਚਾਹੀਦੈ। ਮੈਂ ਤਾਂ ਇਹੋ ਚਾਹੁੰਦਾ ਹਾਂ ਬਈ ਤੇਰਾ ਕੰਮ ਚੱਲ ਪਵੇ। ਮੈਂ ਤਾਂ ਥੱਕ ਗਿਐਂ, ਮਿਹਨਤ ਮਜ਼ਦੂਰੀ ਕਰਦਿਆਂ ਕਰਦਿਆਂ। ਹੁਣ ਤੂੰ ਕੰਮ ਕਰ, ਮੈਂ ਤਾਂ ਵਿਹਲਾ ਬਹਿ ਕੇ ਖਾਵਾਂਗਾ। ਮੇਰੇ ਤੋਂ ਹੁਣ ਨਹੀਂ ਹੁੰਦਾ ਕੰਮ,” ਸਰੂਰ ਵਿੱਚ ਅੱਖਾਂ ਮੀਟਦਿਆਂ  ਕਰਤਾਰਾ ਬੋਲਿਆ।
“ਇਹ ਕੀ ਗੱਲ ਹੋਈ। ਮੁੰਡਾ ਕੰਮ ਕਰਦੈ, ਤੂੰ ਵੀ ਕੰਮ ਕਰ। ਮਿਲ ਕੇ ਘਰ ਨੂੰ ਤੋਰੋ।” ਬਲਦੇਵ ਦੀ ਮਾਂ ਬੋਲੀ।
“ਓਏ, ਤੂੰ ਐਵੇਂ ਨਾ ਬੁੜਬੁੜ ਕਰੀ ਜਾ। ਮੈਂ ਨਹੀਂ ਹੁਣ ਕੋਈ ਕੰਮ ਕਰਨਾ। ਮੈਂ ਤਾਂ ਵਿਹਲੇ ਬਹਿ ਕੇ ਖਾਣੈ।” ਕਰਤਾਰੇ ਦੀ ਆਵਾਜ਼ ਵਿੱਚ ਰੋਅਬ ਸੀ।
ਸਾਰਾ ਟੱਬਰ ਖੜਾ ਉਹਨੂੰ ਵੇਖਦਾ ਰਹਿ ਗਿਆ। ਤੇ ਕਰਤਾਰਾ ਉੱਥੇ ਹੀ ਲੋਰ ਵਿੱਚ ਗੰਢ ਜਿਹੀ ਬਣ ਕੇ ਪੈ ਗਿਆ।
                                       -0-

No comments: