-moz-user-select:none; -webkit-user-select:none; -khtml-user-select:none; -ms-user-select:none; user-select:none;

Thursday, June 10, 2010

ਪ੍ਰਤਾਪ


ਸੁਖਚੈਨ ਥਾਂਦੇਵਾਲਾ
“ਬਾਬੇ ਨਿੰਮੇ ਨੇ ਮਣਾ ਲਿਆ ਫੇਰ ਕੱਲ੍ਹ ਬਾਬੇ ਰਵੀਦਾਸ ਦਾ ਜਨਮ ਦਿਨ?” ਗਲੀ ਵਿਚ ਤੁਰੇ ਆਉਂਦੇ ਜ਼ੋਰੇ ਨੰਬਰਦਾਰ ਨੇ ਆਪਣੇ ਬੂਹੇ ਅੱਗੇ ਗਲੀ ਵਿਚ ਖੁੰਢ ਉੱਤੇ ਬੈਠੇ ਨਿੰਮੇ ਮੋਚੀ ਨੂੰ ਸਰਸਰੀ ਪੁੱਛਿਆ। ਨਿੰਮਾਂ ਪਹਿਲਾਂ ਸੇਪੀ ’ਤੇ ਸਾਰੇ ਪਿੰਡ ਦੀਆਂ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਹੁਣ ਉਹਦੇ ਪੁੱਤ ਤੇ ਪੋਤਰੇ ਨੇ ਅੱਡੇ ਉੱਤੇ ਜੁੱਤੀਆਂ ਦੀ ਦੁਕਾਨ ਕਰ ਲਈ ਸੀ। ਨਿੰਮਾ ਸੁਰਤ ਸੰਭਾਲਣ ਵੇਲੇ ਤੋਂ ਹੀ ਅੰਮ੍ਰਿਤਧਾਰੀ ਸੀ। ਹੁਣ ਉਹ ਅਕਸਰ ਹੀ ਵਿਹਲਾ ਖੁੰਢ ਸਭਾਵਾਂ ਤੇ ਗੁਰਗਿਆਨ ਦੀਆਂ ਗੱਲਾਂ ਵਿਚ ਰੁੱਝਿਆ ਰਹਿੰਦਾ ਸੀ। ਉਹ ਹਰ ਸਾਲ ਆਪਣੇ ਘਰ ਵਿਚ ਗੁਰੂ ਰਵੀਦਾਸ ਦੇ ਜਨਮ ਦਿਨ ਉੱਤੇ ਸਹਿਜ-ਪਾਠ ਦਾ ਭੋਗ ਪਾਉਂਦਾ ਸੀ। ਉਹਦਾ ਨਾਂ ਤਾਂ ਨਿਰਮਲ ਸਿੰਘ ਸੀ, ਪਰੰਤੂ ਪਿੰਡ ਦੇ ਲੋਕ ਉਸ ਨੂੰ “ਬਾਬਾ ਨਿੰਮਾ’ ਕਹਿ ਕੇ ਬੁਲਾਉਂਦੇ ਸਨ ਤੇ ਪਿੱਠ ਪਿੱਛੇ ਉਸ ਨੂੰ ‘ਨਿੰਮਾ ਮੋਚੀ’ ਕਹਿ ਛੱਡਦੇ ਸਨ।
“ਹਮਾਤਡ਼ ਗਰੀਬਾਂ ਨੇ ਬਾਬੇ ਦਾ ਕੀ ਜਨਮ ਦਿਨ ਮਨਾਉਣੈ, ਨੰਬਰਦਾਰਾ। ਐਵੇਂ ਮੁੰਡੇ ਨੇ ਵੀਹਰ ਕੇ ਕਾਰਡ ਵੰਡਤੇ ਪਿੰਡ ’ਚ, ਅਖੇ ਪੁੰਨ-ਦਾਨ ਹੋ ਜੂਗਾ। ਲੰਗਰ ਵੀ ਵਾਹਵਾ ਬਣਾ ਲਿਆ, ਪਰ ’ਕੱਠ ਹੋਇਆ ਨਾ। ਫੇਰ ਅੱਡੇ ਤੇ ਬੱਸਾਂ ਰੋਕ-ਰੋਕ ਕੇ ਛਕਾਇਆ ਲੋਕਾਂ ਨੂੰ। ਦੇਗ ਵੀ ਵਧ ਗਈ
। ਜਲ-ਪ੍ਰਵਾਹ ਕਰਕੇ ਆਇਆ ਸਵੇਰੇ। ਸੱਚ! ਨੰਬਰਦਾਰਾ, ਤੂੰ ਵੀ ਨ੍ਹੀਂ ਬਹੁਡ਼ਿਆ ਐਤਕੀਂ।” ਨਿੰਮੇ ਨੇ ਨਿਹੋਰੇ ਨਾਲ ਸਾਰੀ ਵਿਥਿਆ ਸੁਣਾਈ।
“ਬਾਬਾ, ਮੇਰੇ ਤਾਂ ਕੁਡ਼ਮਾਚਾਰੀ ’ਚ ਮੌਤ ਹੋਗੀ ਸੀ। ਕਲ ਸਸਕਾਰ ’ਤੇ ਗਿਆ ਸੀ। ਨਹੀਂ ਤਾਂ ਮੈਂ ਤਾਂ ਜ਼ਰੂਰ ਆਉਂਦਾ ਹੁਨਾਂ ਐਂ ਭੋਗ ’ਤੇ।” ਨੰਬਰਦਾਰ ਆਪਣਾ ਸਪਸ਼ਟੀਕਰਨ ਦੇ ਕੇ ਫੇਰ ਬੋਲਿਆ, “ਬਾਬਾ, ਅੱਜ ਕਨੇਡਾ ਵਾਲਿਆਂ ਦੇ ਬੁਡ਼੍ਹੇ ਦੀ ਬਰਸੀ ’ਤੇ ਨ੍ਹੀਂ ਜਾਣਾ ਤੂੰ?”
“ਹਾਂ-ਹਾਂ, ਮੈਂ ਵੀ ਜਾਣੈ, ਤਿਆਰ ਆਂ।” ਨਿੰਮੇ ਨੇ ਸਾਫਾ ਮੋਢੇ ਤੇ ਰੱਖਿਆ ਤੇ ਉੱਠਦਿਆਂ ਬੋਲਿਆ, “ਨੰਬਰਦਾਰਾ, ਆਪਾਂ ਤਾਂ ਸਾਰੇ ਨਗਰ ਦੇ ਸਾਂਝੇ ਬੰਦੇ ਆਂ।” ਤੇ ਉਹ ਨੰਬਰਦਾਰ ਨਾਲ ਤੁਰ ਪਿਆ।
ਕਨੇਡਾ ਵਾਲਿਆਂ ਦੇ ਪਟਡ਼ੀ-ਫੇਰ ਇਲਾਕੇ ਤੋਂ ਬਹੁਤ ਲੋਕ ਪਹੁੰਚੇ ਹੋਏ ਸਨ।

