ਸ਼ਿਆਮ ਸੁੰਦਰ ਅਗਰਵਾਲ
ਕਮਰੇ ਦਾ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਿਆ ਤਾਂ ਕਿਸ਼ੋਰ ਚੰਦ ਜੀ ਅੰਦਰ ਤਕ ਕੰਬ ਗਏ।
ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਵਧਾਨੀ ਵਰਤੀ ਸੀ। ਸਵੇਰੇ ਆਮ ਨਾਲੋਂ ਇੱਕ ਘੰਟਾ ਪਹਿਲਾਂ ਹੀ ਉੱਠ
ਗਏ ਸਨ। ਟੂਥਬ੍ਰਸ਼ ਬਹੁਤ ਹੌਲੇ-ਹੌਲੇ ਕੀਤਾ ਤਾਕਿ ਥੋੜੀ ਜਿਹੀ ਆਵਾਜ਼ ਵੀ ਨਾ ਹੋਵੇ।
ਰਸੋਈਘਰ ਵਿੱਚ ਚਾਹ ਬਣਾਉਂਦੇ ਸਮੇਂ ਵੀ ਕੋਈ ਖੜਕਾ ਨਾ ਹੋਵੇ, ਇਸ ਗੱਲ ਦਾ ਖਾਸ ਧਿਆਨ ਰੱਖਿਆ। ਫਿਰ ਵੀ…।
ਸੱਤਰ ਵਰ੍ਹਿਆਂ ਦੀ ਉਮਰ ਵਿੱਚ
ਹੁਣ ਇੰਨੀ ਫੁਰਤੀ ਤਾਂ ਸੀ ਨਹੀਂ ਕਿ ਨੂੰਹ ਦੇ ਦੇਖਣ ਤੋਂ ਪਹਿਲਾਂ ਹੀ ਕਿਸੇ ਤਰ੍ਹਾਂ ਟ੍ਰੇ ਤੇ
ਚਾਹ ਦੇ ਕੱਪਾਂ ਨੂੰ ਲੁਕੋ ਦਿੰਦੇ।
ਨੂੰਹ ਉਹਨਾਂ ਦੇ ਸਾਹਮਣੇ ਆਣ ਖੜੀ ਹੋਈ ਸੀ, “ਬਾਊ ਜੀ, ਕੀ ਗੱਲ ਅੱਜ ਚਾਹ ਦੇ ਦੋ ਕੱਪ?”
“ਨਹੀਂ ਪੁੱਤ! ਚਾਹ ਤਾਂ ਇਕ ਈ ਕੱਪ
ਬਣਾਈ ਸੀ, ਉਸ ਨੂੰ ਹੀ ਦੋ ਕੱਪਾਂ ’ਚ ਪਾ ਲਿਆ।” ਗਲੇ ਵਿੱਚੋਂ ਡਰੀ ਜਿਹੀ
ਆਵਾਜ਼ ਨਿਕਲੀ।
“ਤੇ ਬਾਊ ਜੀ, ਆਹ ਟੁੱਟੀ ਹੋਈ ਟ੍ਰੇ! ਤੁਸੀਂ ਇਸ ਨੂੰ ਵਾਰ-ਵਾਰ ਨਾ ਵਰਤੋਂ, ਇਸ ਲਈ ਮੈਂ ਇਹਨੂੰ ਡਸਟਬਿਨ ’ਚ ਸੁੱਟਤਾ ਸੀ। ਉੱਥੋਂ ਵੀ ਕੱਢਲੀ
ਤੁਸੀਂ?”
