ਨਿਰੰਜਣ ਬੋਹਾ
ਆਪਣੀ ਭੈਣ ਦੀ ਸਹੇਲੀ ਰੀਮਾ ਉਸ ਨੂੰ ਚੰਗੀ-ਚੰਗੀ ਲੱਗਦੀ। ਜਦੋਂ ਉਹ ਉਸ ਦੀ ਭੈਣ ਕੋਲ ਬੈਠੀ ਹੁੰਦੀ ਤਾਂ ਉਹ ਆਨੇ ਬਹਾਨੇ ਉਹਨਾਂ ਕੋਲ ਚੱਕਰ ਮਾਰਦਾ। ਰੀਮਾ ਵੀ ਉਸਦੀ ਚੋਰ ਅੱਖ ਨੂੰ ਤਾਡ਼ਨ ਲੱਗ ਪਈ ਸੀ, ਪਰ ਉਹ ਹਮੇਸ਼ਾਂ ਸ਼ਰਮ ਨਾਲ ਆਪਣੀਆਂ ਅੱਖਾਂ ਨੀਵੀਆਂ ਪਾਈ ਰੱਖਦੀ।
ਪਿਛਲੇ ਕਈ ਦਿਨਾਂ ਤੋਂ ਰੀਮਾ ਉਹਨਾਂ ਦੇ ਘਰ ਨਹੀਂ ਆ ਰਹੀ ਸੀ। ਉਸਦਾ ਦਿਲ ਕਰਦਾ ਸੀ ਕਿ ਉਹ ਆਪਣੀ ਭੈਣ ਤੋਂ ਉਸਦੀ ਗ਼ੈਰਹਾਜ਼ਰੀ ਦਾ ਕਾਰਣ ਪੁੱਛੇ। ਪਰ ਵੱਡੀ ਭੈਣ ਤੋਂ ਅਜਿਹਾ ਪੁੱਛਣ ਦੀ ਹਿੰਮਤ ਉਹ ਨਾ ਜੁਟਾ ਸਕਦਾ। ਉਹ ਇਹ ਸੋਚ ਕੇ ਬੇ-ਚੈਨ ਸੀ ਕਿ ਕਿਤੇ ਰੀਮਾ ਉਸ ਦੀ ਚਾਹਤ ਦੀ ਗੱਲ ਉਸਦੀ ਭੈਣ ਨੂੰ ਨਾ ਦੱਸ ਦੇਵੇ। ਉਸਦੀ ਭੈਣ ਦਾ ਰੀਮਾ ਦੇ ਘਰ ਆਮ ਆਉਣ-ਜਾਣ ਸੀ।
ਉਸ ਦਿਨ ਉਹ ਆਪਣੀ ਭੈਣ ਨਾਲ ਕੈਰਮ ਬੋਰਡ ਖੇਡ ਰਿਹਾ ਸੀ ਤਾਂ ਕਮਰੇ ਵਿਚ ਪ੍ਰਵੇਸ਼ ਕਰਦਿਆਂ ਇੱਕ ਸੋਹਣੇ ਸੁਨੱਖੇ ਨੌਜਵਾਨ ਨੇ ਸਿੱਧਾ ਉਸ ਦੀ ਭੈਣ ਬਿਮਲਾ ਵੱਲ ਝਾਕਦਿਆਂ ਪੁੱਛਿਆ, “ਏਧਰ ਰੀਮਾ ਤੇ ਨਹੀਂ ਆਈ?”
“ਨਹੀਂ, ਏਧਰ ਤੇ ਨਹੀਂ ਆਈ…ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ।” ਉਸਦੀ ਭੈਣ ਨੇ ਉਚੇਚ ਨਾਲ ਉਸ ਨੌਜਵਾਨ ਨੂੰ ਬੈਠਣ ਲਈ ਕਿਹਾ ਤੇ ਨਾਲ ਹੀ ਉਸਦੀ ਜਾਣ-ਪਹਿਚਾਣ ਕਰਵਾਈ, “ਵੀਰ ਜੀ, ਇਹ ਰੀਮਾ ਦੇ ਭਰਾ ਪਵਨ ਨੇ।”
ਉਸਨੂਂ ਲੱਗਿਆ ਜਿਵੇਂ ਰੀਮਾ ਦੇ ਭਰਾ ਨੂੰ ਵੇਖ ਕੇ ਉਸਦੀ ਭੈਣ ਦੀਆਂ ਅੱਖਾਂ ਵਿਚ ਵਿਸ਼ੇਸ਼ ਚਮਕ ਆ ਗਈ ਹੈ। ਉਸ ਦਿਨ ਤੋਂ ਬਾਅਦ ਹੀ ਰੀਮਾ ਦਾ ਉਹਨਾਂ ਦੇ ਘਰ ਆਉਣਾ-ਜਾਣਾ ਬਾ-ਦਸਤੂਰ ਜਾਰੀ ਰਿਹਾ। ਪਰ ਹੁਣ ਉਹ ਉਸ ਪਾਸੇ ਘੱਟ ਹੀ ਆਉਂਦਾ ਜਿੱਧਰ ਉਸਦੀ ਭੈਣ ਨਾਲ ਬੈਠੀ ਹੁੰਦੀ। ਰੀਮਾ ਦੀ ਆਪਣੇ ਘਰ ਵਿਚ ਮੌਜੂਦਗੀ ਉਸਨੂੰ ਭੈੜੀ-ਭੈੜੀ ਲੱਗਦੀ ਤੇ ਉਹ ਦਿਨ ਰਾਤ ਸੋਚਦਾ ਰਹਿੰਦਾ ਕਿ ਦੋਹਾਂ ਸਹੇਲੀਆਂ ਦੇ ਸਬੰਧਾਂ ਨੂੰ ਉਹ ਕਿਵੇਂ ਤੁੜਾਵੇ।
-0-
No comments:
Post a Comment