-moz-user-select:none; -webkit-user-select:none; -khtml-user-select:none; -ms-user-select:none; user-select:none;

Friday, January 29, 2010

ਸਨਸਨੀਖੇਜ਼ ਖ਼ਬਰ



ਅਣਿਮੇਸ਼ਵਰ ਕੌਰ

ਉਹ ਸੋਕੇ ਦੀ ਮਾਰ ਹੇਠਾਂ ਆਏ ਇਲਾਕਿਆਂ ਦੀ ਰਿਪੋਰਟ ਤਿਆਰ ਕਰਨ ਗਿਆ ਸੀ। ਕਿੱਧਰੇ ਵੀ ਜ਼ਿੰਦਗੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਭ ਪਾਸੇ ਝੌਂਪੜੀਆਂ ਵਿਚ ਮੁਰਦੇਹਾਣੀ ਛਾਈ ਸੀ। ਉਹ ਰਿਪੋਰਟ ਤਿਆਰ ਕਰਨ ਲਈ ਇੱਧਰ-ਉੱਧਰ ਭਟਕ ਰਿਹਾ ਸੀ। ਲੋਕ ਘਰਾਂ ਨੂੰ, ਮਵੇਸ਼ੀਆਂ ਨੂੰ ਛੱਡ ਕੇ ਜਾ ਚੁੱਕੇ ਸਨ। ਸੂਰਜ ਢਲ ਰਿਹਾ ਸੀ। ਅਚਾਨਕ ਉਸਨੂੰ ਕਿਸੇ ਦੇ ਰੋਣ-ਕੁਰਲਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਇਕ ਝੌਂਪੜੀ ਅੰਦਰ ਝਾਕਿਆ, ਅੰਦਰ ਹਨੇਰਾ ਸੀ। ਉਸ ਨੇ ਟਾਰਚ ਜਲਾਈ। ਅੰਦਰ ਇਕ ਬੁੱਢਾ ਚਟਾਈ ਉੱਤੇ ਲੰਮਾ ਪਿਆ ਪਾਣੀ-ਪਾਣੀ ਚੀਖ ਰਿਹਾ ਸੀ। ਕੋਲ ਬੈਠੀ ਬੁੱਢੀ ਉਸ ਰਿਪੋਰਟਰ ਨੂੰ ਅੰਦਰ ਆਇਆ ਦੇਖ ਮਦਦ ਲਈ ਪੁਕਾਰ ਕਰਨ ਲੱਗੀ। ਸ਼ਾਇਦ ਪਰਿਵਾਰ ਦੇ ਬਾਕੀ ਜੀਅ ਉਹਨਾਂ ਨੂੰ ਇਕੱਲਿਆਂ ਸੋਕੇ ਨਾਲ ਜੂਝਣ ਲਈ ਛੱਡ ਕੇ ਚਲੇ ਗਏ ਸਨ।
ਉਹ ਬੁੱਢੇ ਨੂੰ ਘਸੀਟ ਕੇ ਬਾਹਰ ਲੈ ਆਇਆ। ਬੁੱਢੀ ਦੇ ਚਿਹਰੇ ਉੱਤੇ ਭੁੱਖ-ਪਿਆਸ ਦੇ ਬਾਵਜੂਦ ਹਲਕੀ ਜਿਹੀ ਮੁਸਕਾਨ ਆ ਗਈ ਕਿ ਸ਼ਾਇਦ ਉਹ ਉਹਨਾਂ ਦੀ ਮਦਦ ਕਰੇਗਾ। ਪਰ ਇਹ ਕੀ, ਉਹਨੇ ਆਪਣੇ ਬੈਗ ਵਿੱਚੋਂ ਕੈਮਰਾ ਕੱਢਿਆ ਤੇ ਲੱਗਾ ਵੱਖ-ਵੱਖ ਐਂਗਲਾਂ ਤੋਂ ਫੋਟੋ ਖਿੱਚਣ।
“ਬਾਬੂ ਜੀ, ਪਾਨੀ ਪਿਲਾ ਦੋ, ਥੋੜਾ ਸਾ ਪਾਨੀ, ਨਹੀਂ ਤੋ ਮੇਰਾ ਆਦਮੀ ਮਰ ਜਾਏਗਾ, ਕਲ ਸੇ ਪਿਆਸਾ ਹੈ…”
“ਮਾਈ, ਸੂਰਜ ਢਲ ਗਯਾ ਤੋ ਫੋਟੋ ਨਹੀਂ ਖੀਂਚ ਸਕੂੰਗਾ। ਮੈਂਨੇ ਆਜ ਹੀ ਸੂਖੇ ਕੀ ਰਿਪੋਰਟ ਤਿਆਰ ਕਰ ਕੇ ਭੇਜਨੀ ਹੈ। ਫੋਟੋ ਭੀ ਭੇਜਨੀ ਹੈ।”
“ਮੈਨੇ ਤੋ ਸੋਚਾ ਥਾ ਆਪ ਬਾਹਰ ਇਸ ਲਿਏ ਲਾਏ ਹੋ ਕਿ ਪਾਨੀ ਪਿਲਾਓਗੇ…।”
ਰਿਪੋਰਟਰ ਖੁਸ਼ ਸੀ। ਅੱਜ ਉਹਨੂੰ ਇਕ ਵਧੀਆ ਫੋਟੋ ਮਿਲ ਗਈ ਸੀ। ਉਹ ਬਿਨਾਂ ਉਹਨਾਂ ਦੀ ਕੋਈ ਮਦਦ ਕੀਤੇ ਮੁਸਕਰਾਉਂਦਾ ਹੋਇਆ ਗੱਡੀ ਵਿਚ ਬੈਠ ਗਿਆ, ਇਕ ਸਨਸਨੀਖੇਜ ਖਬਰ ਨਾਲ ਲੈ ਕੇ।
-0-

