ਪ੍ਰੀਤ ਨੀਤਪੁਰ
ਪੱਠੇ ਖੋਤਣ ਗਈ ਈਸੋ ਨੇ ਖੇਤੋਂ ਲਿਆਂਦੇ ਚਿੱਬਡ਼ਾਂ ਦੀ ਚਟਣੀ ਬਣਾ ਲਈ ਸੀ, ਚੁੱਲ੍ਹੇ ਮੂਹਰੇ ਬਾਲਣ ਰੱਖ ਲਿਆ ਸੀ ਤੇ ਤਵਾ, ਜਿਹਡ਼ਾ ਕਿ ਪਿਛਲੇ ਤਿੰਨਾਂ ਦਿਨਾਂ ਤੋਂ ਅਣਵਰਤਿਆ ਪਿਆ ਹੋਣ ਕਰਕੇ ਜੰਗਾਲਿਆ ਗਿਆ ਸੀ, ਧੋ-ਸੰਵਾਰ ਕੇ ਚੁੱਲ੍ਹੇ ਉੱਤੇ ਚਡ਼੍ਹਾ ਦਿੱਤਾ ਸੀ।
ਆਪ ਉਹ ਖਾਲੀ ਪਰਾਤ ਵਿਚ ਛਾਨਣੀ ਰੱਖ ਕੇ ਆਟਾ ਗੁੰਨ੍ਹਣ ਲਈ ਪਾਣੀ ਦਾ ਡੋਲੂ ਭਰਕੇ ਬੈਠੀ ਉਡੀਕ ਰਹੀ ਸੀ ਆਪਣੇ ਪੁੱਤ ਫੱਤੂ ਨੂੰ, ਜਿਹਡ਼ਾ ਚੱਕੀ ਤੋਂ ਆਟਾ ਲੈਣ ਗਿਆ ਅਜੇ ਤੱਕ ਨਹੀਂ ਸੀ ਬਹੁਡ਼ਿਆ।
“ਸੋਹਰੇ ਕਮਲੇ ਜਿਹੇ ਨੇ ਬਾਹਲਾ ਈ ਚਿਰ ਲਾਤਾ।” ਉਹ ਬੁਡ਼ਬੁਡ਼ਾਈ, “ਚੰਦਰਾ ਕਿਸੇ ਨਾਲ ਲਡ਼ ਈ ਨਾ ਪਿਆ ਹੋਵੇ, ਬਾਹਲਾ ਘਤਿਤੀ ਐ। ਪਿਓ ਵਰਗਾ ਅਡ਼ਬ…।”
ਤੇ ਫਿਰ ਉਹਨੂ ਫੱਤੂ ਦੇ ਪਿਉ ਦੀ ਯਾਦ ਆ ਗਈ। ਉਹਨੇ ਪਿੱਛੇ ਜਿਹੇ ਗਰੀਬੀ ਤੋਂ ਤੰਗ ਆ ਕੇ , ਖੂਹ ਵਿਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ ਸੀ।
“ਫੱਤੂ ਦੇ ਬਾਪੂ! ਤੂੰ ਤਾਂ ਸਾਰੇ ਰਿਸ਼ਤੇ-ਨਾਤੇ ਤੋਡ਼, ਇਹਨਾਂ ਮਾਸੂਮਾਂ ਨੰ ਰੋਂਦਿਆਂ ਛੱਡ ਕੇ…ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਗਿਆ…ਤੇ ਮੈਂ…ਮੈਂ ਇਹਨਾਂ ਬੋਟਾਂ ਨੂੰ ਆਲ੍ਹਣੇ ’ਚ ਸੁੰਨਿਆਂ ਛੱਡ ਕੇ, ਤੇਰੇ ਵਾਂਗ ਨਹੀਂ ਭੱਜਣਾ…ਹਰਗਿਜ਼ ਨਹੀਂ ਭੱਜਣਾ…।” ਭਾਵੁਕਤਾ ਤੇ ਦ੍ਰਿਡ਼੍ਹਤਾ ਦਾ ਸੁਮੇਲ ਉਹਦੇ ਚਿਹਰੇ ਨੂੰ ਗਹਿਰ-ਗੰਭੀਰ ਬਣਾ ਰਿਹਾ ਸੀ।
“ਬੀਬੀ! ਆਪਾਂ ਅੱਜ ਫੇਰ ਨਹੀਂ ਰੋਟੀਆਂ ਪਕਾਉਣੀਆਂ?”
“ਕਿਉਂ ਨਹੀਂ ਪਕਾਉਣੀਆਂ?…ਪਕਾਉਣੀਐਂ ਪੁੱਤ…ਫੱਤੂ ਗਿਆ ਵਿਐ ਆਟਾ ਲੈਣ ਚੱਕੀ ਤੋਂ…।”
ਬੱਚੇ ਫਿਰ ਖੇਡ ਵਿਚ ਰੁੱਝ ਗਏ ਸਨ।
ਤੇ ਉਹ ਫਿਰ ਸੋਚਾਂ ਵਿਚ ਗੁਆਚ ਗਈ ਸੀ।
“ਤਾਈ…ਤਾਈ!” ਇਕ ਕਾਹਲੀ ਤੇ ਉੱਚੀ ਆਵਾਜ਼ ਨੇ ਉਹਦੀ ਸੋਚਾਂ ਦੀ ਤੰਦ ਤੋਡ਼ ਦਿੱਤੀ ਸੀ।
“ਵੇ ਕੀ ਗੱਲ ਐ…?” ਉਹ ਜਿਵੇਂ ਸੁੱਤੀ ਉੱਠੀ ਹੋਵੇ।
“ਤਾਈ, ਥੋਡਾ ਫੱਤੂ ਟ੍ਰੈਕਟਰ ਥੱਲੇ ਆ ਗਿਆ, ਲੱਤ ਟੁੱਟਗੀ ਖਵਨੀ…।”
ਤੇ ਫਿਰ ਉਹ ਪਥਰਾ ਜਿਹੀ ਗਈ।
-0-
No comments:
Post a Comment