ਸ਼ਾਮ ਸੁੰਦਰ ਕਾਲੜਾ
“ਧੀਏ ਆ ਗਈ ਐਂ ਤਾਂ ਘੁੱਟ ਚਾਹ ਈ ਬਣਾ ਦੇ। ਬੜੇ ਚਿਰ ਦਾ ਸਿਰ ਦੁਖੀ ਜਾਂਦੈ। ਠੰਡ ਜੀ ਲੱਗ ਗਈ ਜਾਪਦੀ
ਐ।” ਬਜ਼ੁਰਗ ਸੀਤਾ ਨੇ ਆਪਣੀ ਨੂੰਹ ਅੰਜਲੀ ਨੂੰ ਕਿਹਾ।
“ਬਣਾ ਦਿੰਨੀਂ ਐਂ। ਅਗਲੇ ਨੂੰ ਘਰ ਤਾਂ ਵੜ ਲੈਣ ਦਿਆ ਕਰੋ। ਪਹਿਲਾਂ ਈ ਸਵਾਲ ਖੜ੍ਹਾ ਹੁੰਦੈ। ਇੰਝ ਨਹੀਂ ਸੋਚਣਾ ਬਈ ਅਗਲਾ ਵੀ ਹੰਡਿਆ-ਹਾਰਿਆ
ਬਜ਼ਾਰੋਂ ਆਇਐ। ਦੋ ਮਿੰਟ ਸਾਹ ਲੈ
ਲੈਣ ਦੇਈਏ।” ਗੁੱਸੇ ਨਾਲ ਬੋਲਦੀ ਹੋਈ ਅੰਜਲੀ ਅੰਦਰ ਲੰਘ ਗਈ ਤੇ ਨਾਲ ਹੀ ਉਹਦੀ ਧੀ
ਮੀਨਾਕਸ਼ੀ।
“ਮੰਮੀ, ਕਿਉਂ
ਐਵੇਂ ਬੋਲੀ ਜਾਨੇਂ ਓਂ? ਲਿਆਓ ਸਮਾਨ ਮੈਨੂੰ ਫੜਾ ਦਿਓ, ਮੈਂ ਰੱਖ ਦਿੰਨੀਂ ਆਂ। ਤੁਸੀਂ ਅਰਾਮ ਕਰ
ਲਓ।
ਮੈਂ ਆਪੇ ਦਾਦੀ-ਮਾਂ ਨੂੰ ਚਾਹ ਬਣਾ ਦਿੰਨੀਂ ਆਂ।” ਮੀਨਾਕਸ਼ੀ ਨੇ ਕਿਹਾ।
“ਪਹਿਲਾਂ ਉਹਦਾ
ਮੱਥਾ ਡੰਮ੍ਹ…ਹਾਂ ਭੋਰਾ ਪਾਣੀ ਵੱਧ ਪਾ ਲੀਂ, ਮੈਂ ਵੀ ਲੈ ਲੂੰਗੀ ਘੁੱਟ।” ਕਹਿੰਦੀ ਹੋਈ ਅੰਜਲੀ
ਬੈੱਡ ਉੱਤੇ ਢੋਅ ਲਾ ਕੇ ਬੈਠ ਗਈ।
ਮੀਨਾਕਸ਼ੀ ਨੇ ਸਮਾਨ
ਰੱਖ, ਗੈਸ ਉੱਤੇ ਚਾਹ ਧਰ ਦਿੱਤੀ। ਉਹਨੇ ਚਾਹ ਅਜੇ ਪੁਣੀ ਹੀ
ਸੀ ਕਿ ਬਾਹਰ ਡੋਰ ਬੈੱਲ ਵੱਜ ਗਈ। ਮੀਨਾਕਸ਼ੀ ਨੇ ਦੇਖਿਆ, ਗਵਾਂਢ ਵਿੱਚੋਂ ਮੰਮੀ ਦੀ ਸਹੇਲੀ ਸੀ, “ਆ
ਜੋ ਅੰਟੀ ਜੀ, ਮੰਮੀ ਘਰ ਈ ਨੇ…ਅੰਦਰ ਬੈੱਡ ਰੂਮ ’ਚ।”
ਸਹੇਲੀ ਅੰਦਰ ਲੰਘ
ਗਈ। ਅੰਜਲੀ ਨੂੰ ਕਹਿਣ ਲੱਗੀ, “ਅਰਾਮ ਨਾਲ ਬੈਠੀ ਐਂ, ਡੇਰੇ ਨਹੀਂ ਜਾਣਾ?”
“ਲੈ, ਮੈਂ ਕਮਲੀ
ਤਾਂ ਭੁੱਲ ਈ ਗਈ ਸੀ। ਯਾਦ ਕੀ ਰਹਿਣੈ! ਸਾਰਾ ਦਿਨ ਸੱਸ ਮੇਰੀ ਬੋਲੀ ਜਾਂਦੀ ਐ। ਦਿਮਾਗ ਖਾ ਛੱਡਿਐ…ਬੱਸ
ਚਲਦੇ ਆਂ, ਦੋ ਘੁੱਟ ਚਾਹ ਪੀ ਲਈਏ।” ਕਹਿੰਦੇ ਹੋਏ ਅੰਜਲੀ ਨੇ ਮੀਨਾਕਸ਼ੀ ਨੂੰ ਆਵਾਜ਼ ਦਿੱਤੀ, “ਆਪਣੀ
ਦਾਦੀ ਲਈ ਫੇਰ ਬਣਾ ਦੀਂ ਚਾਹ, ਪਹਿਲਾਂ ਠਾਰ ਕੇ ਸਾਨੂੰ ਦੇ ਜਾ ਦੋ ਕੱਪ ਚਾਹ, ਅਸੀਂ ਡੇਰੇ ਜਾਣੈ।”
-0-
No comments:
Post a Comment