ਡਾ. ਹਰਦੀਪ ਕੌਰ ਸੰਧੂ
ਖੇਡਾਂ ਦੀ ਘੰਟੀ ਸੀ। ਸਕੂਲ ਦੇ ਰੋਲ ਮਾਡਲ
ਮੰਨੇ ਜਾਣ ਵਾਲ ਹੋਣਹਾਰ ਖਿਡਾਰੀ ਮੰਦ -ਬੁੱਧੀ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ
ਟ੍ਰੇਨਿੰਗ ਦੇ ਰਹੇ ਸਨ। ਵਾਰ -ਵਾਰ ਮਿਲੀਆਂ ਹਦਾਇਤਾਂ ਦੇ ਬਾਵਜੂਦ
ਵੀ ਉਹ ਟ੍ਰੇਨਿੰਗ ਦੇਣਾ ਭੁੱਲ ਕੇ ਕਈ ਵਾਰ ਆਪਸ 'ਚ ਹੀ ਖੇਡਣ ਵਿੱਚ ਮਸਤ ਹੋ ਜਾਂਦੇ।
ਅਚਾਨਕ ਤੇਜ਼ ਹਵਾ ਚੱਲਣ ਨਾਲ ਖੇਡ -ਮੈਦਾਨ 'ਚ ਇਧਰੋਂ -ਓਧਰੋਂ ਲਿਫਾਫ਼ੇ ਤੇ ਕੂੜਾ ਕਰਕੱਟ ਉੱਡ
ਕੇ ਇੱਕਤਰ ਹੋਣ ਲੱਗਾ । ਸਕੂਲ ਦੇ ਫਾਰਮ ਦਾ ਮੇਨ -ਗੇਟ ਵੀ ਤੇਜ਼ ਹਵਾ ਨੇ ਖੋਲ੍ਹ
ਦਿੱਤਾ। ਫਾਰਮ 'ਚੋਂ ਇੱਕ ਵੱਛਾ ਚਰਦਾ -ਚਰਾਉਂਦਾ ਖੇਡ ਮੈਦਾਨ 'ਚ ਆ ਵੜਿਆ ਤੇ ਖਿਲਰੇ ਪਏ
ਕੂੜੇ ਨੂੰ ਮੂੰਹ ਮਾਰਨ ਲੱਗਾ।
ਮੰਦ -ਬੁੱਧੀ ਬੱਚਿਆਂ ਦਾ ਧਿਆਨ ਵੱਛੇ ਵੱਲ ਗਿਆ। ਉਹ ਆਪਣੀ ਖੇਡ ਭੁੱਲ ਕੇ
ਵੱਛੇ ਵੱਲ ਨੂੰ ਹੋ ਤੁਰੇ। ਇੱਕ ਨੇ ਚਿੰਤਾਤੁਰ ਹੁੰਦਿਆਂ ਕਿਹਾ, " ਲਿਫਾਫ਼ਾ ਖਾ ਕੇ ਕਿਤੇ ਵੱਛਾ ਮਰ ਹੀ ਨਾ ਜਾਵੇ।"
ਉਹ ਵੱਛੇ ਦੇ ਮੂੰਹ 'ਚੋਂ ਲਿਫ਼ਾਫ਼ਾ ਖਿੱਚਣ ਲੱਗਾ। ਦੂਜੇ ਨੇ ਆਪਣੇ ਸਾਥੀਆਂ ਨੂੰ ਸੰਬੋਧਨ
ਹੁੰਦਿਆਂ ਕਿਹਾ, " ਚੱਲੋ ਆਪਾਂ ਪਹਿਲਾਂ ਖਿਲਰੇ ਲਿਫਾਫ਼ੇ ਤੇ ਕੂੜਾ ਚੁੱਗ ਦੇਈਏ।" ਉਹਨਾਂ ਨੇ ਰਲ ਕੇ ਪਹਿਲਾਂ ਵੱਛੇ ਨੂੰ ਫਾਰਮ 'ਚ ਵਾੜ
ਦਿੱਤਾ। ਫੇਰ ਅਗਲੇ ਕੁਝ ਹੀ ਪਲਾਂ ਵਿੱਚ ਖੇਡ ਮੈਦਾਨ ਸਾਫ਼ ਕਰ ਦਿੱਤਾ ਜਦੋਂ
ਕਿ ਹੋਣਹਾਰ ਖਿਡਾਰੀ ਅਜੇ ਵੀ ਆਪਣੀ ਖੇਡ 'ਚ ਮਸਤ ਸਨ। ਅੱਜ ਮੰਦ -ਬੁੱਧੀ ਬੱਚੇ
ਸਕੂਲ ਦੇ ਰੋਲ- ਮਾਡਲ ਬਣ ਗਏ ਸਨ।
-0-
No comments:
Post a Comment