Thursday, January 21, 2010

ਸਬੂਤ



ਸੁਖਦੇਵ ਸਿੰਘ ਸ਼ਾਂਤ

ਦਿੱਤੇ ਹੋਏ ਪੁਰਾਣੇ ਕਰਜਿਆਂ ਨੂੰ ਵਿਆਜ ਦੀ ਕੁਝ ਛੋਟ ਦੇ ਕੇ ਵਸੂਲਣ ਦੀ ਮੁਹਿੰਮ ਸ਼ੁਰੂ ਸੀ। ਇਸ ਸਬੰਧੀ ਵਿਸ਼ੇਸ਼ ਮੀਟਿੰਗਾਂ ਹੋ ਰਹੀਆਂ ਸਨ।
ਅਜਿਹੀ ਹੀ ਇਕ ਮੀਟਿੰਗ ਵਿਚ ਇਕ ਬੁੱਢੀ ਉਮਰ ਦਾ ਗਰੀਬੜਾ ਜਿਹਾ ਕਰਜ਼ਦਾਰ ਪੇਸ਼ ਹੋਇਆ।
“ਹਾਂ ਬਾਬਾ, ਦੱਸ ਏਨੇ ਸਾਲ ਤੂੰ ਪੈਸੇ ਕਿਉਂ ਨਹੀਂ ਭਰ ਸਕਿਆ?” ਅਫਸਰ ਨੇ ਸਵਾਲ ਕੀਤਾ ਤਾਂ ਕਿ ਵਿਆਜ ਦੀ ਛੋਟ ਦੇਣ ਲਈ ਕੋਈ ਕਾਰਨ ਲੱਭ ਸਕੇ।
“ਸਾਬ੍ਹ ਜੀ, ਪਹਿਲਾਂ ਮੇਰਾ ਜਵਾਨ ਪੁੱਤਰ ਚੱਲ ਵੱਸਿਆ ਤੇ ਫੇਰ ਮੈਨੂੰ ਇਕ ਬਿਮਰੀ ਨੇ ਦੱਬ ਲਿਆ। ਘਰ ’ਚ ਹੋਰ ਕੋਈ ਕਮਾਉਣ ਵਾਲਾ ਨਹੀਂ।”
ਅਫ਼ਸਰ ਨੇ ਬਾਬੇ ਦੇ ਫਟੇ-ਪੁਰਾਣੇ ਕੱਪੜਿਆਂ ਵੱਲ ਚੰਗੀ ਤਰ੍ਹਾਂ ਦੇਖਿਆ। ਉਸ ਦੇ ਪੀਲੇ ਪੈ ਚੁੱਕੇ ਝੁਰੜੀਆਂ ਵਾਲੇ ਚਿਹਰੇ ਨੂੰ ਸੰਬੋਧਤ ਹੋ ਕੇ ਬੋਲਿਆ, “ਬਾਬਾ, ਤੇਰੇ ਕੋਲ ਬਿਮਾਰੀ ਦਾ ਕੋਈ ਸਬੂਤ ਹੈ ਤਾਂ ਦਿਖਾ?”
ਬਾਬੇ ਨੇ ਆਪਣਾ ਕਮੀਜ਼ ਉੱਪਰ ਚੁੱਕਿਆ। ਢਿੱਡ ਉੱਤੇ ਲੱਗੇ ਹੋਏ ਟਾਂਕਿਆਂ ਦੇ ਨਿਸ਼ਾਨ ਦਿਖਾਉਂਦਾ ਹੋਇਆ ਬੋਲਿਆ, “ਸਾਬ੍ਹ ਜੀ, ਆਹ ਦੇਖੋ ਮੇਰਾ ਤਾਂ ਬੜਾ ਵੱਡਾ ਆਪਰੇਸ਼ਨ ਹੋ ਚੁੱਕਿਐ। ਪੰਦਰਾਂ-ਵੀਹ ਟਾਂਕੇ ਲੱਗੇ ਸੀ।”
ਅਫ਼ਸਰ ਝੁੰਜਲਾ ਕੇ ਬੋਲਿਆ, “ਬਾਬਾ, ਕਮੀਜ਼ ਹੇਠਾਂ ਕਰ। ਸਾਨੂੰ ਤਾਂ ਆਪ੍ਰੇਸ਼ਨ ਦਾ ਡਾਕਟਰ ਪਾਸੋਂ ਸਰਟੀਫਿਕੇਟ ਚਾਹੀਦੈ, ਟਾਂਕੇ ਭਾਵੇਂ ਲੱਗੇ ਹੋਣ ਭਾਵੇਂ ਨਾ।”
-0-

