ਸਤਿਪਾਲ
ਖੁੱਲਰ
ਘਰ ਵਿੱਚ ਪੰਜਵਾਂ ਮੁੰਡਾ ਹੋਇਆ ਸੀ। ਸ਼ਰੀਕੇ-ਕਬੀਲੇ ਵਾਲੇ ਵਧਾਈਆਂ ਦੇਣ ਆ ਰਹੇ ਸਨ।
ਛੇ ਕੁ ਸਾਲ ਦੀ ਕੁੜੀ ਵਿਹੜੇ ਵਿੱਚ ਨੱਚ-ਟੱਪ ਰਹੀ ਸੀ, “ਆਹਾ ਜੀ, ਸਾਡੇ ਘਰ ਕਿੰਨੇ ਮੁੰਡੇ! ਆਹਾ ਜੀ…।”
ਵਿਹੜੇ ਵਿੱਚ ਬੈਠੀ ਉਸ ਦੀ ਤਾਈ ਗੁੱਸੇ ਹੋਣ ਲੱਗੀ, “ਮਰ ਪਰੇ
ਸਿਰ ਸੜੀਏ, ਕਦੇ ਮੁੰਡੇ ਵੀ ਬਹੁਤੇ ਹੋਏ ਨੇ! ਜਾ ਦਫਾ ਹੋ, ਖੇਡ ਪਰ੍ਹਾਂ ਜਾ ਕੇ।”
ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਉਸ ਨੇ ਸਾਰੇ ਭਰਾਵਾਂ ਦੇ
ਰੱਖੜੀ ਬੰਨ੍ਹੀ। ਉਸ ਦੇ ਚਾਚੇ ਦੀਆਂ ਕੁੜੀਆਂ ਵੀ ਰੱਖੜੀ ਬੰਨ੍ਹਣ ਆਈਆਂ। ਉਹਨਾਂ ਨਵੇਂ ਜੰਮੇ ਬੱਚੇ
ਨੂੰ ਰੱਖੜੀ ਬੰਨ੍ਹੀ ਤੇ ਉਸ ਨਾਲ ਲਾਡ ਕਰਨ ਲੱਗੀਆਂ।
ਚਾਚੇ ਦੀਆਂ ਕੁੜੀਆਂ ਨੂੰ ਆਪਣੇ ਨਿੱਕੇ ਵੀਰ ਨਾਲ ਲਾਡ ਕਰਦਿਆਂ
ਦੇਖ ਕੁੜੀ ਨੇ ਆਪਣੀ ਮਾਂ ਨੂੰ ਕਿਹਾ,“ਮੰਮੀ, ਮੰਮੀ, ਆਪਾਂ ਵੀਰਾ ਚਾਚੀ ਨੂੰ ਦੇ ਦੇਈਏ। ਆਪਣੇ ਘਰ
ਤਾਂ ਮੁੰਡੇ ਹੈਗੇ, ਚਾਚੀ ਵਿਚਾਰੀ ਕੋਲ ਕੋਈ ਵੀ ਹੈ ਨੀ।”
ਕੁੜੀਆਂ ਨੇ ਤਰਸ ਭਰੀ ਨਿਗਾਹ ਨਾਲ ਨਵ-ਜੰਮੇਂ ਬੱਚੇ ਵੱਲ ਦੇਖਿਆ।
ਮਾਂ ਨੇ ਮੁੰਡੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ।
“ਇਹਨੂੰ ਕਿੱਡੀ ਆਖਰ ਆਈ ਏ! ਕੱਲ੍ਹ ਦੀ ਇਹੋ ਰੱਟ ਲਾਈ ਬੈਠੀ ਏ—ਸਾਡੇ
ਕੋਲ ਕਿੰਨੇ ਮੁੰਡੇ, ਸਾਡੇ ਕੋਲ…!” ਉਸ ਦੀ ਤਾਈ ਨੇ ਝਿੜਕਦਿਆਂ ਕਿਹਾ।
ਮਾਂ ਨੇ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ, “ਬੱਚੇ ਕਿੰਨੇ ਵੀ
ਹੋਣ, ਦਿੱਤੇ ਥੋੜਾ ਈ ਜਾਂਦੇ ਨੇ।”
“ਮੰਮੀ-ਮੰਮੀ, ਫੇਰ ਮੇਰੀ ਭੈਣ ਕਿਉਂ ਮਾਮੇ ਨੂੰ ਦੇਤੀ ਸੀ?
ਅਸੀਂ ਤਾਂ ਦੋ ਈ ਸਾਂ।” ਕਹਿੰਦੇ ਹੋਏ ਕੁੜੀ ਬਾਹਰ ਸਹੇਲੀਆਂ ਨਾਲ ਖੇਡਣ ਲਈ ਘਰ ਦੀ ਦਹਿਲੀਜ਼ ਟੱਪ
ਗਈ।
-0-
No comments:
Post a Comment