ਡਾ. ਹਰਦੀਪ ਕੌਰ ਸੰਧੂ
ਦਲੀਪੋ ਦੇ ਆਪਣੀ ਕੋਈ ਔਲਾਦ ਨਹੀਂ ਸੀ। ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ
ਦਲੀਪੋ ਦੀ ਝੋਲ਼ੀ ਪਾਉਂਦਿਆਂ ਕਿਹਾ ਸੀ— ‘ਭਾਬੀ ਅੱਜ ਤੋਂ
ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ।’ ਭਿੱਜੀਆਂ ਅੱਖਾਂ
ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾ ਸੀ, ਜਿਵੇਂ ਉਸ ਦੀਆਂ ਦੁੱਧੀਆਂ 'ਚ ਵੀ ਦੁੱਧ ਉੱਤਰ ਆਇਆ ਹੋਵੇ। ਉਸ ਦੇ ਵਿਆਹ 'ਤੇ ਉਸ ਦੀ ਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।
ਚਹੁੰ ਵਰ੍ਹਿਆਂ
ਪਿਛੋਂ ਜਦੋਂ ਛਿੰਦੇ ਦੇ ਘਰ ਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ
ਨਹੀਂ ਸੀ ਜਾਂਦਾ। ਦਮ-ਦਮ ਕਰਦੀ ਵਿਹੜੇ 'ਚ ਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ 'ਚ ਫੇਰਦੀ ਹਰ ਕਿਸੇ ਨੂੰ ਕਹਿੰਦੀ ਫਿਰੇ," ਨੀ ਭੈਣੇ, ਮੈਂ ਤਾਂ ਕਿੱਦਣ ਦੀ
ਇਹ ਦਿਨ 'ਡੀਕਦੀ ਸੀ, ਕੁੜੀ-ਮੁੰਡੇ ਦਾ ਮੈਨੂੰ ਕੋਈ ਫ਼ਰਕ ਨੀ, ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ। ਕੁੜੇ, ਲੀਹ ਤਾਂ ਤੁਰੀ, ਨਹੀਂ ਤਾਂ ਛਿੰਦੇ ਦੀ ਮਾਂ
ਨੇ ਆਪਣੇ ਚਿੱਤ 'ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇ ਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ…।"
-0-
No comments:
Post a Comment