ਕੋਠੀ ਦੇ ਸਾਹਮਣੇ ਖੁੱਲ੍ਹਾ ਮੈਦਾਨ ਕਾਰਾਂ, ਜੀਪਾਂ ਤੇ ਸਕੂਟਰਾਂ ਆਦਿ ਨਾਲ ਭਰਿਆ ਪਿਆ ਸੀ। ਰੰਗ-ਬਰੰਗੇ ਸ਼ਾਮਿਆਨੇ ਲੱਗੇ ਹੋਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ।
ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਪ੍ਰਸਿੱਧ ਰਾਗੀ ਜੱਥੇ ਕੀਰਤਨ ਕਰ ਰਹੇ ਸਨ। ਕਨੇਡਾ ਵਾਲਾ ਸਰਦਾਰ ਸ਼ਾਹੀ ਲਿਬਾਸ ਵਿਚ ਸੰਗਤ ਦਰਮਿਆਨ ਬਿਰਾਜਮਾਨ ਸੀ। ਨਿੰਮਾ ਲਾਈਨ ਵਿਚ ਖਡ਼੍ਹਾ, ਕੱਲ੍ਹ ਆਪਣੇ ਘਰ ਪਏ ਭੋਗ ਤੇ ਅੱਜ ਪੈ ਰਹੇ ਭੋਗ ਦੇ ਫਰਕ ਬਾਰੇ ਸੋਚਣ ਲੱਗ ਪਿਆ।ਸਾਰੀ ਸੰਗਤ ਉਦੋਂ ਹੈਰਾਨ ਰਹਿ ਗਈ, ਜਦੋਂ ਨਿੰਮੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫੇਰ ਕਨੇਡਾ ਵਾਲੇ ਸਰਦਾਰ ਨੂੰ ਜਾ ਮੱਥਾ ਟੇਕਿਆ ਸਰਦਾਰ ਨੇ ਦੋਹਾਂ ਹੱਥਾਂ ਨਾਲ ਰੋਕਦਿਆਂ ਕਿਹਾ, “ਬਾਬਾ, ਤੂੰ ਤਾਂ ਪੁਰਾਣਾ ਅੰਮ੍ਰਿਤਧਾਰੀ ਸਿੰਘ ਐਂ, ਤੈਨੂੰ ਤਾਂ ਪਤਾ ਈ ਐ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੁੰਦਾ। ਫੇਰ ਮੇਰੇ ’ਤੇ ਕਿਉਂ ਭਾਰ ਚਾਡ਼੍ਹਦੈਂ।”
ਅੱਗੋਂ ਨਿੰਮੇ ਨੇ ਦੋਵੇਂ ਹੱਥ ਜੋਡ਼ ਕੋ ਗਿਹਾ, “ਨਹੀਂ ਸਰਦਾਰਾ, ਸਾਰਾ ਤੇਰਾ ਈ ਪ੍ਰਤਾਪ ਐ। ਗੁਰੂ ਗ੍ਰੰਥ ਸਾਹਿਬ ਦਾ ਭੋਗ ਤਾਂ ਹਮਾਤਡ਼ ਦੇ ਘਰ ਵੀ ਪਿਆ ਸੀ। ਸਾਰੇ ਨਗਰ ਵਿਚ ਘਰ-ਘਰ ਕਾਰਡ ਵੀ ਵੰਡੇ ਸਨ, ਪਰ ਮਸਾਂ ਹੀ ਕੋਈ ਟਾਵਾਂ-ਟੱਲਾ ਅਪਡ਼ਿਆ।”
-0-

No comments: