ਹਰਭਜਨ ਸਿੰਘ
ਖੇਮਕਰਨੀ
ਪੈਂਹਠਾਂ ਨੂੰ ਪਹੁੰਚ ਰਹੇ ਬਿਸ਼ਨ ਸਿੰਘ ਨੂੰ ਗੋਡਿਆਂ ਦੇ ਦਰਦਾਂ ਕਾਰਨ ਸੋਟੀ ਦੇ ਸਹਾਰੇ
ਤੁਰਨਾ ਪੈਂਦਾ ਹੈ। ਉਸਦੀ ਉਮਰ ਦੇ ਹਾਣੀ ਅਕਸਰ ਉਸਨੂੰ ਗੋਡਿਆਂ ਦੇ ਦਰਦਾਂ ਦੇ ਇਲਾਜ ਵਾਸਤੇ ਟੋਟਕੇ
ਦੱਸਦੇ। ਦੂਰ-ਨੇੜੇ ਦੇ ਡਾਕਟਰਾਂ ਦੀ ਦੱਸ ਪਾਉਂਦੇ, ਜਿੱਥੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਗੋਡਿਆਂ ਦੀਆਂ
ਦਰਦਾਂ ਤੋਂ ਆਰਾਮ ਆਇਆ ਹੁੰਦਾ। ਉਹ ਸਭ ਨੂੰ ਵਾਇਦਾ ਕਰਦਾ ਕਿ ਉਹ ਦੱਸੇ ਹੋਏ ਟੋਟਕਿਆਂ ਨੂੰ ਜ਼ਰੂਰ
ਵਰਤੇਗਾ ਜਾਂ ਦੱਸੇ ਡਾਕਟਰ ਕੋਲੋਂ ਦੁਆਈ ਲਿਆਏਗਾ। ਪਰ ਘਰਦਿਆਂ ਦੀ ਅਣ-ਗਹਿਲੀ ਬਾਰੇ ਕੀ ਦੱਸੇ ਕਿ
ਸਵੇਰੇ-ਸਵੇਰੇ ਚਾਹ ਦੇ ਕੱਪ ਵਾਸਤੇ ਕਈ ਵਾਰ ਸੋਟੀ ਖੜਕਾਉਣੀ ਪੈਂਦੀ ਏ ਤੇ ਖੰਘਣਾ ਵੀ ਪੈਂਦੈ। ਜਦੋਂ ਗੋਡਿਆਂ ਦੀ ਦਰਦ ਅਸਹਿ ਹੋ ਜਾਂਦੀ ਤਾਂ ਉਹ ਪੀੜ ਰੋਕਣ ਵਾਲੀ ਸਸਤੀ ਜਿਹੀ ਗੋਲੀ ਖਾ ਛੱਡਦਾ ਤੇ ਘਰ ਦੇ
ਕੰਮਾਂ ਵਿੱਚ ਰੁੱਝ ਜਾਂਦਾ, ਜਿਨ੍ਹਾਂ ਵਿੱਚ ਸ਼ਾਮਲ ਹੁੰਦੇ ਤਰੀਕ ਖਤਮ ਹੋਣ ਤੋਂ ਪਹਿਲਾਂ ਪਾਣੀ,
ਬਿਜਲੀ, ਟੈਲੀਫੂਨ ਦੇ ਬਿੱਲ ਤਾਰਨੇ ਤੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਜਮ੍ਹਾਂ ਕਰਵਾਉਣੀਆਂ। ।
ਬਿਜਲੀ ਦਾ ਬਿੱਲ ਤੇ ਪੈਸੇ ਲੈ ਕੇ ਉਹ ਹੌਲੀ-ਹੌਲੀ ਸੋਟੀ ਦੇ ਸਹਾਰੇ ਤੁਰਦਾ ਹੋਇਆ
ਬਿਜਲੀ-ਦਫਤਰ ਪਹੁੰਚ ਖਿੜਕੀ ਸਾਹਮਣੇ ਲੱਗੀ ਲਾਈਨ ਵਿੱਚ ਖਲੋ ਗਿਆ। ਭੀੜ ਭਾਵੇਂ ਥੋੜ੍ਹੀ ਸੀ ਤੇ ਕਈਆਂ ਨੇ ਉਸਨੂੰ ਇੱਕ ਪਾਸੇ ਖਲੋਣ ਦੀ ਸਲਾਹ
