-moz-user-select:none; -webkit-user-select:none; -khtml-user-select:none; -ms-user-select:none; user-select:none;

Monday, May 10, 2010

ਪੈਨਸ਼ਨ


-->
ਹਰਜਿੰਦਰ ਪਾਲ ਕੌਰ ਕੰਗ

ਤਿੰਨ ਸਾਲ ਹੋ ਗਏ ਸੀ ਛਿੰਦੋ ਨੂੰ ਵਿਧਵਾ ਪੈਨਸ਼ਨ ਲਈ ਬੈਂਕ ਦੇ ਗੇਡ਼ੇ ਕੱਟਦੀ ਨੂੰ, ਅਜੇ ਇਕ ਵੀ ਪੈਨਸ਼ਨ ਨਹੀਂ ਮਿਲੀ ਸੀ। ਅੱਜ ਫਿਰ ਉਹ ਬੈਂਕ ਵਿਚ ਵਡ਼ੀ ਹੀ ਸੀ ਕਿ ਉਸ ਨੂੰ ਮੁਹੱਲੇ ਦੇ ਠੇਕੇਦਾਰ ਦੀ ਪਤਨੀ ਮਿਲ ਪਈ। ਭਾਵੇਂ ਦੋਨੋਂ ਇਕ ਹੀ ਮੁਹੱਲੇ ਦੇ ਵਿਚ ਰਹਿੰਦੀਆਂ ਸਨ, ਪਰ ਦੋਨਾਂ ਦਾ ਆਪਸ ਵਿਚ ਕੋਈ ਬਹੁਤਾ ਮੇਲ-ਮਿਲਾਪ ਨਹੀਂ ਸੀ।
ਸੁਣਾ ਕਿਦਾਂ ਚੱਲਦਾ ਗੁਜ਼ਾਰਾ?ਠੇਕੇਦਾਰਨੀ ਬੋਲੀ।
ਟੈਮ ਪਾਸ ਕਰਦੇ ਐਂ ਭੈਣ ਜੀ, ਗੁਜ਼ਾਰਾ ਕਾਹਦਾ?
ਨਾ ਮੁੰਡਾ ਨਹੀਂ ਕਰਦਾ ਕੁਝ? ਸੁੱਖ ਨਾਲ ਜਵਾਨ ਹੋ ਗਿਆ ਹੁਣ ਤੇ।
ਕਾਰਖਾਨੇ ’ਚ ਜਾਂਦਾ ਕੰਮ ’ਤੇ। ਲੂਣ-ਤੇਲ ਚਲਦਾ ਜਾਂਦਾ।
ਤੂੰ ਵੀ ਕੋਈ ਕੰਮ-ਕਾਰ ਲੱਭ ਲੈਣਾ ਸੀ।
ਮੈਂ ਵੀ ਸਲਾਈ-ਕਢਾਈ ਕਰਕੇ ਥੋਡ਼੍ਹਾ-ਬਹੁਤ ਕਮਾ ਲੈਂਦੀ ਸਾਂ, ਉਹ ਵੀ ਰੋ-ਰੋ ਕੇ ਨਿਗ੍ਹਾ ਘੱਟਗੀ ਆ। ਸੂਈ ’ਚ ਧਾਗਾ ਨਹੀਂ ਪੈਂਦਾ ਹੁਣ ਤੇ। ਤੁਸੀਂ ਸੁਣਾਓ ਭੈਣ ਜੀ, ਸਭ ਪਰਵਾਰ ਠੀਕ-ਠਾਕ ਏ? ਬਾਹਰ ਵਾਲੇ ਦਾ ਆਇਆ ਕੋਈ ਫੋਨ-ਫਾਨ?ਛਿੰਦੋ ਨੇ ਵੀ ਪੁੱਛ ਲਿਆ।
ਸਭ ਠੀਕ ਏ, ਫੋਨ ਆਉਂਦਾ ਰਹਿੰਦੈ। ਕਾਕਾ ਹੋਇਆ ਏ। ਨਾਲੇ ਛੋਟੇ ਨੇ ਵੀ ਇੰਜੀਨੀਅਰਿੰਗ ਕਰ ਲਈ ਏ।
ਫਿਰ ਤਾਂ ਦੂਹਰੀਆਂ ਵਧਾਈਆਂ ਭੈਣ ਜੀ।
ਤੂੰ ਵੀ ਵਧ ਧੀਏ! ਹੁਣ ਤਾਂ ਬਸ ਕਿਸੇ ਚੀਜ਼ ਦੀ ਕਮੀ ਨਹੀਂ, ਆ ਸਿਹਤ ਈ ਬੱਸ ਢਿੱਲੀ ਮੱਠੀ ਰਹਿੰਦੀ ਏ।
ਕੀ ਗੱਲ ਸਿਹਤ ਨੂੰ?
ਸਡ਼ ਜਾਣਾ ਗੋਡਿਆਂ ਤੋਂ ਨਹੀਂ ਹਿੱਲਿਆ ਜਾਂਦਾ। ਛੇ ਮਹੀਨੇ ਦੀ ਪੈਨਸ਼ਨ ਜਮਾਂ ਪਈ ਸੀ ਲੈਣ ਨੂੰ।
ਕਿਦਾਂ ਆਏ ਫੇਰ?
ਠੇਕੇਦਾਰ ਸਾਬ੍ਹ ਆਪ ਆਏ ਨੇ ਗੱਡੀ ਤੇ ਲੈ ਕੇ। ਚੰਗਾ ਧੀਏ, ਬਾਹਰ ’ਡੀਕ ਰਹੇ ਹੋਣੇ ਨੇ। ਤੂੰ ਵੀ ਕਰ ਲੈ ਆਪਣੀ ਪੈਨਸ਼ਨ ਦਾ ਪਤਾ, ਆਈ ਕਿ ਨਹੀਂ।ਕਹਿੰਦੀ ਹੋਈ ਠੇਕੇਦਾਰਨੀ ਬਾਹਰ ਨਿਕਲ ਕੇ ਸਫਾਰੀ ਉੱਤੇ ਸਵਾਰ ਹੋ ਗਈ।
ਛਿੰਦੋ ਫਿਰ ਰੋਜ਼ ਦੀ ਤਰ੍ਹਾਂ ਖਾਲੀ ਹੱਥ ਮਲਦੀ ਬੈਂਕ ਤੋਂ ਬਾਹਰ ਨਿਕਲਕੇ ਰਿਕਸ਼ੇ ਦੀ ਭਾਲ ਕਰਨ ਲੱਗ ਪਈ।
-0-

No comments: