ਗੁਰਨੈਬ ਸਿੰਘ ਮਘਾਣੀਆ
ਜਦੋਂ ਭੂਰੇ ਨੂੰ ਸਰਕਾਰ ਵੱਲੋਂ ਬੈਂਕ ਦੀਆਂ ਕਰਜ਼ੇ ਦੀਆਂ ਸਕੀਮਾਂ ਬਾਰੇ ਪਤਾ ਲੱਗਿਆ ਤਾਂ ਉਹ ਵੀ ਦੂਸਰੇ ਦਿਨ ਘਰੋਂ ਸਲਾਹ ਕਰਕੇ ਕਿ ‘ਬੈਅ ਜਾਂ ਗਹਿਣੇ ਕਰਨ ਨਾਲੋਂ ਤਾਂ ਚੰਗਾ ਹੈ ਆਪਾਂ ਵੀ ਲੋਨ ਲੈ ਲਈਏ, ਹੌਲੀ-ਹੌਲੀ ਕਿਸ਼ਤਾਂ ’ਚ ਮੋੜੀ ਚਲਾਂਗੇ।’ ਪਟਵਾਰੀ ਤੋਂ ਕਿੱਲੇ ਦੇ ਨੰਬਰ ਲੈ ਕੇ ਬੈਂਕ ਮੈਨੇਜਰ ਕੋਲ ਜਾ ਪਹੁੰਚਿਆ।
ਉਸ ਦਿਨ ਤੋਂ ਲੈ ਕੇ ਅੱਜ ਤੱਕ ਪੂਰੇ ਦੋ ਮਹੀਨੇ ਹੋ ਗਏ ਹਨ। ਸਰਕਾਰੀ ਕਾਗਜ਼ ਪੱਤਰਾਂ ਦੀ ਕੁੱਤੇ ਵਾਲੀ ਪੂਛ ਸਿੱਧੀ ਹੋਣ ਵਿਚ ਨਹੀਂ ਆ ਰਹੀ। ਉੱਪਰੋਂ ਖਰਚਾ ਹੋਰ ਵਧੇਰੇ ਹੋ ਰਿਹਾ ਹੈ। ਨੰਬਰ ਲਿਆਉਣ ਦੀ ਫੀਸ। ਅਸ਼ਟਾਮਾਂ ਦਾ ਖਰਚਾ। ਬੱਸਾਂ ਦਾ ਕਿਰਾਇਆ। ਜਦੋਂ ਵੀ ਬੈਂਕ ਪਹੁੰਚਦਾ ਤਾਂ ਮੈਨੇਜਰ ਕਡ਼ਕਵੀਂ ਆਵਾਜ਼ ਵਿਚ ਬੋਲਦਾ, “ਆਹ ਹਲਫੀਆ ਬਿਆਨ ਨੀ ਲਾਇਆ। ਇੱਥੇ ਸਰਪੰਚ ਦੀ ਮੋਹਰ ਨੀ ਲਵਾਈ। ਰਾਸ਼ਨ ਕਾਰਡ ਦੀ ਕਾਪੀ ਕਿੱਥੇ ਐ? ਇਹਨੂੰ ਤਹਿਸੀਲਦਾਰ ਤੋਂ ਤਸਦੀਕ ਕਰਾਓ।”
ਨਿੱਤ ਦੇ ਗੇੜਿਆਂ ਕਰਕੇ ਮੈਨੇਜਰ ਭੂਰਾ ਸਿੰਘ ਨੂੰ ਚੰਗੀ ਤਰ੍ਹਾਂ ਪਛਣਨ ਲੱਗ ਪਿਆ ਸੀ। ਮੈਨੇਜਰ ਭੂਰਾ ਸਿੰਘ ਨੂੰ ਐਨਕਾਂ ਉੱਪਰ ਦੀ ਦੇਖਦਾ ਤੇ ਦੂਰੋਂ ਹੀ ਪਛਾਣ ਲੈਂਦਾ। ਫਿਰ ਖਿਸਿਆਨੀ ਜਿਹੀ ਹਾਸੀ ਹੱਸਦਾ। ਮਨ ਵਿਚ ਸੋਚਦਾ, ‘ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ। ਭਲਿਆ ਮਾਨਸਾ ਸਾਡੇ ਬਾਰੇ ਵੀ ਕੁਝ ਸੋਚ, ਐਂ ਤਾਂ ਸਾਰੀ ਉਮਰ ਨੀ ਕਾਗਜ਼-ਪੱਤਰ ਪੂਰੇ ਹੋਣੇ।’
ਅੱਜ ਕਈ ਦਿਨਾਂ ਬਾਅਦ ਮੈਨੇਜਰ ਨੇ ਬੱਸ-ਅੱਡੇ ਉੱਤੇ ਖੜ੍ਹੇ ਭੂਰੇ ਨੂੰ ਪਛਾਣ ਲਿਆ। ਉਸਨੇ ਭੂਰੇ ਨੂੰ ਪੁੱਛਿਆ, “ਕੀ ਗੱਲ ਹੋਗੀ ਭੂਰਾ ਸਿਆਂ, ਦਸ-ਪੰਦਰਾਂ ਦਿਨ ਹੋਗੇ, ਮੁਡ਼ਕੇ ਗੇੜਾ ਈ ਨੀ ਮਾਰਿਆ?”
ਭੂਰਾ ਅੱਖਾਂ ਨੀਵੀਆਂ ਕਰਕੇ ਮੈਨੇਜਰ ਨੂੰ ਦੱਸ ਰਿਹਾ ਸੀ, “ਓ ਤਾਂ ਜੀ, ਮੈਨੇਜਰ ਸਾਹਬ, ਸਰ ਗਿਆ ਸੀ ਕੰਮ ਫੇਰ। ਐਮੇ ਦੋ ਮਹੀਨੇ ਕੁੱਤੇ ਭਕਾਈ ਕਰੀ ਗਏ, ਗੱਲ ਦਾ ਕੋਈ ਮੂੰਹ ਸਿਰ ਤਾਂ ਬਣਿਆ ਨੀ ਸੀ। ਉੱਤੋਂ ਹੋਰ ਖਰਚਾ ਕਰੀ ਜਾਂਦੇ ਸੀ…ਹਾਰ ਕੇ ਜੀ…ਉਹੀ…ਕਰਜ਼ੇ ਵਾਲਾ ਕਿੱਲਾ ਬੈਅ ਈ ਕਰਤਾ ਜੀ…”
ਦਸਦਿਆਂ ਭੂਰੇ ਦਾ ਗੱਚ ਭਰ ਆਇਆ।
-0-
No comments:
Post a Comment