ਰਮੇਸ਼ ਤਾਂਗੜੀ
ਸਕੂਲ ਦੇ ਅੱਧ ਤੋਂ ਵੱਧ ਵਿਦਿਆਰਥੀ ਅੱਜ ਸਵੇਰ ਤੋਂ ਹੀ
ਗੈਰ-ਹਾਜ਼ਰ ਸਨ। ਕੁਝ ਹੋਰ ਅੱਧੀ ਛੁੱਟੀ ਤੋਂ ਬਾਅਦ ਨਾ ਆਏ। ਹੁਣ ਬਹੁਤ ਘੱਟ ਬੱਚੇ ਹੀ ਬਾਕੀ ਰਹਿ
ਗਏ ਸਨ।
ਵਿਹਲੇ ਹੋਏ ਮਾਸਟਰ ਕੁਰਸੀਆਂ ਜੋੜ ਕੇ ਬਾਹਰ ਦਰੱਖਤਾਂ
ਹੇਠ ਗੱਪਾਂ ਮਾਰਨ ਲੱਗੇ ਸਨ।
“ਯਾਰ…ਆਹ ਜੁਆਕਾਂ ਨੇ ਬੜਾ ਲਹੂ ਪੀਤੈ…ਚੌਥੇ ਕੁ ਦਿਨ ਅੱਧੀ
ਛੁੱਟੀ ਮਨਾ ਲੈਂਦੇ ਐ…ਕੋਈ ਅਨੁਸ਼ਾਸਨ ਹੀ ਨਹੀਂ ਰਿਹਾ…।” ਸਾਇੰਸ ਮਾਸਟਰ ਨੇ ਜਿਵੇਂ
ਭੜਾਸ ਕੱਢੀ।
“ਹਾਂ… ਯਾਰ… ਇੱਕ ਤਾਂ ਸਰਕਾਰ ਪਹਿਲਾਂ ਈ
ਬਥੇਰੀਆਂ ਛੁੱਟੀਆਂ ਕਰਦੀ ਐ… ਤੇ ਦੂਜਾ ਆਹ ਕਲਾਕਾਰ ਜੇ ਰੋਜ਼ ਕਿਤੇ ਨਾ ਕਿਤੇ ’ਖਾੜੇ ਲਾਈ ਰੱਖਦੇ ਨੇ…।”
“ਭੱਠਾ ਬਹਿ ਗਿਆ ਪੜ੍ਹਾਈ ਦਾ ਤੇ ਨਾ
ਰਿਹੈ ਅਨੁਸ਼ਾਸਨ…।” ਡੀ.ਐਮ. ਨੇ ਦੂਜੇ ਦੀ ਹਾਂ ਵਿੱਚ
ਹਾਂ ਮਿਲਾਈ।
ਇਸ ਦੌਰਾਨ ਸੇਵਾਦਾਰ ਪ੍ਰਿੰਸੀਪਲ
ਦਾ ਹੁਕਮ ਲਈ ਮਾਸਟਰਾਂ ਕੋਲ ਆ ਗਿਆ ਸੀ।
“ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ
ਦੀ ਹਾਜ਼ਰੀ ਲਗਾ ਕੇ ਗੈਰ-ਹਾਜ਼ਰਾਂ ਦੇ ਰੋਲ ਨੰਬਰ ਦਫਤਰ ਭੇਜੇ ਜਾਣ…।” ਐਸ.ਐਲ.ਏ. ਨੇ ਹੁਕਮ ਸਾਰਿਆਂ ਨੂੰ ਪੜ੍ਹ ਕੇ ਸੁਣਾਇਆ।
“ਲੈ ਮੱਲੋ ਭੇਜਤਾ ਹੁਕਮ…ਬਸ ਹੁਣ ਸਾਰਿਆਂ ਨੂੰ
ਫਾਹੇ ਲਾ ਕੇ ਹਟੂ…ਜਾਗ ਪਿਆ ਅਨੁਸ਼ਾਸਨ…।” ਪੰਜਾਬੀ ਮਾਸਟਰ ਨੇ
ਪ੍ਰਿੰਸੀਪਲ ਤੇ ਟਕੋਰ ਕੀਤੀ।
ਫਿਰ ਹਾਜ਼ਰ ਵਿਦਿਆਰਥੀ ਮਾਸਟਰਾਂ
ਨੂੰ ਆਖ ਰਹੇ ਸਨ, “ਸਰ…ਸਾਰੇ ਭੱਜਗੇ…।”
“ਹਾਂ ਸਰ, ਅਸੀਂ ਵੀ ਦਸ ਕੁ ਰਹਿ
ਗਈਆਂ ਤੇ ਨਾ ਹੀ ਸਵੇਰ ਦਾ ਕੋਈ ਪੀਰੀਅਡ ਲੱਗਿਐ…ਸਰ ਸਾਨੂੰ ਵੀ ਭੇਜ ਦਿਓ…!” ਲੜਕੀਆਂ ਨੇ ਵੀ ਮੰਗ ਕੀਤੀ।
“ਇੰਜ ਕਿਵੇਂ ਹੋ ਸਕਦੈ…। ਅਸੀਂ ਕਿਵੇਂ ਤੋੜ ਸਕਦੇ
ਹਾਂ ਅਨੁਸ਼ਾਸਨ…ॽ” ਡੀ.ਪੀ. ਮਾਸਟਰ ਧੌਣਾ
ਸਿੰਘ ਨੇ ਰੋਅਬ ਛਾਂਟਿਆ।
ਸਹਿਮੇ ਬੱਚੇ ਤੁਰਨ ਲੱਗੇ ਤਾਂ
ਸਕੂਲ ਦੇ ਇੱਕ ਪ੍ਰਭਾਵੀ ਮਾਸਟਰ ਨੇ ਉਹਨਾਂ ਨੂੰ ਹੌਲੀ ਦੇਣੇ ਕਿਹਾ, “ਓ ਭਾਈ…ਇਹ ਗੱਲਾਂ ਆਏਂ ਨੀ ਪੁੱਛਿਆ ਕਰਦੇ…ਅਸੀਂ ਆਪਣੇ ਮੂੰਹੋਂ ਇਹ
ਖੁੱਲ੍ਹੇ ਐਲਾਨ ਕਿਵੇਂ…ॽ ਅੱਛਾ ਜੇ ਜਾਣੈ ਤਾਂ…ਜਰਾ ਅੱਖ ਬਚਾ ਕੇ…ਦੋ-ਦੋ, ਚਾਰ-ਚਾਰ ਦੀਆਂ
ਟੋਲੀਆਂ ’ਚ ਚੁੱਪਚਾਪ ਗੇਟ ਲੰਘ ਜਾਓ…।”
ਬੱਚੇ ਹੌਲੀ ਦੇਣੇ ਸਕੂਲੋਂ ਖਿਸਕਣ
ਲੱਗੇ। ਮਾਸਟਰਾਂ ਨੇ ਕੁਰਸੀਆਂ ਗੇਟ ਤੋਂ ਉਹਲੇ ਕਰ ਲਈਆਂ ਸਨ। ਸਕੂਲ ਖਾਲੀ ਹੋ ਗਿਆ। ਪ੍ਰਿੰਸੀਪਲ
ਨੇ ਸਾਰੀਆਂ ਜਮਾਤਾਂ ਦਾ ਚੱਕਰ ਲਗਾਇਆ ਤੇ ਫਿਰ ਉਸਨੇ ਸਕੂਲ ਅਨੁਸ਼ਾਸਨ ਦੇ ਸਬੰਧ ਵਿੱਚ ਆਪਣੇ ਦਫਤਰ
ਸਟਾਫ ਦੀ ਹੰਗਾਮੀ ਮੀਟਿੰਗ ਸੱਦ ਲਈ ਸੀ।
-0-
No comments:
Post a Comment