ਸੁਲੱਖਣ ਮੀਤ(ਪ੍ਰਿੰ.)
ਮੈਂ ਤੇ ਪਾਲੀ ਲਾਗਲੇ ਪਿੰਡ ਪ੍ਰਾਇਮਰੀ ਸਕੂਲ ਵਿਚ ਪਡ਼੍ਹਨ ਜਾਇਆ ਕਰਦੇ। ਦੁਪਹਿਰੇ ਜਦੋਂ ਅਸੀਂ ਇੱਕਠੇ ਰੋਟੀ ਖਾਂਦੇ ਤਾਂ ਉਹ ਤਾਂ ਮੈਥੋਂ ਅਚਾਰ ਜਾਂ ਸੁੱਕੀ ਸਬਜ਼ੀ ਮੰਗ ਲੈਂਦੀ, ਪਰ ਮੈਂ ਉਸ ਕੋਲੋਂ ਕਦੇ ਵੀ ਅਚਾਰ ਜਾਂ ਸਬਜ਼ੀ ਨਾ ਲੈਂਦਾ। ਉਹ ਕਦੇ ਕਦੇ ਮੇਰੇ ਦਿਲ ਦੀ ਗੱਲ ਬੁੱਝਦੀ ਹੋਈ ਕਹਿੰਦੀ, “ਕੀ ਗੱਲ? ਮੇਰਾ ਅਚਾਰ ਜਾਂ ਸਬਜ਼ੀ ਜੂਠੀ ਐ, ਤੂੰ ਨ੍ਹੀਂ ਲੈਂਦਾ?”
ਮੈਂ ਉਤਲੇ ਮਨੋਂ ਕਹਿ ਦਿੰਦਾ, “ਨਹੀਂ, ਇਹ ਗੱਲ ਨ੍ਹੀਂ, ਬੱਸ ਉਈਂ।”
ਫਿਰ ਅਸੀਂ ਦੋਵੇਂ ਹੀ ਦੂਸਰੇ ਲਾਗਲੇ ਪਿੰਡ ਹਾਈ ਸਕੂਲ ਜਾ ਦਾਖਲ ਹੋਏ। ਹੁਣ ਉਹ ਕੁਡ਼ੀਆਂ ਨਾਲ ਰੋਟੀ ਖਾਂਦੀ ਮੈਥੋਂ ਜਰੀ ਨਾ ਜਾਂਦੀ। ਕੁਦਰਤੀ ਇਕ ਦਿਨ ਉਹਦੀਆਂ ਸਹੇਲੀਆਂ ਨਾ ਆਈਆਂ। ਅਸੀਂ ਦੋਵੇਂ ਇਕ ਦੂਸਰੇ ਵੱਲ ਵਧੇ ਅਤੇ ਨਵੇਕਲੇ ਜਿਹੇ ਥਾਂ ਬੈਠ ਕੇ ਰੋਟੀ ਖਾਣ ਲੱਗ ਪਏ। ਮੈਂ ਹੌਂਸਲਾ ਜਿਹਾ ਕਰਕੇ ਕਿਹਾ, “ਪਾਲੀ, ਅਚਾਰ ਤਾਂ ਦੇਈਂ ਥੋਡ਼੍ਹਾ ਜਿਹਾ।”
“ਜੂਠੈ।” ਪਾਲੀ ਨੇ ਸ਼ਰਾਰਤ ਨਾਲ ਕਿਹਾ।
“ਇਸ ਉਮਰੇ ਕਿਹਡ਼ੀ ਜੂਠ ਸੁੱਚ ਹੁੰਦੀ ਐ ਕਮਲੀਏ। ਤੇਰਾ ਜੂਠਾ ਅਚਾਰ ਤਾਂ ਕੀ, ਹੁਣ ਤਾਂ ਮੈਂ ਤੈਨੂੰ ਵੀ ਖਾਂ ਲਾਂ…।”
ਪਾਲੀ ਜਿਵੇਂ ਸਾਰੀ ਹੀ ਸ਼ਰਮਾ ਗਈ। ਇਕ ਪਾਸੇ ਮੂੰਹ ਕਰਕੇ ਅਚਾਰ ਫਡ਼ਾਉਂਦਿਆਂ ਪਾਲੀ ਨੇ ਮੇਰੀ ਉਂਗਲ ਘੁੱਟ ਦਿੱਤੀ। ਮੈਂ ਕਿੰਨਾ ਚਿਰ ਉਸ ਉਂਗਲ ਨੂੰ ਚੂਸਦਾ ਰਿਹਾ।
-0-
No comments:
Post a Comment