Friday, June 25, 2010
ਹੰਝੂ
ਤਿਖਡ਼ ਦੁਪਹਿਰ ਸੀ। ਹਵਾ ਬੁਲ੍ਹਿਆਂ ਵਿਚ ਬੰਦ ਹੋ ਕੇ ਆ ਰਹੀ ਸੀ। ਇਕ ਬੁੱਢਡ਼ ਜਿਹਾ ਸਾਈਕਲ ਦੇ ਮਗਰ ਬੈਠੀ ਭਰ ਜਵਾਨ ਮੁਟਿਆਰ ਨੂੰ ਹੁਝਕੇ ਮਾਰ ਮਾਰ ਖਿੱਚ ਰਿਹਾ ਸੀ। ਕਦੇ ਉਹ ਸਾਈਕਲ ਨੂੰ ਅਗਾਂਹ ਤੋਰਨ ਲਈ ਇਕ ਪੈਡਲ ਉੱਤੇ ਸਾਰੇ ਦਾ ਸਾਰਾ ਝੁਕ ਜਾਂਦਾ, ਕਦੇ ਦੂਜੇ ਉੱਤੇ। ਹੁਝਕਿਆਂ ਨਾਲ ਸਾਈਕਲ ਸੱਪ ਵਾਂਗ ਮੇਲ੍ਹ ਮੇਲ੍ਹ ਤੁਰ ਰਿਹਾ ਸੀ। ਬੁੱਢਡ਼ਾ ਗਰਮੀ ਵਿਚ ਨੁਚਡ਼ਦਾ ਮਾਯੂਸ ਜਿਹਾ ਲੱਗ ਰਿਹਾ ਸੀ। ਕਦੇ ਕਦੇ ਉਹ ਪਿੱਠ ਪਿੱਛੇ ਵੀ ਝਾਤੀ ਮਾਰ ਲੈਂਦਾ ਤਾਂ ਵਸਮਾ ਲਾਈ ਖਤ ਕੱਢੀ ਦਾਡ਼੍ਹੀ ਵਿਚ ਹੱਥ ਫੇਰਦਾ ਤੇ ਤਿੱਖੀਆਂ ਮੁੱਛਾਂ ਨੂੰ ਖਡ਼ੀਆਂ ਕਰਨ ਦਾ ਯਤਨ ਕਰਦਾ। ਮੁਟਿਆਰ ਪਕੇ ਅੰਬ ਵਾਂਗ ਆਪਣੇ ਹੀ ਭਾਰ ਨਾਲ ਦੱਬੀ ਸਾਈਕਲ ਉੱਤੇ ਅਡੋਲ ਬੈਠੀ ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿਚ ਗੁੰਮ ਸੀ। ਅਚਾਨਕ ਮੋਡ਼ ਤੇ ਸਾਈਕਲ ਦਾ ਪਹੀਆ ਸਲਿੱਪ ਹੋ ਗਿਆ। ਮੁਟਿਆਰ ਸਡ਼ਕ ਉੱਤੇ ਚੌਫਾਲ ਡਿੱਗ ਪਈ ਤੇ ਬੁੱਢਡ਼ਾ ਸਾਈਕਲ ਦੇ ਭਾਰ ਥੱਲੇ ਦੱਬਿਆ ਗਿਆ।
“ਓਏ ਬੁਡ਼੍ਹਿਆ! ਕਿਸੇ ਜਵਾਨ ਪੁੱਤ ਨੂੰ ਭੇਜ ਦਿੰਦਾ। ਤੇਥੋਂ ਹੁਣ ਇਹ ਖਿੱਚ ਹੁੰਦੀ ਐ?” ਕੋਲ ਖਡ਼ੇ ਜਵਾਨ ਤੋਂ ਰਿਹਾ ਨਾ ਗਿਆ ਤੇ ਸਾਈਕਲ ਥੱਲਿਓਂ ਬੁਢਡ਼ੇ ਨੂੰ ਕੱਢਣ ਲੱਗਾ।
“ਕਿਉਂ ਭਾਈ! ਤੈਨੂੰ ਨੀਂ ਸੀ ਪਤਾ ਕਿ ਇਹ ਕਿਵੇਂ ਖਿੱਚੂ? ਨਾਲ ਲੈ ਕੇ ਤੁਰ ਪਈ ਏਂ।“
ਮੁਟਿਆਰ ਦੇ ਤਾਂ ਜਿਵੇਂ ਕਿਸੇ ਨੇ ਖਿੱਚ ਕੇ ਬਰਛੀ ਮਾਰੀ ਹੋਵੇ। ਉਹ ਤਡ਼ਫ ਕੇ ਰਹਿ ਗਈ।
