ਸਤਿਪਾਲ ਖੁੱਲਰ
ਮਿਲਣੀ ਦੀ ਰਸਮ ਹੋ ਚੁੱਕੀ ਸੀ। ਕੁੜੀ ਦਾ ਬਾਪ ਹਰ ਇੱਕ ਨੂੰ ਪੈਸਿਆਂ ਦੇ ਨਾਲ ਨਾਲ ਕੁਝ ਨਾ ਕੁਝ ਦੇ ਚੁੱਕਾ ਸੀ। ਕਿਸੇ ਨੂੰ ਕੰਬਲ ਉੱਤੇ ਸੌ ਰੁਪਈਆ, ਕਿਸੇ ਨੂੰ ਪੰਜਾਹ ਤੇ ਕਿਸੇ ਨੂੰ ਮੁੰਦਰੀ ਨਾਲ ਕੰਬਲ। ਇਸ ਤੋਂ ਪਹਿਲਾਂ ਕੁਆਰ-ਧੋਤੀ ਦੀ ਰਸਮ ਵੀ ਹੋਈ ਸੀ। ਮੁੰਡੇ ਦੀ ਭੈਣ ਤੇ ਜੀਜੇ ਦੀ ਝੋਲੀ ਵਿੱਚ ਸੌ-ਸੌ ਰੁਪਈਆ ਪਾਇਆ ਗਿਆ ਸੀ। ਇੰਜ ਲਗਦਾ ਸੀ, ਕੁੜੀ ਦਾ ਬਾਪ ਅੱਜ ਬਲੀ ਦਾ ਬਕਰਾ ਬਣਿਆ ਹੋਇਆ ਹੈ। ਸ਼ਗਨ ਵਿੱਚ ਉਸਨੇ ਸਕੂਟਰ ਦਿੱਤਾ ਸੀ। ਪਰ ਵਿਚੋਲੇ ਰਾਹੀਂ ਮੁੰਡੇ ਵਾਲਿਆਂ ਨੇ ਏਅਰ-ਕੰਡੀਸ਼ਨਰ ਦੀ ਵੀ ਮੰਗ ਕਰ ਲਈ ਸੀ। ਵਿਆਹ-ਸ਼ਾਦੀ ਵਿੱਚ ਤਾਂ ਖੁਸ਼ੀ ਨਾਲ ਦੇਣ ਦਾ ਵੀ ਬੋਝ ਹੀ ਹੁੰਦਾ ਹੈ ਤੇ ਮੰਗ ਪੂਰੀ ਕਰਨੀ ਤਾਂ ਹੋਰ ਵੀ ਦੁਖਦਾਈ ਹੋ ਜਾਂਦੀ ਹੈ।
ਰਾਮ ਲਾਲ ਦੀ ਵੱਡੀ ਲੜਕੀ ਨੇ ਬਿਨਾਂ ਦਾਜ ਤੋਂ ਵਿਆਹ ਕਰਵਾਇਆ ਸੀ, ਆਪਣੇ ਆਪ। ਉਹ ਬਾਪ ਨੂੰ ਹੌਂਸਲਾ ਵੀ ਦੇ ਰਹੀ ਸੀ ਤੇ ਭੱਜ-ਨੱਠ ਵੀ ਕਰ ਰਹੀ ਸੀ। ਦੋ-ਚਾਰ ਹਜ਼ਾਰ ਦਾ ਇੱਧਰ-ਉੱਧਰ ਲੱਗਣਾ ਕੋਈ ਖਾਸ ਗੱਲ ਨਹੀਂ ਹੁੰਦੀ। ਪਰ ਵੀਹ-ਬਾਈ ਹਜ਼ਾਰ ਦਾ ਅਚਾਨਕ ਖਰਚ…ਜਦੋਂ ਪੈਸੇ-ਪੈਸੇ ਦੀ ਲੋੜ ਹੋਵੇ। ਵੱਡੀ ਕੁੜੀ ਨੇ ਬਾਪ ਨੂੰ ਸਮਝਾਇਆ, ਹੌਂਸਲਾ ਦਿੱਤਾ, “ਬਾਪੂ ਜੀ, ਜੇ ਮੇਰੇ ਵਿਆਹ ਤੇ ਤੁਸੀਂ ਦਾਜ ਦੇਂਦੇ ਤਾਂ ਕੀ ਖਰਚ ਨਾ ਹੁੰਦਾ? ਸਮਝ ਲਵੋ ਕਿ ਏਅਰ ਕੰਡੀਸ਼ਨਰ ਦਾ ਖਰਚ ਇੱਧਰ ਆ ਗਿਆ।” ਪਰ ਬਾਪ ਨੂੰ ਚੈਨ ਕਿੱਥੇ। ਇਹ ਤਾਂ ਕਰਨਾ ਹੀ ਸੀ, ਸੋ ਕਰਨਾ ਪਿਆ। ਧੀ ਤੋਂ ਬਾਪ ਦੀ ਬੇਚੈਨੀ ਦੇਖੀ ਨਹੀਂ ਸੀ ਜਾ ਰਹੀ । ਉਹ ਦੇਖ ਰਹੀ ਸੀ ਕਿ ਉਸਦਾ ਬਾਪ ਅੰਦਰੋਂ ਟੁੱਟਿਆ ਪਿਆ ਹੈ।
ਹੁਣ ਰਿਬਨ ਕੱਟਣ ਦੀ ਰਸਮ ਸੀ। ਕੁੜੀਆਂ ਰਿਬਨ ਬੰਨ੍ਹੀ ਖੜ੍ਹੀਆਂ ਸਨ। ਰਾਮ ਲਾਲ ਦੀ ਵੱਡੀ ਕੁੜੀ ਸਭ ਤੋਂ ਮੂਹਰੇ ਸੀ। ਇਹ ਰਸਮ ਉਸੇ ਨਾਲ ਸੰਬੰਧਿਤ ਸੀ। ਮੁੰਡੇ ਨੇ ਰਿਬਨ ਕੱਟਿਆ ਤੇ ਸੌ ਰੁਪਿਆ ਥਾਲੀ ਵਿੱਚ ਵਗਾਹ ਮਾਰਿਆ।
“ਇੰਨੇ ਨਾਲ ਨਹੀਂ ਚਲਣਾ ਜੀਜਾ ਜੀ,” ਕੁੜੀ ਨੇ ਅੱਖਾਂ ਮਟਕਾ ਕੇ ਕਿਹਾ।
“ਹੋਰ ਕਿੰਨੇ ਨਾਲ ਸਰੇਗਾ, ਸਾਲੀ ਸਾਹਿਬਾ?”
“ਇੱਕ ਲੱਖ।” ਕੁੜੀ ਦੀ ਮੁਸਕਰਾਹਟ ਮੁੰਡੇ ਨੂੰ ਅੰਦਰ ਤੱਕ ਹਿਲਾ ਗਈ।
“ਭੈਣ ਜੀ, ਮਖੌਲ ਤਾਂ ਨਹੀਂ ਕਰ ਰਹੇ…?” ਮੁੰਡਾ ਬੋਲਿਆ।
“ਜੇ ਤੁਸੀਂ ਏਅਰ ਕੰਡੀਸ਼ਨਰ ਮਖੌਲ ਨਾਲ ਮੰਗਿਆ ਹੈ ਤਾਂ ਸਮਝੋ ਮੈਂ ਵੀ…।”
“ਹੈਂ…!” ਮੁੰਡੇ ਨੇ ਸੋਚਿਆ ਸੀ, ਸਾਲੀ ਸ਼ਾਇਦ ਮਖੌਲ ਕਰ ਰਹੀ ਹੈ। ਪਰ ਉਹ ਤਾਂ ਗੰਭੀਰ ਸੀ।
ਰੌਲਾ ਪੈ ਗਿਆ। ਕੁੜੀਆਂ ਲੰਘਣ ਨਹੀਂ ਦੇ ਰਹੀਆਂ ਸਨ। ਗੱਲ ਵਧ ਗਈ। ਮੁੰਡੇ ਦੇ ਬਾਪ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਬੋਲਿਆ, “ਰਾਹ-ਰਾਹ ਦੀ ਗੱਲ ਕਰੋ ਬੀਬਾ। ਜਿੰਨਾ ਸ਼ਗਨ ਵਿਹਾਰ ਬਣਦਾ ਹੈ ਲੈ ਲਵੋ।”
“ਇਹ ਰਾਹ ਮਾਸੜ ਜੀ, ਥੋਡੇ ਵਰਗਿਆਂ ਦੇ ਹੀ ਬਣਾਏ ਹੋਏ ਹਨ। ਤੁਸੀਂ ਕਦ ਸਾਡੇ ਨਾਲ ਰਾਹ ਦੀ…।” ਕੁੜੀ ਗੁੱਸੇ ਵਿੱਚ ਸੀ। ਪਰ ਕੁੜੀ ਦੇ ਬਾਪ ਨੇ ਗੱਲ ਸੰਭਾਲ ਲਈ ਸੀ। ਆਖਰ ਕੁੜੀ ਵੀ ਢਲ ਗਈ ਸੀ।
“ਜੀਜਾ ਜੀ, ਮੈਂ ਤਾਂ ਦਸ ਰੁਪੈ ਲਵਾਂਗੀ। ਸਿਰਫ ਦਸ ਰੁਪੈ। ਮੈਂ ਤਾਂ ਦੇਖਣਾ ਸੀ, ਤੁਹਾਡੇ ਤੇ ਕੀ ਗੁਜ਼ਰਦੀ ਹੈ ਜਦ ਅਚਾਨਕ…।” ਕੁੜੀ ਪਿੱਛੇ ਹਟ ਗਈ ਸੀ।
ਬਰਾਤੀ ਲੰਘ ਰਹੇ ਸਨ। ਪਰ ਕੁਝ ਬਰਾਤੀਆਂ ਨੂੰ ਕੁੜੀ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
-0-
No comments:
Post a Comment