ਵੀ ਦਿੱਤੀ ਕਿ ਵਾਰੀ ਆਉਣ ਤੇ ਆਵਾਜ਼ ਦੇ ਦੇਣਗੇ, ਪਰ ਉਹ ਫਿਰ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ
ਤਾਂ ਉਸਦੇ ਗੁਆਂਢੀ ਸਤਨਾਮ ਸਿੰਘ ਨੇ ਆ ਮੋਢਾ ਥਪਥਪਾਇਆ।
“ਕਿਉਂ, ਤੂੰ ਵੀ ਬਿੱਲ ਤਾਰਨ ਆਇਐਂ?” ਮੁਸਕਰਾਂਦਿਆਂ ਬਿਸ਼ਨ ਸਿੰਘ ਨੇ ਪੁੱਛਿਆ।
“ਤੈਨੂੰ ਤਾਂ ਪਤੈ ਕਿ ਮੁੰਡੇ ਇਹੀ ਸਮਝਦੇ ਆ ਕਿ ਬੁੜੇ ਇਨ੍ਹਾਂ ਕੰਮਾਂ ਲਈ ਫਿੱਟ ਰਹਿੰਦੇ ਨੇ।” ਤੇ ਦੋਵੇਂ ਠਹਾਕਾ ਮਾਰ ਕੇ ਹੱਸ ਪਏ।
“ਲਿਆ ਫੜਾ ਬਿੱਲ ਤੇ ਪੈਸੇ, ਪੂਰੇ ਦਈਂ ਪਰ, ਕਈ ਵਾਰ ਬਾਊ ਭਾਣ ਨਾ ਹੋਣ ਤੇ ਬਕਾਇਆ ਮੋੜਦੇ ਨਹੀਂ ਤੇ ਘਰ ਦੇ ਸਮਝਦੇ ਆ ਕਿ ਅਸਾਂ ਝੂਠ ਮਾਰ ਕੇ
ਰੱਖ ਲਏ ਨੇ।”
“ਤੂੰ ਰੱਖਣ ਦੀ ਗੱਲ ਕਰਦੈਂ…ਐਨ ਪੂਰੇ ਪੈਸੇ ਦੋ-ਦੋ ਵਾਰ ਗਿਨਣਗੇ, ਬਿਲ ਫੜਾਉਣ ਲੱਗਿਆਂ ਤੇ ਫਿਰ ਕਹਿ ਵੀ ਦੇਣਗੇ ਕਿ ਗਿਣ ਲਓ। ਤੂੰ
ਸੁਣਾ ਗੋਡਿਆਂ ਦੇ ਦਰਦ ਵਿੱਚ ਫਰਕ ਪਿਆ ਦੁਆਈ ਨਾਲ ਜਿਹੜੀ ਮੈਂ ਲਿਆ ਕੇ ਦਿੱਤੀ ਸੀ।”
“ਅਜੇ ਸ਼ੁਰੂ ਕਦੋਂ ਕੀਤੀ ਏ…ਤੂੰ ਕਿਹਾ ਸੀ ਕਿ ਦੁਆਈ ਦੁੱਧ ਨਾਲ
ਖਾਣੀ ਏ ਤੇ ਇੱਥੇ ਚਾਹ ਦਾ ਕੱਪ ਮਸਾਂ ਨਸੀਬ ਹੁੰਦੈ…ਦੁਆਈ ਕਿਵੇਂ ਖਾਵਾਂ। ਸ਼ਾਮ ਨੂੰ ਮੁੰਡੇ ਦੋ-ਦੋ
ਬੋਤਲਾਂ ਨੂੰ ਫੂਕ ਮਾਰ ਦਿੰਦੇ ਨੇ, ਪਰ ਮੇਰੇ ਦੁੱਧ ਜੋਗੇ ਪੈਸੇ ਫਜ਼ੂਲ-ਖਰਚੀ ਲਗਦੀ ਏ…ਅਖੇ ਹੁਣ
ਕਿਹੜਾ ਦੌੜਾਂ ਲਗਾਉਣੀਆਂ।” ਕਹਿੰਦਿਆਂ ਬਿਸ਼ਨ ਸਿੰਘ ਦਾ ਗੱਚ ਭਰ ਆਇਆ। ਉਸਨੇ ਵੇਖਿਆ, ਸਤਨਾਮ ਸਿੰਘ
ਵੀ ਮੂੰਹ ਭੁਆ ਕੇ ਅੱਖਾਂ ਸਾਫ ਕਰ ਰਿਹਾ ਸੀ।
-0-
No comments:
Post a Comment