“ਵੇ ਕਾਹਨੂੰ ਵੇ ਵੀਰਾ! ਮੈਂ ਕਿੱਥੇ ਆਪ ਲੈ ਕੇ ਤੁਰੀ ਆਂ। ਮਾਪਿਆਂ ਕੰਜਰਾਂ ਨੇ ਇਹਦੇ ਨਾਲ ਤੋਰ ਤੀ ਤਾਂ ਤੁਰ ਪਈ।” ਪਰਲ ਪਰਲ ਕਰਦੇ ਹੰਝੂ ਉਹਦੇ ਤਪਦੇ ਚਿਹਰੇ ਉੱਤੇ ਮੀਂਹ ਵਰ੍ਹਾ ਰਹੇ ਸਨ ਤੇ ਹਟਕੋਰਿਆਂ ਨਾਲ ਉਭਰਿਆ ਸੀਨਾ ਫਟ ਜਾਣਾ ਚਾਹੁੰਦਾ ਸੀ।
-0-
Thursday, June 17, 2010
ਅਹਿਸਾਨ
Thursday, June 10, 2010
ਪ੍ਰਤਾਪ
ਸੁਖਚੈਨ ਥਾਂਦੇਵਾਲਾ
“ਬਾਬੇ ਨਿੰਮੇ ਨੇ ਮਣਾ ਲਿਆ ਫੇਰ ਕੱਲ੍ਹ ਬਾਬੇ ਰਵੀਦਾਸ ਦਾ ਜਨਮ ਦਿਨ?” ਗਲੀ ਵਿਚ ਤੁਰੇ ਆਉਂਦੇ ਜ਼ੋਰੇ ਨੰਬਰਦਾਰ ਨੇ ਆਪਣੇ ਬੂਹੇ ਅੱਗੇ ਗਲੀ ਵਿਚ ਖੁੰਢ ਉੱਤੇ ਬੈਠੇ ਨਿੰਮੇ ਮੋਚੀ ਨੂੰ ਸਰਸਰੀ ਪੁੱਛਿਆ। ਨਿੰਮਾਂ ਪਹਿਲਾਂ ਸੇਪੀ ’ਤੇ ਸਾਰੇ ਪਿੰਡ ਦੀਆਂ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਹੁਣ ਉਹਦੇ ਪੁੱਤ ਤੇ ਪੋਤਰੇ ਨੇ ਅੱਡੇ ਉੱਤੇ ਜੁੱਤੀਆਂ ਦੀ ਦੁਕਾਨ ਕਰ ਲਈ ਸੀ। ਨਿੰਮਾ ਸੁਰਤ ਸੰਭਾਲਣ ਵੇਲੇ ਤੋਂ ਹੀ ਅੰਮ੍ਰਿਤਧਾਰੀ ਸੀ। ਹੁਣ ਉਹ ਅਕਸਰ ਹੀ ਵਿਹਲਾ ਖੁੰਢ ਸਭਾਵਾਂ ਤੇ ਗੁਰਗਿਆਨ ਦੀਆਂ ਗੱਲਾਂ ਵਿਚ ਰੁੱਝਿਆ ਰਹਿੰਦਾ ਸੀ। ਉਹ ਹਰ ਸਾਲ ਆਪਣੇ ਘਰ ਵਿਚ ਗੁਰੂ ਰਵੀਦਾਸ ਦੇ ਜਨਮ ਦਿਨ ਉੱਤੇ ਸਹਿਜ-ਪਾਠ ਦਾ ਭੋਗ ਪਾਉਂਦਾ ਸੀ। ਉਹਦਾ ਨਾਂ ਤਾਂ ਨਿਰਮਲ ਸਿੰਘ ਸੀ, ਪਰੰਤੂ ਪਿੰਡ ਦੇ ਲੋਕ ਉਸ ਨੂੰ “ਬਾਬਾ ਨਿੰਮਾ’ ਕਹਿ ਕੇ ਬੁਲਾਉਂਦੇ ਸਨ ਤੇ ਪਿੱਠ ਪਿੱਛੇ ਉਸ ਨੂੰ ‘ਨਿੰਮਾ ਮੋਚੀ’ ਕਹਿ ਛੱਡਦੇ ਸਨ।
