-moz-user-select:none; -webkit-user-select:none; -khtml-user-select:none; -ms-user-select:none; user-select:none;

Friday, June 4, 2010

ਕ…ਕੀ…ਈ…?



ਅਨਵੰਤ ਕੌਰ


ਨੂੰਹ ਦੇ ਹੱਥ ਵਿੱਚੋਂ ਕੱਚ ਦੇ ਭਾਂਡਿਆਂ ਵਾਲੀ ਟ੍ਰੇਅ ਡਿੱਗ ਪਈ। ਕਸੂਰ ਉਸ ਦਾ ਨਹੀਂ ਸੀ। ਚਿੱਟੇ ਮਾਰਬਲ ਦੇ ਫਰਸ਼ ਉੱਤੇ ਡੁੱਲ੍ਹਿਆ ਪਾਣੀ ਉਸ ਦੀ ਨਜ਼ਰੀਂ ਨਹੀਂ ਸੀ ਪਿਆ। ਪੈਰ ਤਿਲਕ ਗਿਆ। ਆਪ ਤਾਂ ਕਿਸੇ ਤਰ੍ਹਾਂ ਸੰਭਲ ਗਈ, ਪਰ ਟ੍ਰੇਅ ਡਿੱਗ ਪਈ। ਕੱਚ ਦੇ ਦੋ ਗਲਾਸ ਅਤੇ ਦੋ ਪਲੇਟਾਂ ਟੁੱਟ ਗਈਆਂ।

ਖਡ਼ਾਕ ਸੁਣ ਕੇ ਹਰ ਸਮੇਂ ਗੋਡਿਆਂ ਦੇ ਦਰਦ ਦਾ ਰੋਣਾ ਰੋਣ ਵਾਲੀ ਸੱਸ ਭੱਜਦੀ ਹੋਈ ਆਈ। ਕੱਚ ਦੇ ਟੁਕਡ਼ਿਆਂ ਜਿਤਨੇ ਹੀ ਗਾਲ੍ਹਾਂ ਦੇ ਟੁਕਡ਼ੇ ਉਸ ਦੀ ਜ਼ਬਾਨ ਵਿੱਚੋਂ ਗੋਲੀਆਂ ਵਾਂਗ ਡਿੱਗਣ ਲੱਗੇ, ਨੀ ਇਸ ਘਰ ਦੀਏ ਦੁਸ਼ਮਣੇ, ਤੇਰਾ ਕੱਖ ਨਾ ਰਹੇ। ਤੂੰ ਮੇਰੇ ਘਰ ਦਾ ਬੇਡ਼ਾ ਗਰਕ ਕਰਕੇ ਰਹੇਂਗੀ। ਭੁਖਿਆਂ ਦੀਏ ਓਲਾਦੇ, ਪਿੱਛੇ ਕੁਝ ਵੇਖਿਆ ਨੀ, ਹੁਣ ਇਹ ਭਰਿਆ ਘਰ ਤੇਥੋਂ ਜਰ ਨਹੀਂ ਹੁੰਦਾ। ਇੰਜ ਕਰ, ਜਿਹਡ਼ੀ ਕਰਾਕਰੀ ਅਲਮਾਰੀ ’ਚ ਪਈ ਐ, ਉਹ ਵੀ ਲੈ ਆ ਤੇ ਸਾਰੀ ਇਕੋ ਵਾਰ ਤੋਡ਼ ਦੇ। ਜਦ ਤਕ ਇਕ ਵੀ ਪਲੇਟ ਤੈਨੂੰ ਸਬੂਤੀ ਨਜ਼ਰ ਆਵੇਗੀ, ਤੇਥੋਂ ਜਰ ਨਹੀਂ ਹੋਣੀ।

ਪਤਨੀ ਦੀ ਕੁਰਖਤ ਆਵਾਜ਼ ਅਤੇ ਗਾਹਲਾਂ ਸੁਣਕੇ ਸਹੁਰਾ ਵੀ ਆਪਣੇ ਕਮਰੇ ਵਿੱਚੋਂ ਨਿਕਲ ਆਇਆ। ਕੁਝ ਪੁੱਛਣ ਦੀ ਲੋਡ਼ ਨਹੀਂ ਸੀ। ਕੱਚ ਦੇ ਟੁਕਡ਼ੇ, ਨੂੰਹ ਦੀਆਂ ਅੱਖਾਂ ਦੇ ਅਥਰੂ ਅਤੇ ਪਤਨੀ ਦੀਆਂ ਗਾਹਲਾਂ ਸਭ ਕੁਝ ਦੱਸ ਰਹੀਆਂ ਸਨ। ਉਹ ਬੋਲੇ, ਇਸ ਦਾ ਕੀ ਕਸੂਰ ਐ? ਪੈਰ ਤਾਂ ਕਿਸੇ ਦਾ ਵੀ ਫਿਸਲ ਸਕਦੈ। ਗਲਾਸ ਈ ਨੇ, ਹੋਰ ਆ ਜਾਣਗੇ।

ਤੁਸੀਂ ਤਾਂ ਜਬਾਨ ਹਿਲਾ ਦਿੱਤੀ, ਹੋਰ ਆ ਜਾਣਗੇ। ਮਹੀਨੇ ’ਚ ਇਕ ਵਾਰ ਤਨਖਾਹ ਲਿਆ ਕੇ ਦੋਵੇਂ ਪਿਓ-ਪੁੱਤ ਫਡ਼ਾ ਦਿੰਦੇ ਓ। ਪਰ ਮੈਨੂੰ ਈ ਪਤੈ, ਇਸ ਮਹਿੰਗਾਈ ਦੇ ਜ਼ਮਾਨੇ ’ਚ ਘਰ ਦਾ ਖਰਚ ਕਿੰਜ ਚਲਾਂਦੀ ਆਂ। ਮੈਂ ਤਾਂ ਤੀਹ ਦਿਨ ਪਾਈ-ਪਾਈ ਸੋਚ ਕੇ ਖਰਚਣੀ ਹੁੰਦੀ ਐ।

ਓਹੋ! ਇਸ ਪਾਸੇ ਤਾਂ ਅਸਾਂ ਕਦੇ ਸੋਚਿਆ ਈ ਨਹੀਂ। ਅੱਜ ਤੋਂ ਤੈਨੂੰ ਔਖਿਆਂ ਹੋਣ ਦੀ ਲੋਡ਼ ਨਹੀਂ। ਪਡ਼੍ਹੀ-ਲਿਖੀ ਨੂੰਹ ਘਰ ਆਈ ਐ। ਆਪੇ ਬਜਟ ਬਣਾ ਕੇ ਘਰ ਤੋਰ ਲਵੇਗੀ। ਅੱਗੇ ਤੋਂ ਤਨਖ਼ਾਹ ਇਸ ਦੇ ਹੱਥ ਵਿਚ ਦੇ ਦਿਆ ਕਰਾਂਗੇ।

ਕ…ਕੀ…ਈ…?

-0-

No comments: