ਕੁਲਵਿੰਦਰ ਜੱਜ
ਸੋਨੂੰ ਨੂੰ ਲੰਗੜਾ ਕੇ ਤੁਰਦਾ ਦੇਖ ਮੈਂ ਮੋਟਰ ਸਾਈਕਲ ਰੋਕ ਲਿਆ ਤੇ
ਪੁੱਛਿਆ, “ਕਿਉਂ ਬਈ, ਕੀ ਹੋ ਗਿਆ?”
“ਕੜੱਲ ਪਈ ਐ… ਹੋਰ ਕੁਝ ਨਹੀਂ।” ਥੁਥਲਾਉਂਦੀ ਜਿਹੀ ਆਵਾਜ਼
ਵਿਚ ਉਹ ਬੋਲਿਆ।
“ਚੱਲ ਬੈਠ ਪਿੱਛੇ, ਮੈਂ ਤੈਨੂੰ ਘਰ ਛੱਡ ਆਵਾਂ।”
ਉਹਦੀ ਆਵਾਜ਼ ਅਤੇ ਮੋਟਰ ਸਾਈਕਲ ਉੱਪਰ ਬੈਠਣ ਦੇ ਢੰਗ ਤੋਂ ਮੈਂ
ਸਮਝ ਗਿਆ ਕੇ ਉਹਨੇ ਜ਼ਰੂਰ ਨਸ਼ੇ ਦੀਆਂ ਗੋਲੀਆਂ ਖਾਧੀਆਂ ਹਨ।
ਉਸਦੇ ਘਰ ਪਹੁੰਚ ਮੈਂ ਆਂਟੀ ਨੂੰ ਮਿਲਿਆ। ਸੋਨੂੰ ਬਾਰੇ ਗੱਲ ਛੇੜੀ
ਤਾਂ ਬੋਲੀ , “ਕੀ ਦੱਸਾਂ ਪੁੱਤ, ਇਹਦਾ ਤਾਂ ਬਾਹਲਾ ਈ ਮਾੜਾ ਹਾਲ ਐ। ਨਾ ਕਿਸੇ ਨਾਲ ਸਿੱਧੇ ਮੂੰਹ
ਗੱਲ ਕਰਦੈ, ਨਾ ਚੱਜ ਨਾਲ ਰੋਟੀ-ਟੁੱਕ ਈ ਖਾਂਦੈ। ਸਾਰਾ ਦਿਨ ਵਰਾਂਡੇ ’ਚ ਮੰਜੇ ’ਤੇ ਪਿਆ ਰਹਿੰਦੈ। ਵੱਡੇ ਤਾਂ ਦੋਨੋਂ ਅੱਡ ਹੋ ਕੇ ਪਾਸੇ ਹੋਗੇ.
ਉਨ੍ਹਾਂ ਭਾਵੇਂ ਤਾਂ ਅਸੀਂ ਜਿਉਂਦੇ ਈ ਮਰਗੇ, ਨਾ ਲੈਣਾ, ਨਾ ਦੇਣਾ…ਬੁਢਾਪੇ ’ਚ ਇਹਦਾ ਈ ਸਹਾਰਾ
ਤੱਕਦੇ ਸੀ, ਪਰ ਇਹ ਤਾਂ ਆਪ ਈ ਸਹਾਰਾ ਭਾਲਦਾ…।’ ਆਂਟੀ ਦੀਆਂ ਅੱਖਾਂ ਭਰ ਆਈਆਂ ਤੇ ਉਹ ਗੱਲ
ਵੀ ਪੂਰੀ ਨਹੀਂ ਕਰ ਸਕੀ।
ਮੈਰਾ ਮਨ ਦੁਖੀ ਹੋਇਆ। ਮੈਂ ਸੋਨੂੰ ਨੂੰ ਕਿਹਾ, “ਯਾਰ, ਹੋਰ
ਨੀਂ ਤਾਂ ਤੂੰ ਕਿਸੇ ਦੁਕਾਨ ’ਤੇ ਈ ਲੱਗ ਜਾ, ਚਾਰ ਪੈਸੇ ਘਰੇ ਆਉਣਗੇ।”
ਸੋਨੂੰ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਆਂਟੀ ਬੋਲ ਪਈ, “ਪੁੱਤ
ਮੈਂ ਤਾਂ ਆਪ ਇਹੀ ਕਹਿੰਨੀਂ ਆਂ। ਬਈ ਜੇ ਕੁਝ ਹੋਰ ਨ੍ਹੀਂ
ਹੁੰਦਾ ਤਾਂ ਆਪਣੇ ਪਿਉ ਨਾਲ ਈ ਚਲਾ ਜਾਇਆ ਕਰ, ਜੰਤਰੀ ਵੇਖਣੀ ਈ ਸਿੱਖ ਲੈ…।”
ਸੋਨੂੰ ਨੇ ਆਂਟੀ ਵੱਲ ਕੈਰੀ ਜਿਹੀ ਨਿਗ੍ਹਾ ਨਾਲ ਦੇਖਿਆ ਤਾਂ ਉਹ
ਚੁੱਪ ਕਰ ਗਈ। ਮੈਂ ਵੀ ਉੱਥੋਂ ਵਾਪਸ ਆਉਣਾ ਹੀ ਠੀਕ ਸਮਝਿਆ। ਸੋਨੂੰ ਲੜਖੜਾਉਂਦਾ ਜਿਹਾ ਮੇਰੇ ਨਾਲ
ਬਾਹਰ ਤੱਕ ਆ ਗਿਆ। ਬਾਹਰ ਪਹੁੰਚ ਕੇ ਬੋਲਿਆ, “ਹੁਣ
ਤੂੰ ਬਾਹਲਾ ਵੱਡਾ ਹੋ ਗਿਆ!…ਮੈਨੂੰ ਮੱਤਾਂ ਦੇਣ ਲੱਗ ਪਿਐਂ।”
“ਮੈਂ ਤਾਂ ਯਾਰ ਤੇਰੇ ਭਲੇ ਨੂੰ ਕਹਿਨੈਂ।”
“ ਜੇ ਮੇਰੇ ਭਲੇ ਦੀ ਐਨੀ ਈ ਚਿੰਤਾ ਐ ਤਾਂ… ਮੈਨੂੰ ਆਵਦੇ ਯਾਰ
ਦੇ ਪੈਟਰੋਲ ਪੰਪ ’ਤੇ ਲਵਾ ਦੇ…ਤਨਖਾਹ ਘਰੇ ਦੇ ਦੂੰ…ਨਸ਼ੇ ਦਾ ਉੱਪਰੋਂ ਸਰ ਜੂ…।”
“ਅੱਜ ਕੱਲ ਪੰਪਾਂ ਤੇ ਬਹੁਤ ਸਖਤੀ ਐ, ਐਵੇਂ ਫਸ ਜੇਂਗਾ। ਤੂੰ ਨਸ਼ਾ ਕਰਨਾ ਈ ਛੱਡ ਦੇ।” ਕਹਿ ਮੈਂ ਮੋਟਰਸਾਈਕਲ ਨੂੰ ਕਿੱਕ ਮਾਰ
ਤੁਰ ਪਿਆ।
“ਹੋਰ ਨਹੀਂ ਤਾਂ ਪਟਰੌਲ ਤਾਂ ਸੁੰਘਣ ਨੂੰ ਮਿਲੂ…।” ਪਿੱਛੋਂ ਸੋਨੂੰ ਦੀ ਆਵਾਜ਼ ਸੁਣਾਈ
ਦਿੱਤੀ।
-0-