ਹਰਪ੍ਰੀਤ ਸਿੰਘ ਰਾਣਾ
ਡੀ.ਐਸ.ਪੀ. ਉਜਾਗਰ ਸਿੰਘ ਖੋਸਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਰਖਵਾਇਆ
ਗਿਆ ਤੇ ਭੋਗ ਉਪਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਵੱਡੇ ਸਾਰੇ ਪੰਡਾਲ ਵਿੱਚ ਲੰਗਰ ਛਕਾਇਆ ਗਿਆ। ਲੰਗਰ ਵਿੱਚ
ਭਾਂਤ-ਭਾਂਤ ਦੇ ਸੁਆਦੀ ਪਦਾਰਥ ਛੱਕਦੇ ਹੋਏ ਲੋਕੀ ਡੀ.ਐਸ.ਪੀ. ਦੀ ਸ਼ਰਧਾ ਭਾਵਨਾ ਦੀ ਪ੍ਰਸ਼ੰਸਾ ਕਰ
ਰਹੇ ਸਨ।
ਤਰਕਾਲਾਂ ਵੇਲੇ ਡੀ.ਐਸ.ਪੀ. ਖੋਸਲਾ ਆਪਣੇ ਖਾਸ ਰਿਸ਼ਤੇਦਾਰਾਂ ਨਾਲ ਉਸੀ ਬੈਠਕ ਵਿੱਚ ਬੈਠ ਕੇ
ਵਿਸਕੀ ਅਤੇ ਤੰਦੂਰੀ ਮੁਰਗੇ ਦਾ ਅਨੰਦ ਮਾਣ ਰਿਹਾ ਸੀ ਜਿੱਥੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ।
ਉਸ ਨਾਲ ਬੈਠਾ ਵਿਸਕੀ ਦੇ ਦੋ ਕੁ ਪੈੱਗ ਪੀ ਚੁੱਕਿਆ ਉਸ ਦਾ ਸਾਂਢੂ ਮਾਸਟਰ ਅਵਤਾਰ ਸਿੰਘ ਬੋਲਿਆ, “ਭਾ ਜੀ, ਤੁਸੀਂ ਧੰਨ ਹੋ…ਜੋ ਹਰ ਸਾਲ ਅਖੰਡ ਪਾਠ ਰਖਵਾ ਕੇ ਲੋਕਾਂ ਨੂੰ ਲੰਗਰ
ਛਕਾਉਂਦੇ ਹੋਏ ਪੁੰਨ ਖੱਟਦੇ ਹੋ…ਬੜਾ ਖਰਚਾ ਕਰਦੇ ਹੋ…।”
“ਬੱਸ…ਰੱਬ ਦੀ ਮੇਹਰ ਹੈ…।” ਖੋਸਲਾ ਮਾਣ ਨਾਲ
ਮੁੱਛਾਂ ਨੂੰ ਵੱਟ ਦਿੰਦਿਆਂ ਬੋਲਿਆ ਤੇ ਵਿਸਕੀ ਦਾ ਇੱਕ ਮੋਟਾ ਪੈੱਗ ਇੱਕੋ ਸਾਹੀ ਪੀ ਗਿਆ।
“ਸੱਚੀ ਗੱਲ ਦੱਸਾਂ ਭਾ ਜੀ…ਮੇਰਾ ਵੀ ਬੜਾ ਮਨ ਕਰਦੈ…ਘਰ ਅਖੰਡ
ਪਾਠ ਰਖਵਾਈਏ…ਪਰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ’ਕੱਲੀ ਤਨਖਾਹ ਨਾਲ ਨਿੱਤ ਦੇ ਖਰਚੇ ਹੀ ਮਸਾਂ
ਪੂਰੇ ਹੁੰਦੇ ਨੇ…।” ਮਾਸਟਰ
ਅਵਤਾਰ ਸਿੰਘ ਨੇ ਆਪਣੀ ਬੇਬਸੀ ਜਾਹਰ ਕਰਦਿਆਂ ਅੰਦਰਲੀ ਗੱਲ ਦੱਸ ਦਿੱਤੀ।
“ਓ…ਹੋ…ਅਵਤਾਰ ਸਿਹਾਂ…ਮੇਰੀ ਵੀ ਤਾਂ ’ਕੱਲ਼ੀ ਤਨਖਾਹ ਈ ਹੈਗੀ…ਇਕ
ਭੇਤ ਦੀ ਗੱਲ ਦੱਸਾਂ…?” ਨਸ਼ੇ ਦੇ ਲੋਰ ਵਿੱਚ ਖੋਸਲਾ ਬੋਲਿਆ।
“ਦੱਸੋ ਜੀ…।” ਮਾਸਟਰ ਅਵਤਾਰ ਸਿੰਘ ਸਮੇਤ ਹੋਰ ਰਿਸ਼ਤੇਦਾਰ ਵੀ
ਉਤਸੁਕਤਾ ਜਿਹੀ ਨਾਲ ਬੋਲ ਪਏ।
“ਆਪਣੇ ਅਧੀਨ ਥਾਣਿਆਂ ਦੇ ਮੁਖੀਆਂ ਦੀ ਡਿਊਟੀ ਲਾ ਦੇਈਦੀ…ਭਾਵੇਂ
ਉਹ ਖੁਦ ਕਰਨ ਜਾਂ ਅੱਗੋਂ ਵੰਗਾਰ ਵਿੱਚ ਕਰਵਾਉਣ…ਸਾਰਾ ਇੰਤਜ਼ਾਮ ਉਹੀ ਕਰਦੇ ਨੇ।”
ਨਸ਼ੇ ਵਿੱਚ ਗੜੁੱਚ ਖੋਸਲਾ ਦੇ ਮੂੰਹੋਂ ਸੱਚਾਈ ਦੱਸੀ ਗਈ।
-0-
No comments:
Post a Comment