“ਹਮਾਤਡ਼ ਗਰੀਬਾਂ ਨੇ ਬਾਬੇ ਦਾ ਕੀ ਜਨਮ ਦਿਨ ਮਨਾਉਣੈ, ਨੰਬਰਦਾਰਾ। ਐਵੇਂ ਮੁੰਡੇ ਨੇ ਵੀਹਰ ਕੇ ਕਾਰਡ ਵੰਡਤੇ ਪਿੰਡ ’ਚ, ਅਖੇ ਪੁੰਨ-ਦਾਨ ਹੋ ਜੂਗਾ। ਲੰਗਰ ਵੀ ਵਾਹਵਾ ਬਣਾ ਲਿਆ, ਪਰ ’ਕੱਠ ਹੋਇਆ ਨਾ। ਫੇਰ ਅੱਡੇ ਤੇ ਬੱਸਾਂ ਰੋਕ-ਰੋਕ ਕੇ ਛਕਾਇਆ ਲੋਕਾਂ ਨੂੰ। ਦੇਗ ਵੀ ਵਧ ਗਈ। ਜਲ-ਪ੍ਰਵਾਹ ਕਰਕੇ ਆਇਆ ਸਵੇਰੇ। ਸੱਚ! ਨੰਬਰਦਾਰਾ, ਤੂੰ ਵੀ ਨ੍ਹੀਂ ਬਹੁਡ਼ਿਆ ਐਤਕੀਂ।” ਨਿੰਮੇ ਨੇ ਨਿਹੋਰੇ ਨਾਲ ਸਾਰੀ ਵਿਥਿਆ ਸੁਣਾਈ।
“ਬਾਬਾ, ਮੇਰੇ ਤਾਂ ਕੁਡ਼ਮਾਚਾਰੀ ’ਚ ਮੌਤ ਹੋਗੀ ਸੀ। ਕਲ ਸਸਕਾਰ ’ਤੇ ਗਿਆ ਸੀ। ਨਹੀਂ ਤਾਂ ਮੈਂ ਤਾਂ ਜ਼ਰੂਰ ਆਉਂਦਾ ਹੁਨਾਂ ਐਂ ਭੋਗ ’ਤੇ।” ਨੰਬਰਦਾਰ ਆਪਣਾ ਸਪਸ਼ਟੀਕਰਨ ਦੇ ਕੇ ਫੇਰ ਬੋਲਿਆ, “ਬਾਬਾ, ਅੱਜ ਕਨੇਡਾ ਵਾਲਿਆਂ ਦੇ ਬੁਡ਼੍ਹੇ ਦੀ ਬਰਸੀ ’ਤੇ ਨ੍ਹੀਂ ਜਾਣਾ ਤੂੰ?”“ਹਾਂ-ਹਾਂ, ਮੈਂ ਵੀ ਜਾਣੈ, ਤਿਆਰ ਆਂ।” ਨਿੰਮੇ ਨੇ ਸਾਫਾ ਮੋਢੇ ਤੇ ਰੱਖਿਆ ਤੇ ਉੱਠਦਿਆਂ ਬੋਲਿਆ, “ਨੰਬਰਦਾਰਾ, ਆਪਾਂ ਤਾਂ ਸਾਰੇ ਨਗਰ ਦੇ ਸਾਂਝੇ ਬੰਦੇ ਆਂ।” ਤੇ ਉਹ ਨੰਬਰਦਾਰ ਨਾਲ ਤੁਰ ਪਿਆ।
ਕਨੇਡਾ ਵਾਲਿਆਂ ਦੇ ਪਟਡ਼ੀ-ਫੇਰ ਇਲਾਕੇ ਤੋਂ ਬਹੁਤ ਲੋਕ ਪਹੁੰਚੇ ਹੋਏ ਸਨ।
ਕੋਠੀ ਦੇ ਸਾਹਮਣੇ ਖੁੱਲ੍ਹਾ ਮੈਦਾਨ ਕਾਰਾਂ, ਜੀਪਾਂ ਤੇ ਸਕੂਟਰਾਂ ਆਦਿ ਨਾਲ ਭਰਿਆ ਪਿਆ ਸੀ। ਰੰਗ-ਬਰੰਗੇ ਸ਼ਾਮਿਆਨੇ ਲੱਗੇ ਹੋਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ। ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਪ੍ਰਸਿੱਧ ਰਾਗੀ ਜੱਥੇ ਕੀਰਤਨ ਕਰ ਰਹੇ ਸਨ। ਕਨੇਡਾ ਵਾਲਾ ਸਰਦਾਰ ਸ਼ਾਹੀ ਲਿਬਾਸ ਵਿਚ ਸੰਗਤ ਦਰਮਿਆਨ ਬਿਰਾਜਮਾਨ ਸੀ। ਨਿੰਮਾ ਲਾਈਨ ਵਿਚ ਖਡ਼੍ਹਾ, ਕੱਲ੍ਹ ਆਪਣੇ ਘਰ ਪਏ ਭੋਗ ਤੇ ਅੱਜ ਪੈ ਰਹੇ ਭੋਗ ਦੇ ਫਰਕ ਬਾਰੇ ਸੋਚਣ ਲੱਗ ਪਿਆ।