-moz-user-select:none; -webkit-user-select:none; -khtml-user-select:none; -ms-user-select:none; user-select:none;

Saturday, May 22, 2010

ਰੁੱਸੀਆਂ ਆਂਦਰਾਂ



-->ਬਲਦੇਵ ਸਿੰਘ ਖਹਿਰਾ
ਲੰਮੇ ਸਮੇਂ ਤੋਂ ਬਾਅਦ ਘਰ ਦੇ ਸਾਰੇ ਜੀਅ, ਦੋ ਭੈਣਾ ਤੇ ਤਿੰਨ ਭਰਾ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ। ਮਾਹੌਲ ਬਡ਼ਾ ਗਮਗੀਨ ਤੇ ਸੰਜੀਦਾ ਸੀ। ਖਾਮੋਸ਼ੀ ਨੂੰ ਤੋਡ਼ਦਿਆਂ ਵੱਡੀ ਭੈਣ ਤਰੁਣਾ ਨੇ ਕਿਹਾ, ਵੀਰੇ! ਯਾਦ ਐ? ਛੋਟੇ ਹੁੰਦੇ ਲੁਕਣਮੀਚੀ ਖੇਡਦਿਆਂ ਮੈਂ ਉਸ ਅਲਮਾਰੀ ‘ਤੇ ਚਡ਼੍ਹ ਕੇ ਲੁਕ ਗਈ ਤੇ ਫਿਰ ਉੱਥੇ ਈ ਸੌਂ ਗਈ ਸੀ।
ਵੱਡੇ ਭਰਾ ਵਰੁਣ ਦੇ ਮੂੰਹ ’ਤੇ ਫਿੱਕੀ ਜਿਹੀ ਮੁਸਕਾਨ ਆਈ। ਉਸ ਤੋਂ ਛੋਟੀ ਕਰੁਣਾ ਸਭ ਤੋਂ ਛੋਟੇ ਕਰਣ ਦੇ ਮੌਢੇ ਉੱਤੇ ਹੱਥ ਰੱਖ ਕੇ ਬੋਲੀ, ਤੇ ਇਹ ਭੋਲਾ ਬਾਦਸ਼ਾਹ ਆਪਣੀ ਖੇਡ ‘ਚ ਐਵੇਂ ਈ ਵੱਜਦਾ ਫਿਰਦਾ ਹੁੰਦਾ ਸੀ। ਇਹਨੂੰ ਕਹਿਣਾ ਲੁਕ ਜਾ, ਤਾਂ ਇਹ ਜਾ ਕੇ ਕੋਨੇ ‘ਚ ਖਡ਼ੋ ਜਾਂਦਾ ਤੇ ਅੱਖਾਂ ਮੀਟ ਲੈਂਦਾ।
ਗਮ ਦੇ ਬੱਦਲ ਕੁਝ ਛਟਣ ਲੱਗੇ। ਤਰੁਣਾ ਫਿਰ ਬੋਲੀ, ਇਹ ਯਾਦਾਂ ਦੇ ਖਜ਼ਾਨੇ ਹਮੇਸ਼ਾ ਸਾਡੇ ਨਾਲ ਰਹਿਣਗੇ।