Thursday, January 14, 2010

ਡਰਨਾ


ਹਰਦਮ ਸਿੰਘ ਮਾਨ


ਨੰਗੇ ਪੈਰ, ਤੇਡ਼ ਨਿੱਕਰ, ਗਲ ਵਿਚ ਮੈਲਾ ਕੁਚੈਲਾ ਪਾਟਿਆ ਕੁਡ਼ਤਾ ਲਟਕਾ ਕੇ ਪੋਹ ਦੀ ਠੰਡੀ-ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ, ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇਡ਼ਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿਡ਼ੀ ਕੰਬਣੀ ਹੋਰ ਤੇਜ਼ ਹੋ ਗਈਮੋਢੇ ਉੱਤੇ ਕਹੀ ਧਰ ਕੇ ਖਾਲ ਦੀ ਵੱਟੇ ਵੱਟ ਉਹ ਸਰਦਾਰਾਂ ਦੇ ਖੇਤ ਕੋਲੋਂ ਲੰਘਿਆ ਤਾਂ ਕਣਕ ਵਿਚ ਖਡ਼੍ਹੇ ਡਰਨੇ ਨੂੰ ਵੇਖ ਕੇ ਉਸ ਨੂੰ ਧੁਰ ਅੰਦਰ ਤੀਕ ਮਹਿਸੂਸ ਹੋਇਆ ਜਿਵੇਂ ਖੇਤ ਵਿਚ ਖਡ਼੍ਹਾ ਸਰਦਾਰ ਉਸ ਨੂੰ ਘੂਰ ਰਿਹਾ ਹੋਵੇ

ਆਪਾ ਸਮੇਟ ਕੇ ਉਹ ਉਥੋਂ ਕਾਹਲੇ ਪੈਰੀਂ ਅੱਗੇ ਲੰਘ ਗਿਆਮੁਡ਼ਦਾ ਆਉਂਦਾ ਫਿਰ ਜਦੋਂ ਡਰਨੇ ਦੇ ਨਜ਼ਦੀਕ ਆਇਆ ਤਾਂ ਉਸ ਦੇ ਮਨ ਵਿਚ ਪਹਿਲਾਂ ਵਾਲਾ ਭੈਅ ਨਹੀਂ ਸੀਹੌਂਸਲਾ ਕਰਕੇ ਉਹ ਡਰਨੇ ਦੇ ਐਨ ਸਿਰ ਤੇ ਜਾ ਖਡ਼੍ਹਾ ਹੋਇਆਕੁਝ ਪਲ ਡਰਨੇ ਨੂੰ ਗ਼ੌਰ ਨਾਲ ਤੱਕਦਾ ਰਿਹਾ ਤੇ ਫਿਰ ਉਥੋਂ ਤੁਰ ਪਿਆਅਜੇ ਕੁਝ ਕਦਮ ਹੀ ਤੁਰਿਆ ਸੀ ਕਿ ਉਸ ਦੇ ਪੈਰ ਆਪ ਮੁਹਾਰੇ ਹੀ ਪਿਛਾਂਹ ਡਰਨੇ ਵੱਲ ਪਰਤ ਆਏਉਸ ਦੀ ਹਿੰਮਤ ਨੇ ਅੰਗਡ਼ਾਈ ਲਈਆਸਪਾਸ ਪਸਰੇ ਸੰਘਣੇ ਹਨੇਰੇ ਨੂੰ ਉਸ ਨੇ ਘੂਰਿਆ

ਤੇ ਅਗਲੇ ਪਲ ਉਸ ਨੇ ਆਪਣੇ ਗਲਮੇਂ ਵਿੱਚੋਂ ਲੀਰੋ-ਲੀਰ ਹੋਇਆ ਕੁਡ਼ਤਾ ਉਤਾਰ ਕੇ ਡਰਨੇ ਉੱਤੇ ਟੰਗ ਦਿੱਤਾ ਅਤੇ ਡਰਨੇ ਉੱਪਰ ਟੰਗਿਆ ਸਰਦਾਰ ਦਾ ਕਲੀਆਂ ਵਾਲਾ ਕੁਡ਼ਤਾ ਪਹਿਨ ਕੇ ਉਹ ਕਿਆਰੇ ਦੇ ਮੂੰਹੇਂ ਕੋਲ ਅਜਬ ਫੁਰਤੀ ਨਾਲ ਪਹੁੰਚ ਗਿਆ

-0-

Friday, January 8, 2010

ਕੁੱਤਾ ਤੇ ਹੱਡੀ


ਅਵੱਲ ਸਰਹੱਦੀ

ਮੈਂ ਸ਼ਾਮ ਸਾਡੇ ਪੰਜ ਵਾਲੀ ਬੱਸ ਰਾਹੀਂ ਚੰਡੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ। ਬੱਸ ਜਦੋਂ ਜੀਰਕਪੁਰ ਪੁੱਜੀ ਤਾਂ ਮੇਰੀ ਨਜ਼ਰ ਅਗਲੀਆਂ ਸੀਟਾਂ ਉੱਤੇ ਪਈ। ਫਰੰਟ ਸੀਟ ਦੇ ਪਿੱਛੇ ਵਾਲੀ ਸੀਟ ਉੱਤੇ ਇਕ ਜੋੜਾ ਬੈਠਾ ਸੀ ਬਿਲਕੁਲ ਇਕ-ਦੂਜੇ ਨਾਲ ਇਕਮਿਕ ਹੋ ਕੇ। ਉਹਨਾਂ ਦੀਆਂ ਹਰਕਤਾਂ ਵੀ ਕੁਝ ਐਸੀਆਂ ਸਨ ਜਿਵੇਂ ਨਵਾਂ ਵਿਆਹਿਆ ਹੋਇਆ ਹੋਵੇ। ਪਰ ਉਹਨਾਂ ਦੀ ਮੇਰੇ ਵੱਲ ਪਿੱਠ ਸੀ, ਜਿਸ ਕਾਰਨ ਮੈਂ ਉਹਨਾਂ ਦੇ ਚਿਹਰੇ ਨਹੀਂ ਸਾਂ ਦੇਖ ਰਿਹਾ। ਫਿਰ ਜਦੋਂ ਉਸ ਬੰਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ। ਉਹ ਮੇਰਾ ਜਮਾਤੀ ਸੁਭਾਸ਼ ਸੀ। ਜਦੋਂ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਹ ਉੱਠ ਕੇ ਮੇਰੇ ਕੋਲ ਆ ਗਿਆ।
ਮੈਂ ਉਸ ਨੂੰ ਪੁੱਛਿਆ, “ਤੁਸੀਂ ਕੰਮ ਕੀ ਕਰਦੇ ਹੋ?”
ਉਸ ਨੇ ਦੱਸਿਆ, “ਮੈਂ ਇਕ ਪੀ.ਸੀ.ਐਸ. ਅਫਸਰ ਦਾ ਪੀ.ਏ. ਹਾਂ।”
ਗੱਲਾਂ ਕਰਦੇ ਨੂੰ ਬਨੂੜ ਆ ਗਿਆ। ਉਸ ਨਾਲ ਅਗਲੀ ਸੀਟ ਉੱਤੇ ਬੈਠੀ ਕੁੜੀ ਉਸ ਨੂੰ ‘ਬਾਏ-ਬਾਏ’ ਕਰ ਕੇ ਉਤਰ ਗਈ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ, “ਇਹ ਤੇਰੀ ਘਰਵਾਲੀ ਨਹੀਂ ਸੀ? ਮੈਂ ਤਾਂ ਤੁਹਾਨੂੰ ਮੀਆਂ-ਬੀਬੀ ਸਮਝਿਆ ਸੀ।”
ਉਸ ਨੇ ਉੱਤਰ ਦਿੱਤਾ, “ਗੱਲ ਤਾਂ ਤੁਹਾਡੀ ਠੀਕ ਹੈ, ਬੀਬੀ ਤਾਂ ਹੈ ਉਹ ਆਪਣੇ ਪਤੀ ਦੀ ਤੇ ਮੈਂ ਪਤੀ ਹਾਂ ਆਪਣੀ ਬੀਬੀ ਦਾ। ਵੈਸੇ ਉਹ ਸਾਡੀ ਸਟੈਨੋ ਹੈ।”
-0-