ਸਾਰੀ ਸੰਗਤ ਉਦੋਂ ਹੈਰਾਨ ਰਹਿ ਗਈ, ਜਦੋਂ ਨਿੰਮੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫੇਰ ਕਨੇਡਾ ਵਾਲੇ ਸਰਦਾਰ ਨੂੰ ਜਾ ਮੱਥਾ ਟੇਕਿਆ। ਸਰਦਾਰ ਨੇ ਦੋਹਾਂ ਹੱਥਾਂ ਨਾਲ ਰੋਕਦਿਆਂ ਕਿਹਾ, “ਬਾਬਾ, ਤੂੰ ਤਾਂ ਪੁਰਾਣਾ ਅੰਮ੍ਰਿਤਧਾਰੀ ਸਿੰਘ ਐਂ, ਤੈਨੂੰ ਤਾਂ ਪਤਾ ਈ ਐ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੁੰਦਾ। ਫੇਰ ਮੇਰੇ ’ਤੇ ਕਿਉਂ ਭਾਰ ਚਾਡ਼੍ਹਦੈਂ।”
ਅੱਗੋਂ ਨਿੰਮੇ ਨੇ ਦੋਵੇਂ ਹੱਥ ਜੋਡ਼ ਕੋ ਗਿਹਾ, “ਨਹੀਂ ਸਰਦਾਰਾ, ਸਾਰਾ ਤੇਰਾ ਈ ਪ੍ਰਤਾਪ ਐ। ਗੁਰੂ ਗ੍ਰੰਥ ਸਾਹਿਬ ਦਾ ਭੋਗ ਤਾਂ ਹਮਾਤਡ਼ ਦੇ ਘਰ ਵੀ ਪਿਆ ਸੀ। ਸਾਰੇ ਨਗਰ ਵਿਚ ਘਰ-ਘਰ ਕਾਰਡ ਵੀ ਵੰਡੇ ਸਨ, ਪਰ ਮਸਾਂ ਹੀ ਕੋਈ ਟਾਵਾਂ-ਟੱਲਾ ਅਪਡ਼ਿਆ।”
Friday, June 4, 2010
ਕ…ਕੀ…ਈ…?
ਅਨਵੰਤ ਕੌਰ
ਨੂੰਹ ਦੇ ਹੱਥ ਵਿੱਚੋਂ ਕੱਚ ਦੇ ਭਾਂਡਿਆਂ ਵਾਲੀ ਟ੍ਰੇਅ ਡਿੱਗ ਪਈ। ਕਸੂਰ ਉਸ ਦਾ ਨਹੀਂ ਸੀ। ਚਿੱਟੇ ਮਾਰਬਲ ਦੇ ਫਰਸ਼ ਉੱਤੇ ਡੁੱਲ੍ਹਿਆ ਪਾਣੀ ਉਸ ਦੀ ਨਜ਼ਰੀਂ ਨਹੀਂ ਸੀ ਪਿਆ। ਪੈਰ ਤਿਲਕ ਗਿਆ। ਆਪ ਤਾਂ ਕਿਸੇ ਤਰ੍ਹਾਂ ਸੰਭਲ ਗਈ, ਪਰ ਟ੍ਰੇਅ ਡਿੱਗ ਪਈ। ਕੱਚ ਦੇ ਦੋ ਗਲਾਸ ਅਤੇ ਦੋ ਪਲੇਟਾਂ ਟੁੱਟ ਗਈਆਂ।
