ਡਾ. ਸ਼ਿਆਮ ਸੁੰਦਰ ਦੀਪਤੀ
…ਔਰਤ ਨੇ ਆਪਣੇ ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ, ਆਪਣੇ ਦੋਹੇਂ ਬੱਚਿਆਂ ਸਮੇਤ ਅੱਗ ਲਾ ਕੇ
ਆਤਮ ਹੱਤਿਆ…ਰਾਜੇਸ਼ ਨੇ ਅਖ਼ਬਾਰ ਦੀ ਖ਼ਬਰ ਪੜ੍ਹੀ ਤੇ ਅਖ਼ਬਾਰ ਉੱਥੇ ਹੀ ਸੁੱਟ ਰਸੋਈ ਵੱਲ ਦੌੜਿਆ।
ਕਿਰਨ ਨੂੰ ਰਸੋਈ ਵਿੱਚ ਚਾਹ ਬਣਾਉਂਦੀ ਦੇਖ, ਉਹ ਇੱਕੋਦਮ ਰਸੋਈ ਦੀ ਦੀਵਾਰ ਨਾਲ ਸਿਰ ਲਾ ਕੇ ਖੜ੍ਹ ਗਿਆ। ਉਸ ਦੀ ਹਾਲਤ ਇਸ ਤਰ੍ਹਾਂ ਸੀ ਕਿ ਹੁਣੇ ਹੀ
ਡਿੱਗ ਪਵੇਗਾ। ਕਿਰਨ ਨੇ ਗੈਸ ਨੂੰ ਸਿਮ ਕੀਤਾ ਤੇ ਫਟਾਫਟ ਘਬਰਾਈ ਹੋਈ ਰਾਜੇਸ਼ ਵੱਲ ਹੋਈ ਤੇ ਪੁੱਛਣ
ਲੱਗੀ, “ਕੀ ਹੋਇਆ? ਕੀ ਹੋਇਆ! ਹੁਣੇ ਤਾਂ ਠੀਕ ਸੀ। ਇਹ ਇੱਕੋਦਮ!!”
ਸਹੀ ਗੱਲ ਹੈ ਕਿ ਪੰਜ ਮਿੰਟ ਪਹਿਲਾਂ, ਜਦੋਂ ਉਹ ਬਾਹਰੋਂ ਅਖ਼ਬਾਰ ਚੁੱਕ ਕੇ ਰਾਜੇਸ਼ ਨੂੰ ਫੜਾਉਣ ਗਈ ਸੀ ਤਾਂ ਰਾਜੇਸ਼ ਸ਼ੀਸ਼ੇ ਅੱਗੇ ਖੜ੍ਹਾ ਗੁਣਗੁਣਾ ਰਿਹਾ ਸੀ ਤੇ ਬੜੇ ਢੰਗ ਨਾਲ ਵਾਲਾਂ ਵਿੱਚ ਕੰਘੀ ਕਰ ਰਿਹਾ ਸੀ। ਉਹ ਤਾਂ
ਅਖ਼ਬਾਰ ਉੱਥੇ ਰੱਖ, ਚਾਹ ਬਣਾਉਣ ਲਈ ਰਸੋਈ ਵਿੱਚ ਮੁੜ ਆਈ ਸੀ।
ਰਾਜੇਸ਼ ਨੂੰ ਲੱਗਿਆ ਕਿ ਕਿਰਨ ਸਹੀ ਕਹਿ ਰਹੀ ਹੈ। ਪੰਜ ਮਿੰਟ ਪਹਿਲਾਂ ਉਸ ਦੇ ਖਿਆਲਾਂ ਵਿੱਚ
ਰੇਣੂ ਸੀ। ਉਸ ਦੇ ਮਨ ਵਿੱਚ, ਅੱਜ ਆਪਣੇ ਟੂਰ ਤੇ, ਉਸ ਨੂੰ ਬਾਹਾਂ ਵਿੱਚ ਲੈਣ ਦਾ ਦ੍ਰਿਸ਼ ਸੀ।
ਕਿਰਨ, ਰਾਜੇਸ਼ ਨੂੰ ਹੌਲੀ ਹੌਲੀ ਸੰਭਾਲਦੀ ਹੋਈ, ਕਮਰੇ ਵਿੱਚ ਲੈ ਆਈ। ਰਾਜੇਸ਼ ਨੇ ਪਲੰਘ ’ਤੇ
ਬੈਠਦਿਆਂ, ਕਿਰਨ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ। ਉਸ ਦੇ ਸਾਹਮਣੇ, ਆਪਣੇ ਦੋਹੇਂ
ਬੱਚਿਆਂ ਦੇ ਪਿਆਰੇ ਮਾਸੂਮ ਚਿਹਰੇ ਘੁੰਮ ਗਏ। ਉਹਨਾਂ ਵਿੱਚ ਗੁਆਚਿਆ, ਉਹ ਬੋਲਿਆ, “ਕਿਰਨ! ਕਿਰਨ!!
ਮੈਂ ਨਹੀਂ…ਨਹੀਂ ਜਾਣਾ ਟੂਰ ’ਤੇ…ਨਹੀਂ, ਵਾਪਸ ਭੇਜ ਦੇ ਟੈਕਸੀ ਵਾਲੇ ਨੂੰ।” ਤੇ ਆਪਣਾ ਸਿਰ ਕਿਰਨ
ਦੀ ਹਿੱਕ ਵਿੱਚ ਖੁਭੋ ਲਿਆ।
-0-
No comments:
Post a Comment