Friday, June 25, 2010
ਹੰਝੂ
ਤਿਖਡ਼ ਦੁਪਹਿਰ ਸੀ। ਹਵਾ ਬੁਲ੍ਹਿਆਂ ਵਿਚ ਬੰਦ ਹੋ ਕੇ ਆ ਰਹੀ ਸੀ। ਇਕ ਬੁੱਢਡ਼ ਜਿਹਾ ਸਾਈਕਲ ਦੇ ਮਗਰ ਬੈਠੀ ਭਰ ਜਵਾਨ ਮੁਟਿਆਰ ਨੂੰ ਹੁਝਕੇ ਮਾਰ ਮਾਰ ਖਿੱਚ ਰਿਹਾ ਸੀ। ਕਦੇ ਉਹ ਸਾਈਕਲ ਨੂੰ ਅਗਾਂਹ ਤੋਰਨ ਲਈ ਇਕ ਪੈਡਲ ਉੱਤੇ ਸਾਰੇ ਦਾ ਸਾਰਾ ਝੁਕ ਜਾਂਦਾ, ਕਦੇ ਦੂਜੇ ਉੱਤੇ। ਹੁਝਕਿਆਂ ਨਾਲ ਸਾਈਕਲ ਸੱਪ ਵਾਂਗ ਮੇਲ੍ਹ ਮੇਲ੍ਹ ਤੁਰ ਰਿਹਾ ਸੀ। ਬੁੱਢਡ਼ਾ ਗਰਮੀ ਵਿਚ ਨੁਚਡ਼ਦਾ ਮਾਯੂਸ ਜਿਹਾ ਲੱਗ ਰਿਹਾ ਸੀ। ਕਦੇ ਕਦੇ ਉਹ ਪਿੱਠ ਪਿੱਛੇ ਵੀ ਝਾਤੀ ਮਾਰ ਲੈਂਦਾ ਤਾਂ ਵਸਮਾ ਲਾਈ ਖਤ ਕੱਢੀ ਦਾਡ਼੍ਹੀ ਵਿਚ ਹੱਥ ਫੇਰਦਾ ਤੇ ਤਿੱਖੀਆਂ ਮੁੱਛਾਂ ਨੂੰ ਖਡ਼ੀਆਂ ਕਰਨ ਦਾ ਯਤਨ ਕਰਦਾ। ਮੁਟਿਆਰ ਪਕੇ ਅੰਬ ਵਾਂਗ ਆਪਣੇ ਹੀ ਭਾਰ ਨਾਲ ਦੱਬੀ ਸਾਈਕਲ ਉੱਤੇ ਅਡੋਲ ਬੈਠੀ ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿਚ ਗੁੰਮ ਸੀ। ਅਚਾਨਕ ਮੋਡ਼ ਤੇ ਸਾਈਕਲ ਦਾ ਪਹੀਆ ਸਲਿੱਪ ਹੋ ਗਿਆ। ਮੁਟਿਆਰ ਸਡ਼ਕ ਉੱਤੇ ਚੌਫਾਲ ਡਿੱਗ ਪਈ ਤੇ ਬੁੱਢਡ਼ਾ ਸਾਈਕਲ ਦੇ ਭਾਰ ਥੱਲੇ ਦੱਬਿਆ ਗਿਆ।
“ਓਏ ਬੁਡ਼੍ਹਿਆ! ਕਿਸੇ ਜਵਾਨ ਪੁੱਤ ਨੂੰ ਭੇਜ ਦਿੰਦਾ। ਤੇਥੋਂ ਹੁਣ ਇਹ ਖਿੱਚ ਹੁੰਦੀ ਐ?” ਕੋਲ ਖਡ਼ੇ ਜਵਾਨ ਤੋਂ ਰਿਹਾ ਨਾ ਗਿਆ ਤੇ ਸਾਈਕਲ ਥੱਲਿਓਂ ਬੁਢਡ਼ੇ ਨੂੰ ਕੱਢਣ ਲੱਗਾ।
“ਕਿਉਂ ਭਾਈ! ਤੈਨੂੰ ਨੀਂ ਸੀ ਪਤਾ ਕਿ ਇਹ ਕਿਵੇਂ ਖਿੱਚੂ? ਨਾਲ ਲੈ ਕੇ ਤੁਰ ਪਈ ਏਂ।“
ਮੁਟਿਆਰ ਦੇ ਤਾਂ ਜਿਵੇਂ ਕਿਸੇ ਨੇ ਖਿੱਚ ਕੇ ਬਰਛੀ ਮਾਰੀ ਹੋਵੇ। ਉਹ ਤਡ਼ਫ ਕੇ ਰਹਿ ਗਈ।
“ਵੇ ਕਾਹਨੂੰ ਵੇ ਵੀਰਾ! ਮੈਂ ਕਿੱਥੇ ਆਪ ਲੈ ਕੇ ਤੁਰੀ ਆਂ। ਮਾਪਿਆਂ ਕੰਜਰਾਂ ਨੇ ਇਹਦੇ ਨਾਲ ਤੋਰ ਤੀ ਤਾਂ ਤੁਰ ਪਈ।” ਪਰਲ ਪਰਲ ਕਰਦੇ ਹੰਝੂ ਉਹਦੇ ਤਪਦੇ ਚਿਹਰੇ ਉੱਤੇ ਮੀਂਹ ਵਰ੍ਹਾ ਰਹੇ ਸਨ ਤੇ ਹਟਕੋਰਿਆਂ ਨਾਲ ਉਭਰਿਆ ਸੀਨਾ ਫਟ ਜਾਣਾ ਚਾਹੁੰਦਾ ਸੀ।
-0-
Subscribe to:
Post Comments (Atom)
No comments:
Post a Comment