ਡਾ. ਕਰਮਜੀਤ ਸਿੰਘ ਨਡਾਲਾ
ਉਹ ਸਹੁਰੀ ਕਿੱਥੇ ਮੰਨਦੀ। ਉਹਦੇ ਸਿਰ ਉੱਤੇ ਤਾਂ ਬਾਹਰਲਾ ਭੂਤ ਸੁਆਰ ਸੀ। ਕਨੇਡਾ ਰਹਿੰਦੇ ਘਰਵਾਲੇ ਨੇ ਫੋਨ ਕੀਤਾ, “ਤੂੰ ਜਿਦ ਨਾ ਕਰ। ਘਰ ਬੀਬੀ-ਭਾਪਾ ਤੇ ਨਿਆਣਿਆਂ ਨੂੰ ਸੰਭਾਲਣਾ ਤੇਰੀ ਜ਼ੁੰਮੇਵਾਰੀ ਏ। ਮੈਂ ਆ ਹੀ ਜਾਨਾਂ, ਸਾਲ ਬਾਅਦ। ਬਾਹਰ ਸੈਰ-ਸਪਾਟੇ ਨਹੀਂ ਹੁੰਦੇ। ਸਿਰ ਖੁਰਕਣ ਦਾ ਵਿਹਲ ਨਹੀਂ। ਇੱਥੇ ਵਿਹਲਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ। ਹਾਂ, ਜੇ ਤੂੰ ਨਹੀਂ ਰਹਿ ਸਕਦੀ ਤਾਂ ਤੈਨੂੰ ਕੋਈ ਨਾ ਕੋਈ ਕੋਰਸ ਕਰਨਾ ਪਊ। ਫੇਰ ਹੀ ਤੈਨੂੰ ਬਾਹਰ ਆਉਣ ਦਾ ਫਾਇਦੈ…।”
ਉਹ ਸ਼ਹਿਰ ਜਾਣ ਲੱਗ ਪਈ। ਸਵੇਰੇ ਹੀ ਪਹਿਨ-ਪੱਚਰ ਕੇ ਤੁਰ ਪੈਂਦੀ। ਪਿੱਛੇ ਬੁੱਢੇ ਸੱਸ-ਸਹੁਰਾ, ਨੂੰਹ ਦੀ ਘੂਰੀ ਤੋਂ ਡਰਦੇ ਰੋਟੀ-ਟੁੱਕ ਵੀ ਕਰਦੇ ਤੇ ਉਹਦੇ ਬੱਚਿਆਂ ਨੂੰ ਵੀ ਸੰਭਾਲਦੇ ਫਿਰਦੇ।
“ਯਾਰ, ਇਹ ਸੰਤ ਸਿੰਘ ਦੀ ਨੂੰਹ ਕਿੱਧਰ ਰੋਜ਼ ਟੈਨ-ਸ਼ੈਨ ਹੋ ਕੇ ਤੁਰ ਪੈਂਦੀ ਏ…ਘਰੇ ਸੱਸ-ਸਹੁਰੇ ਦੀ ਕੁੱਤੇ-ਖਾਣੀ ਕਰਦੀ ਰਹਿੰਦੀ ਏ…।” ਇੱਕ ਦਿਨ ਗਲੀ ਦੇ ਦੋ ਬੰਦੇ ਉਹਨੂੰ ਦੇਖ ਕੇ ਗੱਲਾਂ ਕਰਨ ਲੱਗ ਪਏ।
“ਕਹਿੰਦੇ ਸ਼ਹਿਰ ਜਾਂਦੀ ਏ…ਕੋਈ ਕੋਰਸ-ਕੂਰਸ ਕਰਦੀ ਏ…ਬਾਹਰ ਜਾ ਕੇ ਕੰਮ ਸੌਖਾ ਮਿਲ ਜਾਂਦੈ…।”
“ਕੋਰਸ…ਹੁਣ ਦੋ ਨਿਆਣਿਆਂ ਦੀ ਮਾਂ ਬਣਕੇ ਕਿਹੜੇ ਕੋਰਸ ਕਰਨ ਡਹਿ ਪਈ ਏ…ਘਰੋਂ ਸੌਖੇ ਨੇ…ਖਾਣ-ਪੀਣ ਦੀ ਪੂਰੀ ਖੁੱਲ੍ਹ ਏ…ਬਾਹਰੋਂ ਘਰਵਾਲਾ ਬਥੇਰੇ ਰੁਪਈਏ ਭੇਜੀ ਜਾਂਦੈ…ਸੌਅ ਸਹੂਲਤਾਂ ਨੇ…।”
“ਕਹਿੰਦੇ ਕੋਈ ਨੈਨੀ ਦਾ ਕੋਰਸ ਪਈ ਕਰਦੀ ਏ…।”
“ਨੈਨੀ!…ਉਹ ਕੀ ਬਲਾਅ ਹੋਈ? ਇਹ ਕੋਰਸ…”
“ਓਏ ਤੈਨੂੰ ਨਹੀਂ ਪਤਾ, ਉਧਰ ਕਨੇਡਾ ’ਚ ਜਿਹੜੇ ਲੋਕ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ ਨੇ, ਪਿੱਛੋਂ ਉਨ੍ਹਾਂ ਦੇ ਬੁੱਢਿਆਂ ਤੇ ਨਿੱਕੇ ਨਿਆਣਿਆਂ ਦੇ ਨੱਕ-ਮੂਹ ਪੂੰਝਿਆ ਕਰੂ…ਸੇਵਾ ਕਰਿਆ ਕਰੂ…ਸੰਭਾਲਿਆ ਕਰੂ…ਹੋਰ ਕੀ…।”
“ਹੱਛਾ…ਇਹ ਕੋਰਸ ਏਸ ਕਰਕੇ ਹੁੰਦੈ…ਦੁਰ ਫਿੱਟੇ ਮੂੰਹ ਸਾਡੇ ਲੋਕਾਂ ਦੇ…ਜੇ ਉੱਥੇ ਜਾ ਕੇ ਕਾਲਿਆਂ-ਗੋਰਿਆਂ ਦੇ ਬੱਚੇ ਤੇ ਬੁੱਢੇ ਹੀ ਸੰਭਾਲਣੇ ਨੇ ਤਾਂ ਇਹਦੇ ਨਾਲੋਂ ਫੇਰ ਆਪਣੇ ਜੰਮੇ ਨਿਆਣੇ ਤੇ ਸੱਸ-ਸਹੁਰੇ ਨੂੰ ਹੀ ਸੰਭਾਲ ਲਵੇ ਤਾਂ ਗਣੀਮਤ ਏ…ਸਹੁਰੀ ਲਗਦੀ ਕਨੇਡਾ ਦੀ…ਸਚੀਂ ਸਿਆਣੇ ਕਹਿੰਦੇ ਨੇ…ਗਿੱਟੇ ਭੰਨਾ ਆਪਣਿਆਂ…ਸਦਕੇ ਲਵਾਂ ਪਰਾਇਆਂ…।”
-0-
No comments:
Post a Comment