“ਉਹ ਕੀ ਐ ਪੁੱਤ…” ਉਹਨਾਂ ਤੋਂ ਕੁਝ ਕਹਿੰਦੇ ਨਹੀਂ ਬਣਿਆ। ਫਿਰ ਥੋੜਾ ਰੁਕ ਕੇ ਬੋਲੇ, “ਮੈਂ ਇਸ ਨੂੰ ਸਾਬਣ ਨਾਲ ਚੰਗੀ
ਤਰ੍ਹਾਂ ਧੋ ਲਿਆ ਸੀ।”
ਅਚਾਣਕ ਪਤਾ ਨਹੀਂ ਕੀ ਹੋਇਆ ਕਿ
ਨੂੰਹ ਦੀ ਆਵਾਜ਼ ਕੁਝ ਨਰਮ ਪੈ ਗਈ, “ਬਾਊ ਜੀ, ਇਸ ਟੁੱਟੀ ਹੋਈ ਟ੍ਰੇ ’ਚ ਕੀ ਖਾਸ ਐ, ਮੈਨੂੰ ਵੀ ਪਤਾ ਲੱਗੇ।”
ਸਿਰ ਝੁਕਾਈ ਬੈਠੇ ਕਿਸ਼ੋਰ ਚੰਦ ਜੀ
ਬੋਲੇ, “ਪੁੱਤਰ! ਇਹ ਟ੍ਰੇ ਤੇਰੀ ਸੱਸ ਨੂੰ ਬਹੁਤ
ਪਸੰਦ ਸੀ। ਇਸ ਲਈ ਅਸੀਂ ਸਦਾ ਇਹੀ ਟ੍ਰੇ ਵਰਤਦੇ ਸੀ। ਦੋਨੋਂ ਸ਼ੂਗਰ ਦੇ ਮਰੀਜ ਰਹੇ। ਪਰ ਲਾਜਵੰਤੀ
ਨੂੰ ਫਿੱਕੀ ਚਾਹ ਚੰਗੀ ਨਹੀਂ ਲਗਦੀ ਸੀ। ਉਹਦੀ ਚਾਹ ਥੋੜੀ ਮਿੱਠੀ ਹੁੰਦੀ ਸੀ। ਇਸ ਟ੍ਰੇ ਦੇ
ਦੋਨੋਂ ਪਾਸੇ ਫੁੱਲ ਬਣੇ ਹੋਏ ਹਨ, ਇੱਕ ਪਾਸੇ ਵੱਡਾ, ਦੂਜੇ ਪਾਸੇ ਛੋਟਾ। ਚਾਹ ਸਾਡੇ ’ਚੋਂ ਕੋਈ ਵੀ ਬਣਾਉਂਦਾ, ਉਹਦਾ ਚਾਹ ਵਾਲਾ ਕੱਪ ਵੱਡੇ ਫੁੱਲ ਵਾਲੇ ਪਾਸੇ ਰੱਖਿਆ ਜਾਂਦਾ, ਤਾਕਿ ਪਛਾਣ ਰਵੇ।”
“ਪਰ ਅੱਜ ਇਹ ਦੋ ਕੱਪ?”
“ਅੱਜ ਸਾਡੇ ਵਿਆਹ ਦੀ ਵਰ੍ਹੇਗੰਢ
ਹੈ। ਇਸ ਵੱਡੇ ਫੁੱਲ ਵੱਲ ਰੱਖੀ ਅੱਧਾ ਕੱਪ ਚਾਹ ਵਿਚ ਮਿੱਠਾ ਪਾ ਕੇ ਲਿਆਇਆ ਹਾਂ… ਲੱਗ ਰਿਹੈ ਜਿਵੇਂ ਉਹ
ਸਾਹਮਣੇ ਬੈਠੀ ਪੁੱਛ ਰਹੀ ਐ–ਮੇਰੀ ਚਾਹ ’ਚ ਖੰਡ ਪਾ ਕੇ ਲਿਆਏ ਹੋ ਨਾ?” ਕਹਿੰਦੇ ਹੋਏ ਕਿਸ਼ੋਰ ਚੰਦ ਜੀ ਦਾ ਗਲ ਭਰ ਆਇਆ।
ਥੋੜੀ ਦੇਰ ਕਮਰੇ ਵਿੱਚ ਚੁੱਪ ਪਸਰੀ
ਰਹੀ। ਕਿਸ਼ੋਰ ਚੰਦ ਨੇ ਚਾਹ ਦੇ ਕੱਪ ਟ੍ਰੇ ਵਿੱਚੋਂ ਚੁੱਕ ਕੇ ਮੇਜ ਉੱਤੇ ਰੱਖ ਦਿੱਤੇ। ਫੇਰ ਟ੍ਰੇ
ਉਠਾ ਕੇ ਨੂੰਹ ਵੱਲ ਵਧਾਉਂਦੇ ਹੋਏ ਕਿਹਾ, “ਲੈ ਪੁੱਤ! ਇਹਨੂੰ ਡਸਟਬਿਨ ’ਚ ਸੁੱਟ ਦੇ। ਟੁੱਟੀ ਹੋਈ ਟ੍ਰੇ ਘਰ ’ਚ ਚੰਗੀ ਨਹੀਂ ਲਗਦੀ।”
ਨੂੰਹ ਤੋਂ ਟ੍ਰੇ ਫੜੀ ਨਹੀਂ ਗਈ। ਉਹਨੇ ਸਹੁਰੇ ਵੱਲ
ਦੇਖਿਆ। ਬੁੱਢੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।
-0-
No comments:
Post a Comment