ਸਰਵਨ ਸਿੰਘ ‘ਪਤੰਗ’
ਕੈਪਟਨ ਹਰਜੀਤ ਸਿੰਘ ਦੀ ਪਿਛਲੇ ਦਿਨੀਂ ਐਕਸੀਡੈਂਟ ਵਿਚ ਮੌਤ ਹੋ ਗਈ
ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੋਂ ਬਾਦ ਪਰਿਵਾਰ, ਰਿਸ਼ਤੇਦਾਰ ਤੇ ਪਿੰਡ ਦੇ
ਪਤਵੰਤੇ ਲੋਕ ਇੱਕਠੇ ਹੋਏ। ਬੈਂਕ ਵਿਚ ਫੀਲਡ ਅਫਸਰ ਲੱਗੀ, ਕੈਪਟਨ ਦੀ ਵਿਧਵਾ ਪਤਨੀ ਮਨਜੀਤ ਸਫੈਦ
ਕੱਪੜੇ ਪਾਈ ਗੁੰਮਸੁੰਮ ਬੈਠੀ
ਸੀ। ਉਸਨੂੰ ਪਤਾ ਸੀ ਕਿ ਇਹ ਇੱਕਠ ਕਿਸ ਲਈ ਹੋਇਆ ਹੈ। ਉਹ ਚਾਹੁੰਦੀ ਤਾਂ ਆਪਣੇ ਭਵਿੱਖ ਸਬੰਧੀ
ਫੈਸਲਾ ਆਪ ਕਰ ਸਕਦੀ ਸੀ। ਪਰ ਹਰਜੀਤ ਦੇ ਪਰਿਵਾਰ ਨੇ ਉਸ ਨੂੰ ਬਹੁਤ ਸਤਿਕਾਰ ਦਿੱਤਾ ਸੀ। ਉਸ ਨੂੰ
ਧਿਆਨ ਵਿਚ ਰੱਖਕੇ ਉਸਨੇ ਫੈਸਲਾ ਪਰਿਵਾਰ ਉੱਤੇ ਛੱਡ ਦਿੱਤਾ ਸੀ।
ਮਨਜੀਤ ਦੀਆਂ ਨਨਾਣਾਂ ਕਈ ਦਿਨਾਂ ਤੋਂ ਉਸ ਨੂੰ ਆਪਣੇ ਵੱਡੇ ਵੀਰ
ਗੁਰਨਾਮ ਸਿੰਘ ਦੇ ਘਰ ਬਹਿ ਜਾਣ ਲਈ ਜ਼ੋਰ ਪਾ ਰਹੀਆਂ ਸਨ। ਗੁਰਨਾਮ ਸਿੰਘ ਸਕੂਲ ਵਿਚ ਅਧਿਆਪਕ ਸੀ
ਤੇ ਸ਼ਾਦੀਸ਼ੁਦਾ ਸੀ। ਗੁਰਨਾਮ ਦੀ ਪਤਨੀ ਦੀ ਰਜ਼ਾਮੰਦੀ ਤੋਂ ਬਾਦ ਫੈਸਲਾ ਹੋਇਆ ਕਿ ਮਨਜੀਤ
ਆਪਣੇ ਜੇਠ ਗੁਰਨਾਮ ਸਿੰਘ ਦੇ ਘਰ ਬੈਠ ਜਾਵੇ।
ਪਰ ਗੁਰਨਾਮ ਫੈਸਲੇ ਨਾਲ ਸਹਿਮਤ ਨਹੀਂ ਸੀ। ਉਹ ਬੋਲਿਆ, “ ਜਿਹੜੀ ਮਨਜੀਤ ਪਿਛਲੇ ਪੰਜ ਵਰ੍ਹਿਆਂ ਤੋਂ ਮੈਨੂੰ ‘ਵੀਰ ਜੀ-ਵੀਰ ਜੀ’ ਕਹਿੰਦੀ ਆ ਰਹੀ ਐ, ਉਹ ਤਾਂ
ਮੇਰੇ ਲਈ ਭੈਣਾਂ ਵਰਗੀ ਐ…ਮੈਂ ਕਿਸ ਤਰ੍ਹਾਂ ਅੱਜ ਉਹਨੂ ਆਪਣੀ ਪਤਨੀ ਮੰਨ ਲਵਾਂ?”
ਉਸਦੀ ਗੱਲ ਸੁਣ ਸਭ ਹੈਰਾਨ ਸਨ। ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ।
ਤਦ ਗੁਰਨਾਮ ਫਿਰ ਬੋਲਿਆ, “ਹਰਜੀਤ ਦੇ ਮਿੱਤਰ ਕੈਪਟਨ ਗੁਰਜੀਤ ਸਿੰਘ ਨੂੰ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਆਂ। ਉਹ ਅਜੇ
ਕੁਆਰੇ ਹਨ। ਜੇਕਰ ਮਨਜੀਤ ਨੂੰ ਮਨਜ਼ੂਰ ਹੋਵੇ ਤਾਂ ਉਹ ਇਸ ਨਾਲ ਵਿਆਹ ਕਰਾਉਣ ਲਈ ਤਿਆਰ ਹਨ।”
ਗੁਰਨਾਮ ਨੇ ਆਪਣੀ ਭੈਣ ਦੀ ਤਰ੍ਹਾਂ ਮਨਜੀਤ ਨੂੰ ਗੁਰਜੀਤ ਸਿੰਘ ਦੇ ਲੜ ਲਾ ਦਿੱਤਾ।
-0-
No comments:
Post a Comment