ਸਭ ਤੋਂ ਵੱਡਾ ਸੰਜੀਵ ਸਿਰ ਹਿਲਾਉਂਦਾ ਫੁਸਫੁਸਾਇਆ, ਪਰ ਜਿਹਡ਼ਾ ਖਜ਼ਾਨਾ ਅਸੀਂ ਅੱਜ ਗੁਆ ਲਿਆ, ਉਹ ਮੁਡ਼ ਕੇ ਨਹੀਂ ਮਿਲਣਾ,ਫਿਰ ਕੁਝ ਸੰਭਲ ਕੇ ਚਿਹਰਾ ਪੂੰਝਦਾ ਬੋਲਿਆ, ਮੈਨੂੰ ਸਾਰੀ ਉਮਰ ਏਹੀ ਪਛਤਾਵਾ ਤੇ ਦੁੱਖ ਰਹੂਗਾ ਕਿ ਅਸੀਂ ਸਾਰਿਆਂ ਨੇ ਮਾਂ ਦੇ ਪੈਨਸ਼ਨ-ਲਾਭ ਦੇ ਪੈਸਿਆਂ ਬਾਰੇ ਆਪਸ ’ਚ ਲਡ਼ ਕੇ ਮਾਂ ਨੂੰ ਦੁਖੀ ਕੀਤਾ ਤੇ ਉਸ ਤੋਂ ਵੱਡੀ ਗੱਲ ਮੁਡ਼ਕੇ ਇੱਕ ਦੂਜੇ ਨੂੰ ਮਿਲੇ ਵੀ ਨਾ…ਮਾਂ ਨੇ ਕਿੰਨੇ ਸੁਨੇਹੇ ਭੇਜੇ…ਚਿੱਠੀਆਂ ਪਾਈਆਂ…ਪਰ ਅਸੀਂ…ਸੰਜੀਵ ਦੇ ਹੰਝੂ ਵਗ ਤੁਰੇ।
ਕਰਣ, ਜਿਸਦੇ ਕੋਲ ਮਾਂ ਰਹਿੰਦੀ ਸੀ, ਬੋਲਿਆ, ਮਾਂ ਨੂੰ ਤਾਂ ਤੁਹਾਡੇ ਸਾਰਿਆਂ ਦਾ ਵਿਛੋਡ਼ਾ ਈ ਲੈ ਗਿਆ… ਆਖਰੀ ਵੇਲੇ ਵੀ ਉਹਦੀਆਂ ਅੱਖਾਂ ਦਰਵਾਜ਼ੇ ’ਤੇ ਈ ਲੱਗੀਆਂ ਰਹੀਆਂ…
ਬਾਕੀ ਭੈਣ-ਭਰਾ ਆਪਣੇ ਰੁਝੇਵੇਂ ਤੇ ਆਉਣ ਬਾਰੇ ਬਣਾਏ ਪ੍ਰੋਗਰਾਮਾਂ ਬਾਰੇ ਦੱਸਣ ਲਈ ਉਤਾਵਲੇ ਜਾਪੇ। ਕੋਲ ਬੈਠੇ ਉਹਨਾਂ ਦੇ ਚਾਚਾ ਜੀ ਸਭ ਦੇਖ ਰਹੇ ਸੀ। ਲੰਮਾ ਹਉਕਾ ਲੈ ਕੇ ਉਹ ਉੱਠ ਖਡ਼ੇ ਤੇ ਜਾਂਦੇ ਹੋਏ ਬੋਲੇ, ਇਕ ਵਿਧਵਾ ਮਾਂ ਨੇ ਤੁਹਾਨੂੰ ਸਾਰਿਆਂ ਨੂੰ ਪਾਲਿਆ-ਪੋਸਿਆ…ਪਡ਼੍ਹਾ-ਲਿਖਾ ਕੇ ਕਾਬਲ ਬਣਾਇਆ…ਤੁਹਾਨੂੰ ਪਰਿਵਾਰ ਵਾਲੇ ਬਣਾਇਆ ਤੇ ਤੁਸੀਂ ਸਾਰੇ ਇਕ ਮਾਂ ਨੂੰ ਨਹੀਂ ਸਾਂਭ ਸਕੇ…ਅੰਦਰੇ-ਅੰਦਰ ਤਡ਼ਪਦੀ, ਕੁਰਲਾਉਂਦੀ ਵਿਚਾਰੀ ਤੁਰਗੀ…ਅੱਜ ਇਨ੍ਹਾਂ ਗੱਲਾਂ ਨਾਲ ਕੀਹਨੂੰ ਸੁਖ ਦੇਣ ਆਏ ਓਂ?…ਜਾਓ ਆਪਣੇ ਘਰਾਂ ਨੂੰ…
-0-

No comments: