ਕੁਲਵਿੰਦਰ
ਕੌਸ਼ਲ
“ਕਰਮਿਆਂ, ਮੈਂ ਆਪਣੇ ਅਰਮਾਨਾਂ ਨੂੰ, ਸੁਪਨਿਆਂ ਨੂੰ ਮਾਰ ਕੇ ਮਨ ਸਮਝਾ
ਲਊਂ। ਪਰ…ਇਹ ਕੁਝ ਨਹੀਂ ਮੌਥੋਂ ਹੋਣਾ। ਮੈਂ ਤੇਰੇ ਨਾਲ ਵਿਆਹ ਕੇ ਆਈ ਹਾਂ, ਪਰ ਰਾਤ ਟੁੱਟ ਪੈਣਾ ਜੇਠ…।” ਕਹਿੰਦੀ ਹੋਈ ਮੀਤੋ ਦਾ ਗਲ ਭਰ ਆਇਆ।
“ਦੇਖ ਮੀਤ, ਅੱਜ-ਕੱਲ ਖਰਚੇ ਕਿੰਨੇ ਵਧ ਗਏ ਨੇ ਫਿਰ ਆਪਣੇ ਕੋਲ ਜ਼ਮੀਨ
ਵੀ ਥੋੜ੍ਹੀ।”
“ਮੈਂ ਤੈਨੂੰ ਕੀ ਗੱਲ ਕਹਿੰਦੀ ਹਾਂ ਤੇ ਤੂੰ ਹੋਰ ਖਰਚੇ, ਜ਼ਮੀਨ ਲੈ ਕੇ
ਬੈਠ ਗਿਆ। ਮੈਂ ਕਹਿੰਦੀ ਹਾਂ ਰਾਤ…।” ਕਹਿੰਦੀ ਹੋਈ ਮੀਤੋ ਚੁੱਪ ਕਰ
ਗਈ।
“ਮੈਂ ਜਾਣਦਾਂ ਧਰਮਾ ਛੜਾ-ਮਲੰਗ ਏ, ਹੈ ਤਾਂ ਮੇਰਾ ਭਰਾ ਈ। ਹੁਣ ਆਪਣਾ ਫ਼ਾਇਦਾ ਉਸ ਨੂੰ ਨਾਲ ਰੱਖਣ ਦਾ ਹੈ, ਨਹੀਂ ਤਾਂ ਕੱਲ੍ਹ
ਨੂੰ ਉਹ ਜ਼ਮੀਨ ਵੰਡਣ ਨੂੰ ਰੌਲਾ ਪਾਊ…।” ਕਰਮੇ ਨੇ ਗੱਲ ਤਾਂ ਪੂਰੀ ਕਰ ਦਿੱਤੀ, ਪਰ ਉਸ ਨੂੰ
ਲੱਗਿਆ ਜਿਵੇਂ ਉਹ ਧਰਤੀ ਵਿੱਚ ਗੱਡਿਆ ਗਿਆ ਹੋਵੇ।
‘ਜ਼ਮੀਨ, ਵੰਡ, ਰੋਟੀ’ ਇਹ ਸ਼ਬਦ ਮੀਤੋ ਦੇ ਹਥੌੜੇ ਵਾਂਗ ਵੱਜੇ। ਉਹ ਬਹੁਤ ਕੁਝ
ਕਹਿਣਾ ਚਾਹੁੰਦੀ ਸੀ, ਪਰ ਏਨਾ ਹੀ ਬੋਲ ਸਕੀ, “ਕਰਮਿਆਂ, ਮੈਂ ਤਾਂ ਜ਼ਮੀਨ ਨਹੀਂ…।”
-0-