ਮਲਕੀਤ ਦਰਦੀ
“ਲੈ ਬਈ ਬਾਪੂ! ਹੁਣ ਬਣ ਗਿਆ ਨੌਕਰੀ ਦਾ ਜੁਗਾਡ਼…ਬਡ਼ੇ ਸਾਲਾਂ ਦੀ ਖੱਜਲ ਖੁਆਰੀ ਮੁੱਕੀ।” ਬਿੱਟੂ ਨੇ ਆਪਣੇ ਸਾਰੇ ਸਰਟੀਫਿਕੇਟਾਂ ਨੂੰ ਅਟੈਚੀਕੇਸ ਵਿਚ ਸੰਭਾਲਦਿਆਂ ਆਪਣੇ ਬਾਪੂ ਨੂੰ ਖੁਸ਼ੀ ਖੁਸ਼ੀ ਦਸਦਿਆਂ ਆਖਿਆ। ਇੰਜ ਲਗਦਾ ਸੀ, ਜਿਵੇਂ ਉਸ ਕੋਲੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ।
“ਪੁੱਤ, ਇਹੋ ਜਿਹਾ ਜੁਗਾਡ਼ ਕਿੱਥੋਂ ਬਣ ਗਿਆ?” ਦਿਲਾਵਰ ਸਿੰਘ ਨੇ ਧਾਰ ਕੱਢ ਪਹਿਲਣ ਝੋਟੀ ਨੂੰ ਥਾਪੀ ਦਿੰਦਿਆਂ ਪੁੱਛਿਆ।
“ਬਾਪੂ, ਕੱਲ੍ਹ ਮੈ ਲੁਧਿਆਣੇ ਕਚਹਿਰੀ ’ਚ ਆਪਣੀ ਇੰਟਰਵਿਊ ਦਾ ਪਤਾ ਕਰਨ ਗਿਆ ਸੀ। ਉੱਥੇ ਆਪਣੇ ਪਿੰਡ ਦੇ ਵਿਹਡ਼ੇ ਵਾਲੇ ਪਿਆਰੇ ਦਾ ਮੁੰਡਾ ਮਿਲ ਗਿਆ। ਉਹਨੇ ਆਪਣੇ ਸਹੁਰੇ, ਜੋ ਬਹੁਤ ਵੱਡਾ ਅਫਸਰ ਲੱਗਿਆ ਹੋਇਐ, ਕੋਲੋਂ ਟੈਲੀਫੋਨ ਕਰਵਾ ਕੇ ਮੈਨੂੰ ਹਰ ਹਾਲਤ ’ਚ ਨੌਕਰੀ ਦਾ ਭਰੋਸਾ ਦਿਵਾਇਆ…ਕੋਈ ਰਿਸ਼ਵਤ ਵਗੈਰਾ ਵੀ ਨਹੀਂ ਮੰਗੀ…।” ਬਿੱਟੂ ਨੇ ਇੱਕੋ ਸਾਹੇ ਸਾਰੀ ਕਹਾਣੀ ਦੱਸ ਦਿੱਤੀ।
“ਨਾ ਪੁੱਤ! ਇਹਦੇ ਨਾਲੋਂ ਤਾਂ ਰਿਸ਼ਵਤ ਦੀ ਈ ਗੱਲ ਕਰ ਲੈਂਦਾ। ਨੌਕਰੀ ਮਿਲੀ ਤੋਂ ਪੈਸੇ ਮੁਡ਼ ਆਉਣੇ ਨੇ…ਪਰ ਮੈਂ ਉਨ੍ਹਾਂ ਦਾ ਅਹਿਸਾਨ ਸਾਰੀ ਉਮਰ ਨਹੀਂ ਮੋਡ਼ ਸਕਦਾ।” ਦਿਲਾਵਰ ਸਿੰਘ ਨੇ ਆਪਣੀ ਚਿੱਟੀ ਪੱਗ ਨੂੰ ਠੀਕ ਕਰਦਿਆਂ ਆਖਿਆ।
“ਬਾਪੂ, ਉਹ ਕਿਵੇਂ?” ਬਿੱਟੂ ਇਕਦਮ ਹੈਰਾਨੀ ਨਾਲ ਆਪਣੇ ਬਾਪੂ ਵੱਲ ਦੇਖਣ ਲੱਗ ਪਿਆ।
“ਪੁੱਤ! ਇਹਨਾਂ ਦੇ ਪਿਓ ਦਾਦੇ ਨੇ ਆਪਣੇ ਘਰ ਸੀਰ ਕਮਾਇਐ।”
-0-
No comments:
Post a Comment