ਖਡ਼ਾਕ ਸੁਣ ਕੇ ਹਰ ਸਮੇਂ ਗੋਡਿਆਂ ਦੇ ਦਰਦ ਦਾ ਰੋਣਾ ਰੋਣ ਵਾਲੀ ਸੱਸ ਭੱਜਦੀ ਹੋਈ ਆਈ। ਕੱਚ ਦੇ ਟੁਕਡ਼ਿਆਂ ਜਿਤਨੇ ਹੀ ਗਾਲ੍ਹਾਂ ਦੇ ਟੁਕਡ਼ੇ ਉਸ ਦੀ ਜ਼ਬਾਨ ਵਿੱਚੋਂ ਗੋਲੀਆਂ ਵਾਂਗ ਡਿੱਗਣ ਲੱਗੇ, “ਨੀ ਇਸ ਘਰ ਦੀਏ ਦੁਸ਼ਮਣੇ, ਤੇਰਾ ਕੱਖ ਨਾ ਰਹੇ। ਤੂੰ ਮੇਰੇ ਘਰ ਦਾ ਬੇਡ਼ਾ ਗਰਕ ਕਰਕੇ ਰਹੇਂਗੀ। ਭੁਖਿਆਂ ਦੀਏ ਓਲਾਦੇ, ਪਿੱਛੇ ਕੁਝ ਵੇਖਿਆ ਨੀ, ਹੁਣ ਇਹ ਭਰਿਆ ਘਰ ਤੇਥੋਂ ਜਰ ਨਹੀਂ ਹੁੰਦਾ। ਇੰਜ ਕਰ, ਜਿਹਡ਼ੀ ਕਰਾਕਰੀ ਅਲਮਾਰੀ ’ਚ ਪਈ ਐ, ਉਹ ਵੀ ਲੈ ਆ ਤੇ ਸਾਰੀ ਇਕੋ ਵਾਰ ਤੋਡ਼ ਦੇ। ਜਦ ਤਕ ਇਕ ਵੀ ਪਲੇਟ ਤੈਨੂੰ ਸਬੂਤੀ ਨਜ਼ਰ ਆਵੇਗੀ, ਤੇਥੋਂ ਜਰ ਨਹੀਂ ਹੋਣੀ।”
ਪਤਨੀ ਦੀ ਕੁਰਖਤ ਆਵਾਜ਼ ਅਤੇ ਗਾਹਲਾਂ ਸੁਣਕੇ ਸਹੁਰਾ ਵੀ ਆਪਣੇ ਕਮਰੇ ਵਿੱਚੋਂ ਨਿਕਲ ਆਇਆ। ਕੁਝ ਪੁੱਛਣ ਦੀ ਲੋਡ਼ ਨਹੀਂ ਸੀ। ਕੱਚ ਦੇ ਟੁਕਡ਼ੇ, ਨੂੰਹ ਦੀਆਂ ਅੱਖਾਂ ਦੇ ਅਥਰੂ ਅਤੇ ਪਤਨੀ ਦੀਆਂ ਗਾਹਲਾਂ ਸਭ ਕੁਝ ਦੱਸ ਰਹੀਆਂ ਸਨ। ਉਹ ਬੋਲੇ, “ਇਸ ਦਾ ਕੀ ਕਸੂਰ ਐ? ਪੈਰ ਤਾਂ ਕਿਸੇ ਦਾ ਵੀ ਫਿਸਲ ਸਕਦੈ। ਗਲਾਸ ਈ ਨੇ, ਹੋਰ ਆ ਜਾਣਗੇ।”
“ਤੁਸੀਂ ਤਾਂ ਜਬਾਨ ਹਿਲਾ ਦਿੱਤੀ, ਹੋਰ ਆ ਜਾਣਗੇ। ਮਹੀਨੇ ’ਚ ਇਕ ਵਾਰ ਤਨਖਾਹ ਲਿਆ ਕੇ ਦੋਵੇਂ ਪਿਓ-ਪੁੱਤ ਫਡ਼ਾ ਦਿੰਦੇ ਓ। ਪਰ ਮੈਨੂੰ ਈ ਪਤੈ, ਇਸ ਮਹਿੰਗਾਈ ਦੇ ਜ਼ਮਾਨੇ ’ਚ ਘਰ ਦਾ ਖਰਚ ਕਿੰਜ ਚਲਾਂਦੀ ਆਂ। ਮੈਂ ਤਾਂ ਤੀਹ ਦਿਨ ਪਾਈ-ਪਾਈ ਸੋਚ ਕੇ ਖਰਚਣੀ ਹੁੰਦੀ ਐ।”
“ਓਹੋ! ਇਸ ਪਾਸੇ ਤਾਂ ਅਸਾਂ ਕਦੇ ਸੋਚਿਆ ਈ ਨਹੀਂ। ਅੱਜ ਤੋਂ ਤੈਨੂੰ ਔਖਿਆਂ ਹੋਣ ਦੀ ਲੋਡ਼ ਨਹੀਂ। ਪਡ਼੍ਹੀ-ਲਿਖੀ ਨੂੰਹ ਘਰ ਆਈ ਐ। ਆਪੇ ਬਜਟ ਬਣਾ ਕੇ ਘਰ ਤੋਰ ਲਵੇਗੀ। ਅੱਗੇ ਤੋਂ ਤਨਖ਼ਾਹ ਇਸ ਦੇ ਹੱਥ ਵਿਚ ਦੇ ਦਿਆ ਕਰਾਂਗੇ।”
“ਕ…ਕੀ…ਈ…?
-0-